ਅਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਬੇਘਰ ਕਰਨ ਸਬੰਧੀ ਭੇਜੇ ਗਏ ਨੋਟਿਸ ਵਾਪਿਸ ਲੈਣ ਦੀ ਮੰਗ

ਐਸ.ਏ.ਐਸ. ਨਗਰ, 22 ਜੂਨ (ਸ.ਬ.) ਆਜਾਦੀ ਘੁਲਾਟੀਏ ਸਵਰਗੀ ਨਰਪਤ ਸਿੰਘ ਦੀ ਧਰਮ ਪਤਨੀ ਅਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਅਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਬੇਘਰ ਕਰਨ ਸਬੰਧੀ ਭੇਜੇ ਗਏ ਨੋਟਿਸ ਤੁਰੰਤ ਵਾਪਿਸ ਲਏ ਜਾਣ| ਉਹਨਾਂ ਵਲੋਂ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਪੱਤਰ ਵੀ ਏ ਡੀ ਸੀ ਸ੍ਰ. ਚਰਨਦੇਵ ਸਿੰਘ ਮਾਨ ਨੂੰ ਦਿੱਤਾ ਗਿਆ| ਇਸ ਮੌਕੇ ਏ.ਡੀ.ਸੀ. ਵੱਲੋਂ ਪਰਿਵਾਰਕ ਮੈਂਬਰਾਂ ਨੂੰ ਡੀ.ਡੀ.ਪੀ.ਓ. ਮੁਹਾਲੀ ਕੋਲ ਭੇਜਿਆ ਜਿਸ ਦੌਰਾਨ ਡੀ.ਡੀ.ਪੀ.ਓ. ਨੇ ਸਵਰਗੀ ਨਰਪਤ ਸਿੰਘ ਦੇ ਪਰਿਵਾਰ ਨੂੰ ਕਿਹਾ ਕਿ ਉਹ ਨੋਟਿਸ ਦਾ ਜਵਾਬ ਤਿਆਰ ਕਰਕੇ ਉਨ੍ਹਾਂ ਨੂੰ ਦੇਣ ਅਤੇ ਉਸ ਜਵਾਬ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਵਰਗੀ ਨਰਪਤ ਸਿੰਘ ਦੇ ਪਰਿਵਾਰਕ ਮੈਂਬਰਾਂ, ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵਰਗੀ ਨਰਪਤ ਸਿੰਘ ਇੱਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਅਜ਼ਾਦੀ ਘੁਲਾਟੀਏ ਸਨ|
ਸਵਰਗੀ ਨਰਪਤ ਸਿੰਘ ਦੇ ਪੋਤੇ ਮਹੇਸ਼ ਕੁਮਾਰ ਨੇ ਦੱਸਿਆ ਕਿ ਸੰਨ 1984 ਵਿੱਚ ਉਹਨਾਂ ਦੇ ਦਾਦਾ ਜੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਉਹਨਾਂ ਦੇ ਦਾਦਾ ਨਰਪਤ ਸਿੰਘ ਦੀ ਮੌਤ ਤੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੋਗ ਮਤਾ ਭੇਜ ਕੇ ਦੁੱਖ ਪ੍ਰਗਟ ਕੀਤਾ ਸੀ| ਉਨ੍ਹਾਂ ਦੇ ਹੁਕਮਾਂ ਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਪਲਾਟ ਵਿੱਚ ਉਨ੍ਹਾਂ ਦੀ ਸਮਾਧ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਜੋ ਕਿ ਅੱਜ ਵੀ ਬਣੀ ਹੋਈ ਹੈ| ਮਹੇਸ਼ ਕੁਮਾਰ ਦੇ ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਸਮੇਤ ਆਪਣੇ ਦਾਦਾ ਸਵਰਗੀ ਨਰਪਤ ਸਿੰਘ ਦੇ ਇਸ ਪਲਾਟ ਤੇ ਬਣੇ ਮਕਾਨ ਵਿੱਚ ਹੀ ਰਹਿੰਦੇ ਹਨ|
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਵਰਗੀ ਨਰਪਤ ਸਿੰਘ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਡੀ.ਡੀ.ਪੀ.ਓ. ਦਫ਼ਤਰ ਦੇ ਰਾਹੀਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਸਮਾਧੀ ਵਾਲੀ ਜਗ੍ਹਾ ਖਾਲੀ ਕਰਨ ਸਬੰਧੀ ਨੋਟਿਸ ਭੇਜ ਦਿੱਤੇ ਗਏ ਹਨ| ਇਹ ਜਗ੍ਹਾ ਕੁਲ 5 ਮਰਲੇ ਹੈ ਜੋ ਕਿ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਿਲ ਹੈ| ਉਹਨਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਭੇਜੇ ਗਏ ਨੋਟਿਸ ਤੁਰੰਤ ਦਾਖ਼ਲ ਦਫ਼ਤਰ ਕਰਨ ਲਈ ਡੀ.ਡੀ.ਪੀ.ਓ. ਮੁਹਾਲੀ ਨੂੰ ਹੁਕਮ ਜਾਰੀ ਕੀਤੇ ਜਾਣ|
ਇਸ ਮੌਕੇ ਲੱਛਮੀ ਦੇਵੀ, ਛੱਤਰ ਸਿੰਘ ਨੰਬਰਦਾਰ ਮਾਜਰੀ, ਗੁਰਦਿਆਲ ਸਿੰਘ ਪੰਚ, ਰਾਜੇਸ਼ ਕੁਮਾਰ, ਸ਼ਿਵਾਨੀ ਸ਼ਰਮਾ, ਚਰਨਜੀਤ ਕੌਰ, ਪ੍ਰੋ. ਮਨਜੀਤ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਲਖਬੀਰ ਸਿੰਘ ਬਡਾਲਾ, ਸੁਰਿੰਦਰ ਸਿੰਘ ਕੰਡਾਲਾ, ਰਾਜਿੰਦਰਪਾਲ ਸਿੰਘ ਮੱਕੜਿਆਂ, ਗੁਰਦਿਆਲ ਸਿੰਘ ਪੰਚ ਮਾਜਰੀ, ਅਵਤਾਰ ਖਾਨ ਪੰਚ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *