ਅੰਗਹੀਣ ਬੱਚਿਆਂ ਅਤੇ ਬਜ਼ੁਰਗਾਂ ਲਈ ਕੰਬਲ ਵੰਡ ਸਮਾਗਮ ਕਰਵਾਇਆ
ਚੰਡੀਗੜ੍ਹ, 14 ਜਨਵਰੀ (ਸ.ਬ.) ਦੀ ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਅੱਜ ਮਾਘੀ ਦੇ ਪਵਿਤਰ ਪੁਰਬ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਵਿਕਲਾਂਗ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੜਾਕੇ ਦੀ ਠੰਢ ਵਿੱਚ ਮੁਫਤ ਕੰਬਲ ਵੰਡਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਸ਼ ਰਾਜਿੰਦਰ ਸਿੰਘ ਬਡਹੇੜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹਏ ਅਤੇ ਪ੍ਰਧਾਨਗੀ ਮੰਡਲ ਮੰਡਲ ਵਿੱਚ ਸੰਸਥਾ ਦੇ ਚੇਅਰਮੈਨ ਪਿ੍ਰੰ ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਮਹਿਤਪੁਰੀ, ਜਗਤਾਰ ਸਿੰਘ ਜੋਗ, ਤੇਜਾ ਸਿੰਘ ਥੂਹਾ, ਦਰਸ਼ਨ ਸਿੰਘ ਸਿੱਧੂ ਅਤੇ ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਮੇਸ਼ ਚਨੋਲੀਆ ਸ਼ਾਮਲ ਸਨ। ਇਸ ਸਮਾਗਮ ਲਈ ਕੰਬਲ ਸੈਕਟਰ-37ਡੀ ਚੰਡੀਗੜ੍ਹ ਦੇ ਗੋਸਲ ਪਰਿਵਾਰ ਵਲੋਂ ਦਾਨ ਵਜੋ ਦਿੱਤੇ ਗਏ ਸਨ ਅਤੇ ਸ਼ਅਵਤਾਰ ਸਿੰਘ ਮਹਿਤਪੁਰੀ ਵਲੋਂ 1100 ਰੁਪਏ ਮਦਦ ਦੇ ਤੌਰ ਤੇ ਦਿੱਤੇ ਗਏ।
ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਭਰਤ ਕੁਮਾਰ ਨੇ ਦੱਸਿਆ ਕਿ ਮੁੱਖ ਮਹਿਮਾਨ ਅਤੇ ਦੋਹਾਂ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਵਿਕਲਾਂਗ ਅਤੇ ਗਰੀਬ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ ਦਰਸ਼ਨ ਸਿੰਘ ਸਾਬਕਾ ਚੀਫ ਫਾਇਰ ਅਫਸਰ ਚੰਡੀਗੜ੍ਹ, ਬਲਵਿੰਦਰ ਸਿੰਘ ਕੰਪਿਊਟਰ ਮਾਹਰ ਅਤੇ ਹੋਰ ਪਤਵੰਤੇ ਹਾਜ਼ਰ ਸਨ।