ਅਲਬਰਟਾ ਵਿੱਚ ਲਾਪਤਾ ਹੋਏ 4 ਸ਼ਿਕਾਰੀ, ਵੱਡੇ ਪੱਧਰ ਤੇ ਚਲ ਰਹੀ ਹੈ ਭਾਲ

ਫੋਰਟ ਚਿੱਪਵੇਅਨ, 28 ਅਪ੍ਰੈਲ (ਸ.ਬ.) ਅਲਬਰਟਾ ਵਿੱਚ 4 ਸ਼ਿਕਾਰੀ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਇਹ ਚਾਰੋ ਸ਼ਿਕਾਰੀ ਬਾਹਰੀ ਇਲਾਕਿਆਂ ਵਿੱਚ ਕੰਮ ਕਰਨ ਵਿੱਚ ਮਾਹਰ ਹਨ ਪਰ ਇਸ   ਸਮੇਂ ਉਥੇ ਬਹੁਤ ਠੰਡ ਹੈ ਇਸ ਲਈ ਉਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ| ਪੁਲੀਸ ਤੇ ਪਾਰਕਸ ਕੈਨੇਡਾ ਵੱਲੋਂ ਚਾਰ ਸ਼ਿਕਾਰੀਆਂ ਦੀ ਉਤਰੀ-ਪੂਰਬੀ ਅਲਬਰਟਾ ਵਿੱਚ ਤਲਾਸ਼ ਕੀਤੀ ਜਾ ਰਹੀ ਹੈ|
ਪੁਲੀਸ ਦਾ ਕਹਿਣਾ ਹੈ ਕਿ ਖੋਜਕਾਰੀਆਂ ਵੱਲੋਂ ਅਜਿਹੀਆਂ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਸੋਨਾਰ ਵੀ ਲੱਗੇ ਹੋਏ ਹਨ ਤਾਂ ਕਿ ਫੋਰਟ ਚਿੱਪਵੇਅਨ ਦੇ ਉਤਰ ਵੱਲ ਰੋਚਰ ਨਦੀ ਦੇ ਪਾਣੀ ਦੀ ਸਤਹਿ ਤੋਂ ਵੀ ਹੇਠਾਂ ਵੇਖਿਆ ਜਾ ਸਕੇ|
ਆਰਸੀਐਮਪੀ ਕਾਰਪੋਰਲ (ਪੁਲੀਸ) ਰੋਨਾਲਡ ਬੰਬਰੀ ਨੇ ਦੱਸਿਆ ਕਿ ਜ਼ਮੀਨ ਉਤੇ ਇਨ੍ਹਾਂ ਵਿਅਕਤੀਆਂ ਦੀ ਭਾਲ ਨਹੀਂ ਹੋ ਸਕੀ| ਇਸ ਲਈ ਇਨ੍ਹਾਂ ਨੂੰ ਪਾਣੀ ਵਿੱਚ ਲੱਭਿਆ ਜਾ ਰਿਹਾ ਹੈ| ਜ਼ਿਕਰਯੋਗ ਹੈ ਕਿ ਇਹ ਸਾਰੇ ਸ਼ਿਕਾਰੀ ਐਤਵਾਰ ਰਾਤ ਨੂੰ ਕਿਸ਼ਤੀ ਵਿੱਚ ਸ਼ਿਕਾਰ ਉਤੇ ਨਿਕਲੇ ਸਨ ਤੇ ਇਹ ਕਿਸ਼ਤੀ ਬਾਅਦ ਵਿੱਚ ਵੁੱਡ ਬਫਲੋ ਨੈਸ਼ਨਲ ਪਾਰਕ ਵਿੱਚੋਂ ਵਗਣ ਵਾਲੀ ਨਹਿਰ ਵਿੱਚੋਂ ਮਿਲੀ ਸੀ| ਠੰਡ ਕਾਰਨ ਨਦੀ ਦੇ ਕਾਫੀ ਹਿੱਸੇ ਵਿੱਚ ਬਰਫ ਜੰਮ ਗਈ ਹੈ|
70 ਤੋਂ ਵੀ ਵਧ ਲੋਕ ਦੂਰ-ਦਰਾਜ ਦੇ ਇਸ ਇਲਾਕੇ ਵਿੱਚ ਇਨ੍ਹਾਂ ਸ਼ਿਕਾਰੀਆਂ ਨੂੰ ਭਾਲ ਰਹੇ ਹਨ, ਇਹ ਸੰਘਣਾ ਜੰਗਲੀ ਇਲਾਕਾ ਹੈ| ਇਨ੍ਹਾਂ ਸ਼ਿਕਾਰੀਆਂ ਦੀ ਤਲਾਸ਼ ਵਿੱਚ ਫੋਰਟ ਮੈਕਮਰੀ ਤੋਂ ਅਮਲਾ ਮੈਂਬਰ, ਇੱਕ ਡੌਗ ਟੀਮ ਤੇ ਤਿੰਨ ਹੈਲੀਕਾਪਟਰ ਵੀ ਲੱਗੇ ਹੋਏ ਹਨ| ਬੰਬਰੀ ਨੇ ਆਖਿਆ ਕਿ ਲਾਪਤਾ ਸ਼ਿਕਾਰੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ| ਅਜੇ ਤੱਕ ਕਿਸੇ ਦੇ ਨਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ|

Leave a Reply

Your email address will not be published. Required fields are marked *