ਅੰਧਵਿਸ਼ਵਾਸ਼ ਦੇ ਸਹਾਰੇ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਵਿਰੁੱਧ ਕਾਰਵਾਈ ਕਰੇ ਪ੍ਰਸ਼ਾਸ਼ਨ

ਕਹਿਣ ਨੂੰ ਭਾਵੇਂ ਸਾਡਾ ਸਮਾਜ ਪੂਰੀ ਤਰ੍ਹਾਂ ਆਧੁਨਿਕ ਹੋ ਗਿਆ ਹੈ ਅਤੇ ਆਪਣੇ ਦਾਅਵਿਆਂ ਵਿੱਚ ਅਸੀਂ ਬਹੁਤ ਜਿਆਦਾ ਤਰੱਕੀ ਵੀ ਕਰ ਚੁੱਕੇ ਹਾਂ ਪਰੰਤੂ ਅੰਧਵਿਸ਼ਵਾਸ਼ ਅਤੇ ਵਹਿਮ ਭਰਮ ਸਾਡੇ ਸਮਾਜ ਉੱਪਰ ਬੁਰੀ ਤਰ੍ਹਾਂ ਹਾਵੀ ਹਨ| ਮਨੁੱਖ ਭਾਵੇਂ ਕਿੰਨਾ ਵੀ ਪੜ੍ਹ ਲਿਖ ਗਿਆ ਹੈ ਪਰੰਤੂ ਸਦੀਆਂ ਪੁਰਾਣੇ ਅੰਧਵਿਸ਼ਵਾਸ਼ ਹਾਲੇ ਵੀ ਉਸਦਾ ਪਿੱਛਾ ਨਹੀਂ ਛੱਡਦੇ ਅਤੇ ਆਮ ਪੇਂਡੂ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਆਪਣੇ ਆਪ ਨੂੰ ਆਧੁਨਿਕ ਦੱਸਣ ਵਾਲਾ ਸ਼ਹਿਰੀ ਪੜ੍ਹਿਆ ਲਿਖਿਆ ਵਰਗ ਵੀ ਅੰਧਵਿਸ਼ਵਾਸ਼ਾਂ ਅਤੇ ਕਰਮਕਾਂਡਾ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ| ਸਮਾਜ ਵਿੱਚ ਇਹਨਾਂ ਵਹਿਮਾਂ ਭਰਮਾਂ ਦੀ ਭਰਮਾਰ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਜਿਵੇਂ ਅਸੀਂ ਹੁਣੇ ਵੀ ਕਿਸੇ ਅਜਿਹੇ ਪਿਛੜੇ ਸਮਾਜ ਦੇ ਹੀ ਵਸਨੀਕ ਹੋਈਏ ਜਿੱਥੇ ਜਾਦੂ ਟੂਣੇ, ਤੰਤਰ ਮੰਤਰ, ਕਾਲੇ ਜਾਦੂ ਅਤੇ ਅਜਿਹੇ ਹੋਰ ਪਤਾ ਨਹੀਂ ਅਜਿਹੇ ਕਿੰਨੇ ਅੰਧਵਿਸ਼ਵਾਸ ਮਨੁੱਖ ਨੂੰ ਆਪਣਾ ਗੁਲਾਮ ਬਣਾਈ ਬੈਠੇ ਹਨ|
ਪਿਛਲੇ ਦੋ ਤਿਨ ਦਹਾਕਿਆਂ ਦੌਰਾਨ ਭਾਵੇਂ ਵਿਗਿਆਨ ਨੇ ਭਰਪੂਰ ਤਰੱਕੀ ਕੀਤੀ ਹੈ ਅਤੇ ਇਸਨੇ ਇਨਸਾਨ ਨੂੰ ਹਰ ਪੱਖੋਂ ਸਮਰਥ ਵੀ ਬਣਾਇਆ ਹੈ ਪਰੰਤੂ ਆਉਣ ਵਾਲੇ ਸਮੇਂ ਦੀ ਅਗਾਊਂ ਜਾਣਕਾਰੀ ਦੇਣ ਵਿੱਚ ਵਿਗਿਆਨ ਹੁਣੇ ਵੀ ਪੂਰਾ ਸਮਰਥ ਨਹੀਂ ਹੋ ਪਾਇਆ ਹੈ| ਜੇਕਰ ਮਨੁੱਖ ਦੀ ਗੱਲ ਕਰੀਏ ਤਾਂ ਉਸ ਵਿੱਚ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਜਿਗਿਆਸਾ ਸੈਂਕੜੇ ਸਾਲ ਪਹਿਲਾਂ ਤੋਂ ਚਲਦੀ ਆ ਰਹੀ ਹੈ ਅਤੇ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਜਿਗਿਆਸਾ ਹੀ ਮਨੁੱਖ ਨੂੰ ਅਜਿਹੇ ਜੋਤਸ਼ੀਆਂ/ਨਜੂਮੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ ਜਿਹੜੇ ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਉਠਾਉਂਦੇ ਹਨ| ਇਹਨਾਂ ਜੋਤਸ਼ੀਆਂ (ਜਿਹਨਾਂ ਨੂੰ ਭਾਵੇਂ ਖੁਦ ਦੇ ਭਵਿੱਖ ਦੀ ਕੋਈ ਜਾਣਕਾਰੀ ਨਾ ਹੋਵੇ) ਦਾ ਦਾਅਵਾ ਹੁੰਦਾ ਹੈ ਉਹ ਨਾ ਸਿਰਫ ਆਪਣੇ ਕੋਲ ਆਉਣ ਵਾਲੇ ਭਗਤਾਂ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਇਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਆਪਣੇ ਭਗਤਾਂ ਦੇ ਭਵਿੱਖ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਹਲ ਕਰ ਸਕਦੇ ਹਨ|
ਆਮ ਲੋਕਾਂ ਨਾਲ ਠੱਗੀ ਦੀ ਇਸ ਆਪਣੀ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਇਹਨਾਂ ਜੋਤਸ਼ੀਆਂ ਵਲੋਂ ਸੰਚਾਰ ਮਾਧਿਅਮਾਂ ਵਿੱਚ ਬਾਕਾਇਦਾ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਲੋਕਾਂ ਨੰ ਪ੍ਰਭਾਵਿਤ ਕਰਨ (ਜਾਂ ਇੰਝ ਕਹੋ ਕਿ ਆਪਣੇ ਕੋਲ ਆਉਣ ਵਾਲੇ ਸੰਭਾਵੀ ਸ਼ਿਕਾਰਾਂ ਨੂੰ ਫਸਾਉਣ) ਲਈ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਵਿੱਚ ਤੰਤਰ ਮੰਤਰ ਦੀ ਮਦਦ ਨਾਲ ਚਮਤਕਾਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ| ਇਸ ਤਰੀਕੇ ਨਾਲ ਅੰਧਵਿਸ਼ਵਾਸ਼ ਫੈਲਾ ਕੇ ਇਹ ਜੋਤਸ਼ੀ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਸਿੱਧੀ ਠੱਗੀ ਮਾਰਦੇ ਹਨ| ਤੰਤਰ ਮੰਤਰ ਅਤੇ ਕਾਲੇ ਜਾਦੂ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਵਿੱਚ ਇਹਨਾਂ ਦੇ ਜਾਲ ਵਿੱਚ ਫਸਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ|
ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਇਹਨਾਂ ਜੋਤਸ਼ੀਆਂ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਠੱਗੀ ਦੀਆਂ ਇਹ ਦੁਕਾਨਾਂ ਬੇਰੋਕਟੋਕ ਚਲਦੀਆਂ ਹਨ| ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਜਿਹਾ ਕੋਈ ਚਮਤਕਾਰ ਨਹੀਂ ਕਰ ਸਕਦੇ ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ, ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਕਿਉਂ ਨਹੀਂ ਦਰਜ ਕੀਤੇ ਜਾਂਦੇ|
ਇਸ ਸੰਬਧੀ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਤਰਕਸ਼ੀਲਾਂ ਦੀ ਸੰਸਥਾ ਵਲੋਂ ਸਮੇਂ ਸਮੇਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਪਤਾ ਨਹੀਂ ਕਿਉਂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਜਦੋਂਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਤੰਤਰ ਮੰਤਰ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਲੁੱਟ ਤੇ ਰੋਕ ਲੱਗ ਸਕੇ|

Leave a Reply

Your email address will not be published. Required fields are marked *