ਅੰਡਰਬ੍ਰਿਜਾਂ ਵਿੱਚ ਬਰਸਾਤੀ ਪਾਣੀ ਦਾ ਕੋਈ ਸਾਰਥਕ ਹੱਲ ਕੱਢੇ ਪ੍ਰਸ਼ਾਸਨ : ਗਰਚਾ

ਖਰੜ, 10 ਸਤੰਬਰ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਵੱਖ ਵੱਖ ਪਿੰਡਾਂ ਵਿਚ ਬਣਾਏ ਗਏ ਰੇਲਵੇ ਅੰਡਰਬ੍ਰਿਜਾਂ ਕਾਰਨ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿਚ ਆ ਰਹੀ ਪ੍ਰੇਸ਼ਾਨੀ ਨੂੰ ਗੰਭੀਰਤਾ ਨਾਲ ਲਿਆ ਹੈ| ਇਨ੍ਹਾਂ ਅੰਡਰਬ੍ਰਿਜਾਂ ਦੇ ਸਾਰਥਕ ਹੱਲ ਲਈ ਬੀਬੀ ਗਰਚਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਲਿਖਤੀ ਪੱਤਰ ਵੀ ਭੇਜਿਆ ਹੈ|
ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖੇ ਪੱਤਰ ਵਿਚ ਬੀਬੀ ਗਰਚਾ ਨੇ ਕਿਹਾ ਹੈ ਕਿ ਹਰੇਕ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਅੰਡਰਬ੍ਰਿਜਾਂ ਤੋਂ ਲੰਘਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ| ਭਾਰੀ ਬਾਰਿਸ਼ ਹੋਣ ਤੇ ਇਨ੍ਹਾਂ ਅੰਡਰਬ੍ਰਿਜਾਂ ਵਿਚ ਪਾਣੀ ਭਰ ਜਾਂਦਾ ਹੈ| ਅਜਿਹੇ ਹਾਲਾਤਾਂ ਵਿਚ ਪੈਦਲ ਚੱਲਣਾ ਤਾਂ ਦੂਰ ਦੀ ਗੱਲ, ਸਗੋਂ ਕਿਸੇ ਵਾਹਨ ਤੇ ਬੈਠ ਕੇ ਵੀ ਨਹੀਂ ਗੁਜਰਿਆ ਜਾ ਸਕਦਾ| ਇੱਥੋਂ ਤੱਕ ਕਿ ਟਰੈਕਰ ਟਰਾਲੀ ਵਰਗੇ ਵੱਡੇ ਵਾਹਨ ਵੀ ਨਹੀਂ ਗੁਜ਼ਰ ਸਕਦੇ|
ਉਹਨਾਂ ਲਿਖਿਆ ਹੈ ਕਿ ਬਾਰਿਸ਼ ਦੇ ਦਿਨਾਂ ਵਿਚ ਕਈ ਵਾਰ ਤਾਂ ਇਨ੍ਹਾਂ ਅੰਡਰਬ੍ਰਿਜਾਂ ਰਾਹੀਂ ਸਕੂਲੀ ਬੱਸਾਂ ਵੀ ਨਹੀਂ ਗੁਜ਼ਰ ਸਕਦੀਆਂ ਜਿਸ ਕਾਰਨ ਕਈ ਸਕੂਲੀ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ| ਇਸ ਦੌਰਾਨ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰਾਂ, ਫੈਕਟਰੀਆਂ ਜਾਂ ਹੋਰ ਕਿਸੇ ਵੀ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰੇ ਅੰਡਰਬ੍ਰਿਜਾਂ ਤੇ ਕੋਈ ਪੰਪ ਸੈਟ ਆਦਿ ਲਗਾ ਕੇ ਜਾਂ ਕੋਈ ਹੋਰ ਪ੍ਰਬੰਧ ਕਰਕੇ ਬਰਸਾਤ ਦੇ ਦਿਨਾਂ ਵਿਚ ਪਾਣੀ ਬਾਹਰ ਕੱਢਣ ਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ|

Leave a Reply

Your email address will not be published. Required fields are marked *