ਅਸਮਾਨੀ ਬਿਜਲੀ ਡਿੱਗਣ ਕਾਰਨ ਔਰਤ ਦੀ ਮੌਤ, 2 ਮੱਝਾਂ ਵੀ ਮਰੀਆਂ

ਮਾਛੀਵਾੜਾ ਸਾਹਿਬ, 8 ਸਤੰਬਰ (ਸ.ਬ.) ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜਲੇ ਪਿੰਡ ਬੈਰਸਾਲ ਕਲਾਂ ਵਿਖੇ ਕਿਸਾਨ ਅਮਰਿੰਦਰ ਸਿੰਘ ਦੀ ਪਤਨੀ ਮਨਜਿੰਦਰ ਕੌਰ (34) ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਕੌਰ ਆਪਣੇ ਪਤੀ ਨੂੰ ਨੇੜ੍ਹੇ ਹੀ ਖੇਤਾਂ ਵਿੱਚ ਚਾਹ ਦੇਣ ਲਈ ਆਪਣੀ ਸੱਸ ਨਾਲ ਗਈ ਸੀ ਅਤੇ ਜਦੋਂ ਬਾਰਿਸ਼ ਪੈਣ ਲੱਗ ਗਈ ਤਾਂ ਉਹ ਘਰ ਨੂੰ ਵਾਪਸ ਮੁੜਨ ਲੱਗੀਆਂ ਤਾਂ ਰਸਤੇ ਵਿੱਚ ਹੀ ਇੱਕਦਮ ਤੇਜ ਬਿਜਲੀ ਗੜਕੀ ਅਤੇ ਉਸ ਤੇ ਆ ਡਿੱਗੀ|
ਇਸ ਹਾਦਸੇ ਵਿੱਚ ਦੋਵੇਂ ਹੀ ਨੂੰਹ, ਸੱਸ ਜ਼ਮੀਨ ਤੇ ਡਿੱਗ ਪਈਆਂ| ਇਹ ਬਿਜਲੀ ਵਿਆਹੁਤਾ ਮਨਜਿੰਦਰ ਕੌਰ ਤੇ ਡਿਗੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਸੱਸ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਈ| ਵਿਆਹੁਤਾ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ| ਇਸ ਤੋਂ ਇਲਾਵਾ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਰੋਡ ਮਾਜਰੀ ਵਿਖੇ ਵੀ ਇਹ ਅਸਮਾਨੀ ਬਿਜਲੀ ਕਿਸਾਨ ਕੁਲਦੀਪ ਸਿੰਘ ਦੇ ਘਰ ਨੇੜੇ ਹੀ ਕੱਚਾ ਸ਼ੈਡ ਬਣਾ ਕੇ ਉਸ ਦੇ ਥੱਲੇ ਖੜ੍ਹੇ 2 ਦੁਧਾਰੂ ਪਸ਼ੂਆਂ ਤੇ ਵੀ ਆ ਡਿਗੀ, ਜਿਸ ਕਾਰਨ ਇਨ੍ਹਾਂ ਪਸ਼ੂਆਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ| ਕਿਸਾਨ ਕੁਲਦੀਪ ਸਿੰਘ ਦੇ ਪਸ਼ੂ ਕਰੀਬ ਸਵਾ ਲੱਖ ਰੁਪਏ ਦੇ ਸਨ, ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ|

Leave a Reply

Your email address will not be published. Required fields are marked *