ਅੰਧਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਵਿਰੁੱਧ ਕਾਰਵਾਈ ਕਰੇ ਪ੍ਰਸ਼ਾਸ਼ਨ

ਸਾਡੇ ਦਾਅਵਿਆਂ ਵਿੱਚ ਅਸੀਂ ਭਾਵੇਂ ਖੁਦ ਨੂੰ ਪੂਰੀ ਤਰ੍ਹਾਂ ਆਧੁਨਿਕ ਦੱਸਦੇ ਹਾਂ ਅਤੇ ਇਹ ਮੰਨਦੇ ਹਾਂ ਕਿ ਸਾਡਾ ਸਮਾਜ ਬਹੁਤ ਜਿਆਦਾ ਤਰੱਕੀ ਕਰ ਚੁੱਕਿਆ ਹੈ ਪਰੰਤੂ ਅਸਲੀਅਤ ਇਹ ਹੈ ਕਿ ਸਾਡੇ ਸਮਾਜ ਉੱਪਰ ਅੰਧਵਿਸ਼ਵਾਸ਼ ਅਤੇ ਵਹਿਮ ਭਰਮ ਬੁਰੀ ਤਰ੍ਹਾਂ ਹਾਵੀ ਹਨ| ਖੁਦ ਨੂੰ ਆਧੁਨਿਕ ਦੱਸਣ ਵਾਲਾ ਦੇਸ਼ ਦਾ ਪੜ੍ਹਿਆ ਲਿਖਿਆ ਵਰਗ ਅੰਧਵਿਸ਼ਵਾਸ਼ਾਂ ਅਤੇ ਕਰਮਕਾਂਡਾ ਦੇ ਜਾਲ ਵਿੱਚ ਫਸਿਆ ਹੋਇਆ ਹੈ ਅਤੇ ਆਮ ਲੋਕਾਂ ਦੀ ਇਹ ਮਾਨਸਿਕਤਾ ਸਾਨੂੰ ਹੁਣੇ ਵੀ ਕਿਸੇ ਅਜਿਹੇ ਪਿਛੜੇ ਸਮਾਜ ਦਾ ਹਿੱਸਾ ਬਣਾ ਦਿੰਦੀ ਹੈ ਜਿੱਥੇ ਜਾਦੂ ਟੂਣੇ, ਤੰਤਰ ਮੰਤਰ, ਕਾਲੇ ਜਾਦੂ ਅਤੇ ਅਜਿਹੇ ਹੋਰ ਪਤਾ ਨਹੀਂ ਕਿੰਨੇ ਅੰਧਵਿਸ਼ਵਾਸ ਮਨੁੱਖ ਨੂੰ ਆਪਣਾ ਗੁਲਾਮ ਬਣਾਈ ਬੈਠੇ ਹਨ|
ਪਿਛਲੇ ਸਮੇਂ ਦੌਰਾਨ ਵਿਗਿਆਨ ਨੇ ਭਾਵੇਂ ਭਰਪੂਰ ਤਰੱਕੀ ਕੀਤੀ ਹੈ ਪਰੰਤੂ ਉਹ ਹੁਣੇ ਵੀ ਇਨਸਾਨ ਦੇ ਭਵਿੱਖ ਦੀ ਜਾਣਕਾਰੀ ਦੇਣ ਵਿੱਚ ਪੂਰਾ ਸਮਰਥ ਨਹੀਂ ਹੋ ਪਾਇਆ ਹੈ| ਦੂਜੇ ਪਾਸੇ ਮਨੁੱਖ ਵਿੱਚ ਆਪਣੇ ਆਉਣ ਵਾਲੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਜਿਗਿਆਸਾ ਬਹੁਤ ਪੁਰਾਣੀ ਹੈ ਅਤੇ ਇਹ ਜਾਣਕਾਰੀ ਹਾਸਿਲ ਕਰਨ ਲਈ ਉਹ ਕੁੱਝ ਵੀ ਕਰਨ ਲਈ ਤਿਆਰ ਰਹਿੰਦਾ ਹੈ| ਆਪਣੇ ਭਵਿੱਖ ਦੀ ਅਗਾਉਂ ਜਾਣਕਾਰੀ ਹਾਸਿਲ ਕਰਨ ਦੀ ਮਨੁੱਖ ਦੀ ਇਹ ਜਿਗਿਆਸਾ ਉਸਨੂੰ ਜੋਤਸ਼ੀਆਂ/ਨਜੂਮੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ| ਇਹ ਜੋਤਸ਼ੀ (ਜਿਹਨਾਂ ਨੂੰ ਭਾਵੇਂ ਖੁਦ ਦੇ ਭਵਿੱਖ ਦੀ ਕੋਈ ਜਾਣਕਾਰੀ ਨਾ ਹੋਵੇ) ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਉਠਾਉਂਦੇ ਹਨ ਅਤੇ ਇਹਨਾਂ ਦਾ ਦਾਅਵਾ ਹੁੰਦਾ ਹੈ ਉਹ ਨਾ ਸਿਰਫ ਆਪਣੇ ਕੋਲ ਆਉਣ ਵਾਲੇ ਭਗਤਾਂ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਭਵਿੱਖ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਹੱਲ ਵੀ ਕਰ ਸਕਦੇ ਹਨ|
ਇਹ ਜੋਤਸ਼ੀ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਲਈ ਉਹਨਾਂ ਦੇ ਦਰਵਾਜੇ ਤੇ ਪਹੁੰਚਣ ਵਾਲੇ ਲੋਕਾਂ ਨੂੰ ਉਹਨਾਂ ਦੇ ਭਵਿੱਖ ਦਾ ਹਾਲ ਦੱਸਣ ਦੇ ਬਹਾਨੇ ਉਹਨਾਂ ਨੂੰ ਮੂਰਖ ਬਣਾ ਕੇ ਠੱਗਦੇ ਹਨ| ਇਹਨਾਂ ਜੋਤਸ਼ੀਆਂ (ਜਿਹਨਾਂ ਦੀਆਂ ਦੁਕਾਨਾਂ ਥਾਂ ਥਾਂ ਤੇ ਖੁੱਲੀਆਂ ਹੋਈਆਂ ਹਨ) ਵਲੋਂ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਕਥਿਤ ਪਰੇਸ਼ਾਨੀਆਂ ਬਾਰੇ ਦੱਸ ਕੇ ਅਤੇ ਫਿਰ ਉਹਨਾਂ ਦਾ ਹਲ ਕਰਨ ਦੇ ਨਾਮ ਤੇ ਠੱਗਿਆ ਜਾਂਦਾ ਹੈ ਅਤੇ ਇੱਕ ਵਾਰ ਇਹਨਾਂ ਦੇ ਜਾਲ ਵਿੱਚ ਫਸਣ ਵਾਲਾ ਵਿਅਕਤੀ ਆਪਣਾ ਭਵਿੱਖ ਸਵਾਰਨ ਦੇ ਚੱਕਰ ਵਿੱਚ ਖੁਦ ਬ ਖੁਦ ਆਪਣੀ ਲੁੱਟ ਕਰਵਾਈ ਜਾਂਦਾ ਹੈ|
ਇਹ ਜੋਤਸ਼ੀ ਆਪਣੇ ਸ਼ਿਕਾਰ ਨੂੰ ਫਸਾਉਣ ਲਈ ਸੰਚਾਰ ਮਾਧਿਅਮਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹਨ ਅਤੇ ਇਹ ਦਾਅਵਾ ਕਰਦੇ ਹਨ ਕਿ ਜੋਤਿਸ਼, ਤੰਤਰ ਮੰਤਰ ਅਤੇ ਜਾਦੂ ਟੂਣੇ ਦੇ ਸਹਾਰੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ| ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਵਿੱਚ ਇਹਨਾਂ ਕੋਲ ਪਹੁੰਚਦੇ ਹਨ ਅਤੇ ਫਿਰ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ|
ਆਮ ਲੋਕਾਂ ਨੂੰ ਅੰਧਵਿਸ਼ਵਾਸ਼ ਦੇ ਜਾਲ ਵਿੱਚ ਫਸਾ ਕੇ ਉਹਨਾਂ ਨੂੰ ਗੁੰਮਰਾਹ ਕਰਨ ਅਤੇ ਉਹਨਾਂ ਨਾਲ ਠੱਗੀ ਮਾਰਨ ਦੀ ਇਹਨਾਂ ਜੋਤਸ਼ੀਆਂ ਦੀ ਇਹ ਕਾਰਵਾਈ ਸਿੱਧੇ ਰੂਪ ਵਿੱਚ ਕਾਨੂੰਨ ਦੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਪਰੰਤੂ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਜਿਹਾ ਕੋਈ ਚਮਤਕਾਰ ਕਰ ਹੀ ਨਹੀਂ ਸਕਦੇ ਜਿਸਦਾ ਦਾਅਵਾ ਉਹ ਆਪਣੇ ਇਸ਼ਤਿਹਾਰਾਂ ਵਿੱਚ ਕਰਦੇ ਹਨ, ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਕਿਉਂ ਨਹੀਂ ਦਰਜ ਕੀਤੇ ਜਾਂਦੇ| ਇਸ ਸੰਬੰਧੀ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਤਰਕਸ਼ੀਲ ਸੁਸਾਇਟੀ ਵਲੋਂ ਸਮੇਂ ਸਮੇਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਇਹਨਾਂ ਜੋਤਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਗੁਰੇਜ ਕਰਦਾ ਦਿਖਦਾ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦਾ ਭਵਿੱਖ ਦੱਸਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਤੰਤਰ ਮੰਤਰ ਅਤੇ ਜਾਦੂ ਟੂਣਾ ਕਰਨ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰੇ| ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਉਣ ਤਾਂ ਜੋ ਠੱਗੀ ਦੇ ਇਸ ਕਾਰੋਬਾਰ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *