ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 20 ਭੇਡਾਂ ਦੀ ਮੌਤ, 20 ਗੰਭੀਰ ਜਖਮੀ

ਰਾਜਪੁਰਾ, 11 ਫਰਵਰੀ (ਅਭਿਸ਼ੇਕ ਸੂਦ) ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪੈਂਦੇ ਪਿੰਡ ਬਾਸਮਾਂ ਵਿੱਚ ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਇਕ ਵਿਅਕਤੀ ਦੀਆਂ 20 ਭੇਡਾਂ ਮਾਰ ਦਿੱਤੀਆਂ ਜਦੋਂਕਿ 20 ਹੋਰ ਭੇਡਾਂ ਨੂੰ ਗੰਭੀਰ ਜਖਮੀ ਕਰ ਦਿੱਤਾ| ਪਿੰਡ ਬਾਸਮਾਂ ਦੇ ਵਸਨੀਕ ਸਿੰਗਾ ਰਾਮ ਨੇ ਦੱਸਿਆ ਕਿ ਉਹ ਭੇਡਾਂ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ| ਉਹ ਹਰ ਰੋਜ ਭੇਡਾਂ ਦੇ ਵਾੜੇ ਵਿੱਚ ਹੀ ਸੌਂਦਾ ਸੀ| ਅੱਜ ਸਵੇਰੇ 4 ਵਜੇ ਉਹ ਆਪਣੇ ਘਰ ਚਾਹ ਪੀਣ ਲਈ ਗਿਆ, ਤਾਂ ਉਸ ਦੇ ਪਿਛੋਂ ਅਵਾਰਾ ਕੁੱਤਿਆਂ ਨੇ ਵਾੜੇ ਵਿੱਚ ਆ ਕੇ ਉਸ ਦੀਆਂ ਭੇਡਾਂ ਤੇ ਹਮਲਾ ਕਰ ਦਿੱਤਾ| ਆਵਾਰਾ ਕੁਤਿਆਂ ਦੇ ਹਮਲੇ ਦੌਰਾਨ ਉਸਦੀਆਂ 20 ਭੇਡਾਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਭੇਡਾਂ ਗੰਭੀਰ ਜਖਮੀ ਹੋ ਗਈਆਂ|
ਉਸਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਉਸਦੀ ਭੇਡਾਂ ਦੇ ਮਰਨ ਤੇ ਜਖਮੀ ਹੋਣ ਕਾਰਨ ਉਸਦਾ ਕਰੀਬ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ| ਉਸਨੇ ਦੱਸਿਆ ਕਿ ਇਹ ਭੇਡਾਂ ਵੇਚ ਕੇ ਉਸਨੇ ਅਗਲੇ ਮਹੀਨੇ ਆਪਣੀ ਲੜਕੀ ਦਾ ਵਿਆਹ ਕਰਨਾ ਸੀ ਪਰ ਹੁਣ ਭੇਡਾਂ ਦਾ ਮਾਰੇ ਜਾਣ ਤੇ ਜਖਮੀ ਹੋਣ ਨਾਲ ਲੜਕੀ ਦੇ ਵਿਆਹ ਦੀ ਵੱਡੀ ਚਿੰਤਾ ਖੜੀ ਹੋ ਗਈ ਹੈ| ਉਸਨੇ ਮੰਗ ਕੀਤੀ ਕਿ ਉਸ ਨੂੰ ਇਸ ਨੁਕਸਾਨ ਦਾ ਯੋਗ ਮੁਆਵਜਾ ਦਿਤਾ ਜਾਵੇ|
ਇਸ ਮੌਕੇ ਪਿੰਡ ਦੇ ਸਰਪੰਚਤਰਸੇਮ ਲਾਲ ਨੇ ਕਿਹਾ ਕਿ ਇਸ ਪਿੰਡ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹ ਕੁੱਤੇ ਬਹੁਤ ਖੂੰਖਾਰ ਹੋ ਚੁੱਕੇ ਹਨ| ਇਹਨਾਂ ਕੁਤਿਆਂ ਕਾਰਨ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁਕੇ ਹਨ| ਉਹਨਾਂ ਕਿਹਾ ਕਿ ਪੀੜਤ ਵਿਅਕਤੀ ਨੂੰ ਸਰਕਾਰ ਵਲੋਂ 5 ਲੱਖ ਰੁਪਏ ਮੁਆਵਜਾ ਦੇਣਾ ਚਾਹੀਦਾ ਹੈ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਹਲ ਕਰਨੀ ਚਾਹੀਦੀ ਹੈ| ਇਸ ਮੌਕੇ ਪਿੰਡ ਵਾਸੀਆਂ ਸੁਖਦਰਸ਼ਨ ਸਿੰਘ ਸੁੱਖਾ, ਸੁਖਚੈਨ ਸਿੰਘ ਬਾਸਮਾਂ, ਪਾਲਾ ਸਿੰਘ ਨੇ ਵੀ ਪ੍ਰਸਾਸ਼ਨ ਕੋਲੋਂ ਗਰੀਬ ਪੀੜਤ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *