ਅਸਤੀਫਾ ਦੇ ਕੇ ਰਾਜਨੀਤਿਕ ਸੰਕਟ ਵਿੱਚ ਤਾਂ ਨਹੀਂ ਫਸ ਗਈ ਹੈ ਮਾਇਆਵਤੀ

ਬੀਐਸਪੀ ਸੁਪ੍ਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਜਿਸ ਤਰ੍ਹਾਂ ਨਾਲ ਆਪਣੀ ਗੱਲ ਨਾ ਰੱਖਣ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ, ਉਸ ਨਾਲ ਉਨ੍ਹਾਂ ਦੀਆਂ ਖੁਦ ਦੀਆਂ ਪ੍ਰੇਸ਼ਾਨੀਆਂ ਤਾਂ ਇਕ ਵਾਰ ਸਭ ਦੀਆਂ ਨਜਰਾਂ ਵਿੱਚ ਆ ਗਈਆਂ ਹਨ, ਪਰੰਤੂ ਇਸ ਨਾਲ ਉਨ੍ਹਾਂ ਨੂੰ ਦਲਿਤ ਪ੍ਰਸ਼ਨ ਨੂੰ ਏਜੰਡੇ ਉਤੇ ਲਿਆਉਣ ਵਿੱਚ ਕਿੰਨੀ ਮਦਦ ਮਿਲੇਗੀ, ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਹੁਣ ਇਹ ਵੀ ਸਪਸ਼ਟ ਨਹੀਂ ਹੈ ਕਿ ਮਾਇਆਵਤੀ ਦਾ ਅਸਤੀਫਾ ਮੰਜ਼ੂਰ ਹੋਵੇਗਾ ਜਾਂ ਨਹੀਂ ਪਰ ਜੇਕਰ ਹੋ ਵੀ ਜਾਂਦਾ ਹੈ ਤਾਂ ਇਸ  ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਘੱਟ ਨਹੀਂ ਹੋਣ ਵਾਲੀਆਂ| ਮਾਇਆਵਤੀ ਆਪਣੇ ਰਾਜਨੀਤਿਕ ਕੈਰੀਅਰ ਦੇ ਸਭ ਤੋਂ ਮੁਸ਼ਕਿਲ ਦੌਰ ਤੋਂ ਗੁਜਰ ਰਹੀ ਹੈ|  ਯੂਪੀ ਵਿਧਾਨਸਭਾ ਵਿੱਚ ਉਨ੍ਹਾਂ  ਦੇ  ਕੋਲ 19 ਵਿਧਾਇਕ ਹਨ,  ਜਿਨ੍ਹਾਂ  ਦੇ ਬਲ ਤੇ ਉਹ ਰਾਜ ਸਭਾ ਵਿੱਚ ਵਾਪਸੀ ਦੀ ਵਿਵਸਥਾ ਨਹੀਂ ਕਰ ਸਕਦੀ| ਲੋਕਸਭਾ ਵਿੱਚ ਉਨ੍ਹਾਂ ਦੀ ਪਾਰਟੀ ਦਾ ਇੱਕ ਵੀ ਮੈਂਬਰ ਨਹੀਂ ਹੈ |  ਫਿਰ ਵੀ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਇਹ ਛੋਟੀਆਂ ਗੱਲਾਂ ਹਨ|  ਵੱਡੀ ਗੱਲ ਇਹ ਹੈ ਕਿ ਉਹ  ਵਿਅਕਤੀਗਤ ਅਤੇ ਵਿਚਾਰਕ, ਦੋਵਾਂ ਪੱਧਰਾਂ ਤੇ ਗੰਭੀਰ ਰਾਜਨੀਤਿਕ ਸੰਕਟ ਵਿੱਚ ਫਸ ਗਈ ਹੈ| ਕਾਂਸ਼ੀਰਾਮ ਨੇ ਤਮਾਮ ਮੁਸ਼ਕਿਲਾਂ ਨਾਲ ਜੂਝਦੇ ਹੋਏ ਦਲਿਤ ਰਾਜਨੀਤੀ ਨੂੰ ਇੱਕ ਮੁਕਾਮ ਤੱਕ ਪਹੁੰਚਾਇਆ ਸੀ, ਪਰ ਕਦੇ ਨਿਜੀ ਤੌਰ ਉਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਜਾਂ ਪਰਿਵਾਰਵਾਦ  ਦੇ ਦੋਸ਼ਾਂ ਦਾ ਸ਼ਿਕਾਰ ਨਹੀਂ ਹੋਣਾ ਪਿਆ| ਮਾਇਆਵਤੀ ਇਨ੍ਹਾਂ ਦੋਵਾਂ ਦੋਸ਼ਾਂ ਨਾਲ ਇਸ ਕਦਰ ਘਿਰੀ ਹੋਈ ਹੈ ਕਿ ਉਨ੍ਹਾਂ ਦੀ ਕੋਈ ਵੀ ਸਫਾਈ ਕੰਮ ਨਹੀਂ ਆ ਰਹੀ| ਵਿਚਾਰਕ ਪੱਧਰ ਤੇ ਉਨ੍ਹਾਂ ਦੀ ਰਾਜਨੀਤੀ ਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਹੈ ਕਿ ਦਲਿਤਾਂ ਨੂੰ ਆਪਣੇ ਪਿੱਛੇ ਗੋਲਬੰਦ ਕਰਨਾ ਜ਼ਿਆਦਾ ਜਰੂਰੀ ਹੈ ਜਾਂ ਉਚੀ ਜਾਤੀਆਂ ਦਾ ਸਮਰਥਨ ਹਾਸਲ ਕਰਨਾ|  ਇਹ ਠੀਕ ਹੈ ਕਿ ਦਲਿਤ ਰਾਜਨੀਤੀ ਦੀ ਕੋਈ ਵੀ ਧਾਰਾ ਇਨ੍ਹਾਂ ਦੋਵਾਂ ਮੋਰਚਿਆਂ ਨੂੰ ਫਤਿਹ ਕੀਤੇ ਬਿਨਾਂ ਸੱਤਾ ਵਿੱਚ ਆਉਣ ਦੀ ਸੋਚ ਵੀ ਨਹੀਂ ਸਕਦੀ| ਬੀਐਸਪੀ ਵੀ ਇਨ੍ਹਾਂ ਦੋਵਾਂ ਕਿਸ਼ਤੀਆਂ ਉਤੇ ਸਵਾਰੀ ਕਰਕੇ ਹੀ ਸੱਤਾ ਤੱਕ ਪਹੁੰਚੀ, ਪਰ ਦੋ ਕਿਸ਼ਤੀਆਂ ਦੀ ਇਹ ਸਵਾਰੀ ਸਮੇਂ ਦੇ ਇਸ ਮੋੜ ਤੇ ਆ ਕੇ ਮਾਇਆਵਤੀ ਲਈ ਮੁਸ਼ਕਿਲ ਹੁੰਦੀ ਜਾ ਰਹੀ ਹੈ| ਇਸ ਦੇ ਚਲਦੇ ਮਾਇਆਵਤੀ ਹਿੰਸਾ ਪ੍ਰਭਾਵਿਤ ਦਲਿਤ ਬਸਤੀਆਂ ਵਿੱਚ ਜਾ ਕੇ ਬੀਜੇਪੀ ਨੂੰ ਤਾਂ ਕੋਹ ਆਉਂਦੀ ਹੈ ਪਰੰਤੂ ਸਵਰਣ ਜਾਤੀਆਂ ਦੇ ਉਨ੍ਹਾਂ ਦਬੰਗਾਂ  ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਦੀ, ਜਿਨ੍ਹਾਂ ਦੀਆਂ ਲਾਠੀਆਂ ਦਲਿਤਾਂ  ਦੇ ਸਿਰ ਉਤੇ ਪੈ ਰਹੀਆਂ ਹੁੰਦੀਆਂ ਹਨ|  ਦਲਿਤਾਂ ਦੇ ਵਿਚਾਲੇ ਇਸ ਨਾਲ ਨਿਰਾਸ਼ਾ ਸੁਭਾਵਿਕ ਹੈ| ਇਸ ਦੁਵਿਧਾ ਨੂੰ ਹੱਲ ਕੀਤੇ ਬਿਨਾਂ ਮਾਇਆਵਤੀ ਸਿਰਫ਼ ਅਸਤੀਫੇ ਵਰਗੇ ਹਥਕੰਡਿਆਂ ਨਾਲ ਹਾਸ਼ੀਏ ਤੇ ਪੁੱਜਦੀ ਆਪਣੀ ਰਾਜਨੀਤੀ ਨੂੰ ਮੁੱਖ ਧਾਰਾ ਵਿੱਚ ਵਾਪਸ ਨਹੀਂ ਲਿਆ ਸਕੇਗੀ|
ਚਰਨਜੀਤ ਸਿੰਘ

Leave a Reply

Your email address will not be published. Required fields are marked *