ਅਲਕਾਇਦਾ ਤੋਂ ਵੱਖ ਹੋਇਆ ਸੀਰੀਆ ਦਾ ਨੁਸਰਾ ਫਰੰਟ

ਦਮਿਕਸ਼, 29 ਜੁਲਾਈ (ਸ.ਬ) ਸੀਰੀਆ ਦੇ ਜੇਹਾਦੀ ਗਰੁੱਪ ਜਬਹਾਤ ਅਲ ਨੁਸਰਾ ਨੇ ਅਲਕਾਇਦਾ ਨਾਲੋਂ ਵੱਖ ਹੋਣ ਦਾ ਐਲਾਨ ਕੀਤਾ ਹੈ| ਇਹ ਸੰਗਠਨ ਨੁਸਰਾ ਫਰੰਟ ਨਾਂ ਨਾਲ ਵੀ ਜਾਣਿਆ ਜਾਂਦਾ ਹੈ|
ਸੰਗਠਨ ਦੇ ਨੇਤਾ ਅਬੂ ਮੁਹੰਮਦ ਇਲ ਜੁਲਾਨੀ ਨੇ ਆਪਣੇ ਰਿਕਾਰਡ ਕੀਤੇ ਸੰਦੇਸ਼ ਵਿਚ ਕਿਹਾ ਕਿ ਸੰਗਠਨ ਦਾ ਨਾਂ ਜਬਹਾਤ ਫਤਿਹ ਅਲ ਸ਼ਾਮ ਹੋਵੇਗਾ| ਇਸ ਦਾ ਮਤਲਬ ਹੈ ਸੀਰੀਆ ਤੇ ਜਿੱਤ ਹਾਸਲ ਕਰਨ ਲਈ ਬਣਾਇਆ ਗਿਆ ਫਰੰਟ| ਜਿਕਰਯੋਗ ਹੈ ਕਿ ਇਹ ਸੰਗਠਨ ਸੀਰੀਆ ਵਿਚ ਸੰਘਰਸ਼ ਕਰ ਰਹੇ ਦੂਜੇ ਇਸਲਾਮੀ ਕੱਟੜਪੰਥੀ ਸੰਗਠਨਾਂ ਨਾਲ ਕਰੀਬੀ ਗੰਠਜੋੜ ਬਣਾਉਣ ਦੀ ਉਮੀਦ ਵਿਚ ਹੈ| ਅਲਕਾਇਦਾ ਵਿਚ ਦੂਜੇ ਨੰਬਰ ਦੇ ਨੇਤਾ ਅਹਿਮਦ ਹਸਨ ਅਬੂ ਅਲ ਖੈਰ ਨੇ ਨੁਸਰਾ ਫਰੰਟ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਸੀ|
ਬੀਤੇ ਐਤਵਾਰ ਨੂੰ ਅਲ ਖੈਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਸੰਗਠਨ ਨੇ ਨੁਸਰਾ ਫਰੰਟ ਦੀ ਅਗਵਾਈ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸੀਰੀਆ ਵਿਚ ਇਸਲਾਮ ਅਤੇ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਜੇਹਾਦ ਨੂੰ ਬਚਾਉਣ ਲਈ ਅੱਗੇ ਵਧਣ| ਉਨ੍ਹਾਂ ਕਿਹਾ ਕਿ ਇਹ ਫੈਸਲਾ ਕੌਮਾਂਤਰੀ ਭਾਈਚਾਰੇ, ਖਾਸ ਕਰਕੇ ਅਮਰੀਕਾ ਅਤੇ ਰੂਸ ਵਲੋਂ ਲਗਾਤਾਰ ਕੀਤੀ ਜਾ ਰਹੀ ਬੰਬਾਰੀ ਅਤੇ ਅਲ ਨੁਸਰਾ ਫਰੰਟ ਤੇ ਬੰਬਾਰੀ ਦੇ ਬਹਾਨੇ ਸੀਰੀਆ ਦੇ ਮੁਸਲਿਮ ਭਾਈਚਾਰੇ ਨੂੰ ਉਜਾੜਨ ਲਈ ਕੀਤੇ ਗਏ ਧੋਖੇ ਨੂੰ ਸਾਹਮਣੇ ਲਿਆਉਣ ਲਈ ਕੀਤਾ ਗਿਆ ਹੈ| ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਰੂਸ ਦੀ ਫੌਜੀ ਕਾਰਵਾਈ ਤੇਜ਼ ਹੋਣ ਤੋਂ ਬਾਅਦ ਨੁਸਰਾ ਫਰੰਟ ਨੇ ਖੁਦ ਨੂੰ ਨਵੀਂ ਪਛਾਣ ਦੇਣ ਦਾ ਫੈਸਲਾ ਕੀਤਾ ਹੈ| ਜਿਕਰਯੋਗ ਹੈ ਕਿ ਬੀਤੇ ਹਫਤੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਅਤੇ ਰੂਸੀ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਨੇ ਕਿਹਾ ਸੀ ਕਿ ਉਹ ਨੁਸਰਾ ਫਰੰਟ ਅਤੇ ਕਥਿਤ ਇਸਲਾਮਿਕ ਸਟੇਟ ਵਰਗੇ ਸੰਗਠਨਾਂ ਨਾਲ ਮੁਕਾਬਲੇ ਲਈ ਠੋਸ ਕਦਮ ਚੁਕੇ ਜਾਣ ਤੇ ਸਹਿਮਤ ਹਨ|

Leave a Reply

Your email address will not be published. Required fields are marked *