ਅਸਲੀ ਲੋਕ ਮੁੱਦਿਆਂ ਤੇ ‘ਲੋਕ ਜਾਗ੍ਰਿਤੀ ਮੁਹਿੰਮ’ ਦੀ ਸ਼ੁਰੁਆਤ ਕੀਤੀ ਜਾਵੇਗੀ : ਸਿੰਘ ਸਭਾ ਪੰਜਾਬ ਜੇਕਰ ਬਿਹਾਰ, ਗੁਜਰਾਤ ਵਿੱਚ ਸ਼ਰਾਬਬੰਦੀ ਹੋ ਸਕਦੀ ਹੈ ਤਾਂ ਪੰਜਾਬ ‘ਚ ਕਿਉਂ ਨਹੀ : ਭਾਈ ਹਰਦੀਪ ਸਿੰਘ

ਐਸ.ਏ.ਐਸ. ਨਗਰ, 9 ਜਨਵਰੀ (ਸ.ਬ.) ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਸੀ ਪਾਰਟੀਆਂ ਨਸ਼ਿਆਂ, ਬੇਰੋਜ਼ਗਾਰੀ, ਕਿਸਾਨੀ ਅਤੇ ਪੰਥਕ ਮੁੱਦਿਆਂ ‘ਤੇ ਪੰਜਾਬ ਦੀ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ| ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀਆਂ ਗਲਤ ਨੀਤੀਆਂ ਨੇ ਪੰਜਾਬ ਅਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ ਪਰ ਨਿਰਾਸ਼ਾਜਨਕ ਪਹਿਲੂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੀ ਸਥਾਪਿਤ ਪਾਰਟੀਆਂ ਵਾਂਗ ਹੀ ਉਪਰਲੀ ਸਤਹਿ ਦੀ ਸੋਚ ਰੱਖ ਰਹੀ ਹੈ| ਇੱਕੋ ਜਿਹੇ ਮੈਨੀਫੈਸਟੋਆਂ ਵਿਚਲੇ ਵਾਅਦਿਆਂ ਵਿੱਚ ਸੰਜੀਦਗੀ ਦੀ ਕਮੀ ਦੇਖੀ ਜਾ ਰਹੀ ਹੈ| ਬਾਕੀ ਪਾਰਟੀਆਂ ਵਾਂਗ ਇਨ੍ਹਾਂ ਵੱਲੋਂ ਵੀ ਮੁੱਦਿਆਂ ਦੀ ਗੰਭੀਰਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹਲਕੇ ਪੱਧਰ ਦੀ ਬਿਆਨਬਾਜ਼ੀ ਅਤੇ ਜੁਮਲਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ| ਆਪਣਾ ਪੰਜਾਬ ਪਾਰਟੀ ਦੀਆਂ ਨੀਤੀਆਂ ਹਾਲੇ ਸਾਹਮਣੇ ਨਹੀਂ ਆਈਆਂ, ਜਦਕਿ ਅਕਾਲੀ ਭਾਜਪਾ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਦਾ ਪਹਿਲਾਂ ਹੀ ਮੋਹ ਭੰਗ ਹੋ ਚੁੱਕਾ ਹੈ|
ਉਕਤ ਵਿਚਾਰ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਇੱਥੇ ਇੱਕ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਗਟ ਕੀਤੇ|
ਉਨ੍ਹਾਂ ਕਿਹਾ ਕਿ ਸਿੰਘ ਸਭਾ ਪੰਜਾਬ ਸ਼ਰਾਬਬੰਦੀ ਦੇ ਮੁੱਦੇ ‘ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸਰਾਹਨਾ ਕਰਦੀ ਹੈ|  ਜੇਕਰ ਬਿਹਾਰ ਅਤੇ ਗੁਜਰਾਤ ਵਿੱਚ ਸ਼ਰਾਬਬੰਦੀ ਹੋ ਸਕਦੀ ਹੈ ਤਾਂ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਸ਼ਰਾਬਬੰਦੀ ਕਿਉਂ ਨਹੀਂ ਕੀਤੀ ਜਾ ਸਕਦੀ| ਨਸ਼ੇ ਦੇ ਖਾਤਮੇ ਲਈ ਪਹਿਲੇ ਕਦਮ ਵੱਜੋਂ ਸ਼ਰਾਬਬੰਦੀ ਐਕਟ ਪਾਸ ਕਰਨਾ ਚਾਹੀਦਾ ਹੈ|
ਉਨ੍ਹਾਂ ਕਿਹਾ ਕਿ ਸਿੰਘ ਸਭਾ ਪੰਜਾਬ, ਪਹਿਲੇ ਕਦਮ ਵੱਜੋਂ ਪੰਜਾਬ ਦੀ ਜਨਤਾ ਅਤੇ ਰਾਜਸੀ ਪਾਰਟੀਆਂ ਅੱਗੇ ਸਮਾਜਕ, ਆਰਥਕ ਅਤੇ ਧਾਰਮਿਕ ਸਰੋਕਾਰਾਂ ਨਾਲ ਸੰਬੰਧਤ ਤਿੰਨ ਪੰਥਕ ਮੁੱਦੇ ਰੱਖ ਰਿਹਾ ਹੈ| ਇਨ੍ਹਾਂ ਮੁੱਦਿਆਂ ਸੰਬੰਧੀ ਰਾਜਸੀ ਪਾਰਟੀਆਂ ਤੋਂ ਆਪਣੀ ਨੀਤੀ ਸਪੱਸ਼ਟ ਕਰਨ ਦੀ ਮੰਗ ਕਰਦਾ ਹੈ, ਤਾਂ ਜੋ ਖਾਸਕਰ ਨਵੀਆਂ ਰਾਜਸੀ ਧਿਰਾਂ ਦੀ ਪੰਜਾਬ ਅਤੇ ਪੰਥ ਪ੍ਰਤੀ ਸੋਚ ਤੇ ਵਿਚਾਰਧਾਰਾ ਸਪੱਸ਼ਟ ਹੋ ਸਕੇ ਅਤੇ ਲੋਕ ਸਹੀ ਫੈਸਲਾ ਲੈ ਸਕਣ| ਪਹਿਲਾ ਮੁੱਦਾ ਸ਼ਰਾਬਬੰਦੀ ਦਾ ਹੈ, ਦੂਸਰਾ ਮੁੱਦਾ ਪੰਜਾਬੀ ਨੌਜੁਆਨਾਂ ਲਈ ਰੋਜ਼ਗਾਰਾਂ ਦਾ  ਅਤੇ ਤੀਸਰਾ ਮੁੱਦਾ ਸੰਵਿਧਾਨ ਦੀ ਧਾਰਾ 25-ਬੀ ਨੂੰ ਲਾਗੂ ਕਰਵਾਉਣ ਬਾਰੇ ਹੈ|
ਇਸ ਮੌਕੇ ਸੁਖਪਾਲ ਸਿੰਘ, ਅਰਵਿੰਦਰ ਸਿੰਘ, ਕੰਵਰ ਹਰਬੀਰ ਸਿੰਘ, ਗੁਰਮੁਖ ਸਿੰਘ, ਚਰਨ ਸਿੰਘ ਮਿਸ਼ਨਰੀ, ਬਲਦੇਵ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਡਾ. ਕੰਵਲਜੀਤ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *