ਅਸ਼ਟਾਮਾਂ ਦੀ ਘਾਟ ਕਾਰਨ ਆਮ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਲਈ ਕਾਂਗਰਸ ਸਰਕਾਰ ਜਿੰਮੇਵਾਰ : ਪਰਵਿੰਦਰ ਸੋਹਾਣਾ

ਐਸ.ਏ.ਐਸ. ਨਗਰ, 23 ਜੁਲਾਈ (ਸ.ਬ.) ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਇੱਕ ਪਾਸੇ ਜਿੱਥੇ ਕੋਰੋਨਾ ਦੀ ਮਹਾਂਮਾਰੀ ਕਾਰਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕੰਮਕਾਜ ਠੱਪ ਹੋ ਗਏ ਹਨ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਗਰੀਬ ਲੋਕਾਂ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ| ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਛੋਟੇ ਅਸ਼ਟਾਮਾਂ ਦੀ ਘਾਟ ਕਾਰਨ ਮਜਬੂਰੀ ਵਿੱਚ ਲੋਕਾਂ ਨੂੰ ਵੱਡੇ ਅਸ਼ਟਾਮ ਲਗਾਉਣੇ ਪੈ ਰਹੇ ਹਨ ਜਿਸ ਨਾਲ ਆਮ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ ਅਤੇ ਇਸ ਲਈ ਸਿੱਧੇ ਤੌਰ ਤੇ ਸੂਬੇ ਦੀ ਕਾਂਗਰਸ ਸਰਕਾਰ ਜਿੰਮੇਵਾਰ ਹੈ| 
ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੁਹਾਲੀ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹਾਲਾਤ ਇਹ ਹਨ ਕਿ ਪਿਛਲੇ 3 ਮਹੀਨੇ ਤੋਂ 50 ਤੋਂ ਲੈ ਕੇ 1000 ਰੁਪਏ ਤੱਕ ਦੇ ਅਸ਼ਟਾਮਾਂ ਦੀ ਘਾਟ ਚੱਲੀ ਆ ਰਹੀ ਹੈ ਅਤੇ ਹੁਣ ਇਹ ਬਿਲਕੁੱਲ ਹੀ ਨਹੀਂ ਮਿਲ ਰਹੇ| ਉਨ੍ਹਾਂ ਕਿਹਾ 50 ਤੋਂ ਲੈ ਕੇ 1000 ਰੁਪਏ ਤੱਕ ਅਸ਼ਟਾਮਾਂ ਵਿੱਚ ਬਿਆਨ ਹਲਫੀਆ, ਬੈਂਕ ਸਮਝੌਤਾ, ਇਕਰਾਰਨਾਮਾ, ਗਹਿਣੇ, ਤਬਾਦਲਾ, ਗੋਦਨਾਮਾ, ਤਤੀਮਾਮਾ ਆਦਿ ਵਿੱਚ ਵਰਤੋਂ ਹੁੰਦੀ ਹੈ| ਉਨ੍ਹਾਂ ਦੱਸਿਆ ਕਿ ਜਿਵੇਂ ਇਕਰਾਰਨਾਮੇ ਲਈ 4 ਹਜ਼ਾਰ ਰੁਪਏ ਦਾ ਅਸ਼ਟਾਮ ਲਗਾਉਣ ਦੀ ਕੀਮਤ ਤੈਅ ਕੀਤੀ ਗਈ ਹੈ ਪਰ ਛੋਟੇ ਅਸ਼ਟਾਮ ਮੌਜੂਦ ਨਾ ਹੋਣ ਕਾਰਨ ਮਜਬੂਰੀ ਵਿੱਚ ਲੋਕਾਂ ਨੂੰ 5 ਹਜ਼ਾਰ ਰੁਪਏ ਦਾ ਅਸ਼ਟਾਮ ਲਗਾਉਣਾ ਪੈ ਰਿਹਾ ਹੈ| ਇਸੇ ਤਰ੍ਹਾਂ ਕੁਝ ਹੋਰ            ਦਸਤਾਵੇਜ਼ਾਂ ਨੂੰ ਲਿਖਣ ਲਈ 5 ਹਜ਼ਾਰ ਤੋਂ ਘੱਟ ਅਸ਼ਟਾਮ ਦੀ ਕੀਮਤ ਤੈਅ ਕੀਤੀ ਗਈ ਹੈ ਜਦੋਂਕਿ ਉਨ੍ਹਾਂ ਤੇ ਵੀ ਮਜਬੂਰੀ ਵਿੱਚ 5 ਹਜ਼ਾਰ ਦਾ ਅਸ਼ਟਾਮ ਲਗਾਉਣਾ ਪੈ ਰਿਹਾ ਹੈ|
ਜਿਕਰਯੋਗ ਹੈ ਕਿ 20 ਹਜਾਰ ਤੋਂ ਘੱਟ ਲੱਗਣ ਵਾਲੇ ਅਸ਼ਟਾਮ ਪੇਪਰ ਸਬੰਧਿਤ ਅਸ਼ਟਾਮ ਫਰੋਸ਼ਾਂ ਕੋਲੋਂ ਮਿਲਦੇ ਹਨ ਅਤੇ 20 ਹਜ਼ਾਰ ਤੋਂ ਵੱਧ ਲਈ ਅਸ਼ਟਾਮ ਫਰੋਸ਼ ਇਸ ਨੂੰ ਈ-ਸਟੈਂਪਸ ਰਾਹੀਂ ਆਨਲਾਈਨ ਬਣਾ ਕੇ ਦਿੰਦੇ ਹਨ| ਜੇਕਰ ਕਿਸੇ ਦਾ 12 ਹਜ਼ਾਰ ਰੁਪਏ ਰਜਿਸਟਰੀ ਅਤੇ ਅਸ਼ਟਾਮ ਪੇਪਰ ਲੱਗਦੇ ਹਨ ਤਾਂ ਉਸ ਨੂੰ 5-5 ਹਜ਼ਾਰ ਦੇ ਤਿੰਨ ਅਸ਼ਟਾਮ ਲਗਾਉਣੇ ਪੈ ਰਹੇ ਹਨ ਜਿਸ ਨਾਲ 3 ਹਜ਼ਾਰ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ| 
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਖਜ਼ਾਨਾ ਦਫਤਰ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੱਛੋਂ ਹੀ ਅਸ਼ਟਾਮ ਨਹੀਂ ਆ ਰਹੇ ਹਨ, ਜਦੋਂ ਪਿੱਛੋਂ ਅਸ਼ਟਾਮ ਆਉਣੇ ਸ਼ੁਰੂ ਹੋ ਜਾਣਗੇ ਤਾਂ ਅਸ਼ਟਾਮ ਫਰੋਸ਼ਾਂ ਨੂੰ ਸਪਲਾਈ ਕਰ ਦਿੱਤੇ ਜਾਣਗੇ| ਉਹਨਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ| 

Leave a Reply

Your email address will not be published. Required fields are marked *