ਅਲਬਾਨੀਆ : ਸੰਸਦ ਵਿੱਚ ਪ੍ਰਧਾਨ ਮੰਤਰੀ ਤੇ ਸੁੱਟਿਆ ਗਿਆ ਆਟਾ ਤੇ ਅੰਡੇ

ਟਿਰਾਨਾ, 13 ਅਪ੍ਰੈਲ (ਸ.ਬ.) ਅਲਬਾਨੀਆ ਦੇਸ਼ ਦੀ ਸੰਸਦ ਵਿਚ ਬੀਤੇ ਦਿਨੀਂ ਨਜ਼ਾਰਾ ਹੈਰਾਨ ਕਰ ਦੇਣ ਵਾਲਾ ਸੀ| ਇੱਥੇ ਵਿਰੋਧੀ ਧਿਰ ਦੇ ਨਾਰਾਜ਼ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਐਦੀ ਰਮਾ ਅਤੇ ਹੋਰ ਕੈਬਨਿਟ ਮੰਤਰੀਆਂ ਤੇ ਦੇਸ਼ ਦੇ ਪਹਿਲੇ ਟੋਲ ਰੋਡ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਦੀਆਂ ਗ੍ਰਿਫਤਾਰੀਆਂ ਦੀ ਚਰਚਾ ਦੌਰਾਨ ਅੰਡੇ ਸੁੱਟੇ| ਕੁਝ ਸੰਸਦ ਮੈਂਬਰਾਂ ਨੇ ਅੰਡਿਆਂ ਦੇ ਨਾਲ-ਨਾਲ ਆਟਾ ਵੀ ਸੁੱਟਿਆ|
ਕੋਸੋਵੋ ਨਾਲ ਲੱਗਦੀ ਸੀਮਾ ਤੇ ਅਲਬਾਨੀਆ ਦੇ ਨਵੇਂ ਹਾਈਵੇ ਤੇ ਟੋਲ ਲਗਾਉਣ ਨਾਲ ਦੇਸ਼ ਦੀ ਰਾਜਨੀਤੀ ਵਿਚ ਭੂਚਾਲ ਆ ਗਿਆ ਹੈ|
31 ਮਾਰਚ ਨੂੰ ਹਾਈਵੇ ਤੇ ਟੋਲ ਲਗਾਉਣ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਪਈ ਸੀ ਅਤੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਇਸ ਗ੍ਰਿਫਤਾਰੀ ਵਿਰੁੱਧ 11 ਅਪ੍ਰੈਲ ਨੂੰ ਵਿਰੋਧੀ ਸੰਸਦ ਮੈਂਬਰ ਨੇ ਸੰਸਦ ਦਾ ਕੰਮ ਠੱਪ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਬੋਲਣ ਨਾ ਦੇਣ ਦਾ ਫੈਸਲਾ ਲਿਆ| ਕੱਲ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੰਸਦ ਮੈਂਬਰਾਂ ਵਿਚ ਬਹਿਸ ਛਿੜ ਗਈ ਅਤੇ ਵਿਰੋਧੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਰਾਮਾ ਅਤੇ ਹੋਰ ਮੰਤਰੀਆਂ ਤੇ ਆਟਾ ਅਤੇ ਅੰਡੇ ਸੁੱਟਣੇ ਸ਼ੁਰੂ ਕਰ ਦਿੱਤੇ|
ਇਸ ਮਗਰੋਂ ਵਿਰੋਧੀ ਸੰਸਦ ਮੈਂਬਰਾਂ ਨੂੰ ਸੁਰੱਖਿਆ ਗਾਰਡ ਚੁੱਕ ਕੇ ਬਾਹਰ ਲੈ ਗਏ| ਜਾਣਕਾਰੀ ਮੁਤਾਬਕ ਹੁਣ 7 ਵਿਰੋਧੀ ਸੰਸਦ ਮੈਂਬਰਾਂ ਨੂੰ ਅਗਲੇ 10 ਦਿਨ ਲਈ ਸੰਸਦੀ ਦੀ ਕਾਰਵਾਈ ਵਿਚ ਭਾਗ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ|

Leave a Reply

Your email address will not be published. Required fields are marked *