ਅੰਧਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਵਿਰੁੱਧ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਮਨੁੱਖ ਭਾਵੇਂ ਕਿੰਨਾ ਵੀ ਪੜ੍ਹ ਲਿਖ ਗਿਆ ਹੈ ਪਰੰਤੂ ਸਦੀਆਂ ਪੁਰਾਣੇ ਅੰਧਵਿਸ਼ਵਾਸ਼ ਹਾਲੇ ਵੀ ਉਸਦੇ ਨਾਲ ਹੀ ਚਲਦੇ ਹਨ ਅਤੇ ਖੁਦ ਨੂੰ ਆਧੁਨਿਕ ਦੱਸਣ ਵਾਲਾ ਦੇਸ਼ ਦਾ ਪੜ੍ਹਿਆ ਲਿਖਿਆ ਵਰਗ ਵੀ ਅੰਧਵਿਸ਼ਵਾਸ਼ਾਂ ਅਤੇ ਕਰਮਕਾਂਡਾ ਵਿੱਚ ਫਸਿਆ ਹੋਇਆ ਹੈ| ਕਹਿਣ ਨੂੰ ਭਾਵੇਂ ਸਾਡਾ ਸਮਾਜ ਪੂਰੀ ਤਰ੍ਹਾਂ ਆਧੁਨਿਕ ਹੋ ਗਿਆ ਹੈ ਅਤੇ ਆਪਣੇ ਦਾਅਵਿਆਂ ਵਿੱਚ ਅਸੀਂ ਬਹੁਤ ਜਿਆਦਾ ਤਰੱਕੀ ਕਰ ਚੁੱਕੇ ਹਾਂ ਪਰੰਤੂ ਅੰਧਵਿਸ਼ਵਾਸ਼ ਅਤੇ ਵਹਿਮ ਭਰਮ ਸਾਡੇ ਸਮਾਜ ਉੱਪਰ ਬੁਰੀ ਤਰ੍ਹਾਂ ਹਾਵੀ ਹਨ ਅਤੇ ਇਹਨਾਂ ਦੀ ਭਰਮਾਰ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਜਿਵੇਂ ਅਸੀਂ ਹੁਣੇ ਵੀ ਕਿਸੇ ਅਜਿਹੇ ਪਿਛੜੇ ਸਮਾਜ ਦੇ ਹੀ ਵਸਨੀਕ ਹੋਈਏ ਜਿੱਥੇ ਜਾਦੂ  ਟੂਣੇ, ਤੰਤਰ ਮੰਤਰ, ਕਾਲੇ ਜਾਦੂ ਅਤੇ ਅਜਿਹੇ ਹੋਰ ਪਤਾ ਨਹੀਂ ਅਜਿਹੇ ਕਿੰਨੇ ਅੰਧਵਿਸ਼ਵਾਸ ਮਨੁੱਖ ਨੂੰ ਆਪਣਾ ਗੁਲਾਮ ਬਣਾਈ ਬੈਠੇ ਹਨ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਦੌਰਾਨ ਵਿਗਿਆਨ ਨੇ ਭਰਪੂਰ ਤਰੱਕੀ ਕੀਤੀ ਹੈ ਪਰੰਤੂ ਇਨਸਾਨ ਦੇ ਭਵਿੱਖ ਦੀ ਜਾਣਕਾਰੀ ਦੇਣ ਵਿੱਚ ਵਿਗਿਆਨ ਹੁਣੇ ਵੀ ਪੂਰਾ ਸਮਰਥ ਨਹੀਂ ਹੋ ਪਾਇਆ ਹੈ| ਦੂਜੇ ਪਾਸੇ ਮਨੁੱਖ ਵਿੱਚ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਜਿਗਿਆਸਾ ਉਸੇ ਤਰ੍ਹਾਂ ਬਰਕਾਰਾਰ ਹੈ ਜਿਸ ਤਰ੍ਹਾਂ ਸੈਕੜੇ ਸਾਲ ਪਹਿਲਾਂ ਹੁੰਦੀ ਸੀ| ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਜਿਗਿਆਸਾ ਹੀ ਮਨੁੱਖ ਨੂੰ ਜੋਤਸ਼ੀਆਂ/ਨਜੂਮੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ| ਇਹ ਜੋਤਸ਼ੀ (ਜਿਹਨਾਂ ਨੂੰ ਭਾਵੇਂ ਖੁਦ ਦੇ ਭਵਿੱਖ ਦੀ ਕੋਈ ਜਾਣਕਾਰੀ ਨਾ ਹੋਵੇ) ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਉਠਾਉਂਦੇ ਹਨ ਅਤੇ ਇਹਨਾਂ ਦਾ ਦਾਅਵਾ ਹੁੰਦਾ ਹੈ ਉਹ ਨਾ ਸਿਰਫ ਆਪਣੇ ਕੋਲ ਆਉਣ ਵਾਲੇ ਭਗਤਾਂ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਭਵਿੱਖ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਹਲ ਕਰਨ ਦਾ ਦਾਅਵਾ ਵੀ ਇਹਨਾਂ ਵਲੋਂ ਕੀਤਾ ਜਾਂਦਾ ਹੈ|
ਅਸਲੀਅਤ ਇਹ ਹੈ ਕਿ ਲੋਕਾਂ ਦੇ ਭਵਿੱਖ ਦਾ ਪੂਰਾ ਹਾਲ ਦੱਸਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ (ਜਿਹਨਾਂ ਦੀਆਂ ਦੁਕਾਨਾਂ ਥਾਂ ਥਾਂ ਤੇ ਖੁਲ੍ਹੀਆਂ ਹੋਈਆਂ ਹਨ) ਵਲੋਂ ਆਮ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਠੱਗੀ ਮਾਰੀ ਜਾਂਦੀ ਹੈ| ਇਹਨਾਂ ਜੋਤਸ਼ੀਆਂ ਵਲੋਂ ਸੰਚਾਰ ਮਾਧਿਅਮਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਇਹਨਾਂ ਵਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ (ਜਾਂ ਇੰਝ ਕਹੋ ਕਿ ਆਪਣੇ ਕੋਲ ਆਉਣ ਵਾਲ ਸੰਭਾਵੀ ਸ਼ਿਕਾਰਾਂ ਨੂੰ ਫਸਾਉਣ) ਲਈ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਵਿੱਚ ਇਹ ਤਮਾਮ ਦਾਅਵੇ ਕੀਤੇ ਜਾਂਦੇ ਹਨ| ਤੰਤਰ ਮੰਤਰ ਅਤੇ ਜਾਦੂ ਟੂਣੇ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਵਿੱਚ ਇਹਨਾਂ ਕੋਲ ਪਹੁੰਚਦੇ ਹਨ ਅਤੇ ਫਿਰ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ|
ਤੰਤਰ ਮੰਤਰ ਜਾਂ ਜੋਤਿਸ਼ ਵਿਦਿਆ ਦੇ ਸਹਾਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੇ ਨਾਮ ਤੇ ਉਹਨਾਂ ਨੂੰ ਗੁੰਮਰਾਹ ਕਰਕੇ ਠੱਗੀ ਮਾਰਨ ਦੀ ਇਹਨਾਂ ਨਜੂਮੀਆਂ ਦੀ ਇਹ ਕਾਰਵਾਈ ਸਿੱਧੇ ਰੂਪ ਵਿੱਚ ਕਾਨੂੰਨ ਦੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰੰਤੂ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਜਿਹਾ ਕੋਈ ਚਮਤਕਾਰ ਹੀ ਨਹੀਂ ਕਰ ਸਕਦੇ ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ, ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਕਿਉਂ ਨਹੀਂ ਦਰਜ ਕੀਤੇ ਜਾਂਦੇ| ਇਸ ਸੰਬੰਧੀ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਇੱਕ ਸੰਸਥਾ ਵਲੋਂ ਸਮੇਂ ਸਮੇਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਪਤਾ ਨਹੀਂ ਕਿਉਂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੁੱਝ ਵੀ ਨਹੀਂ ਕੀਤਾ ਜਾਂਦਾ|
ਲੋਕਾਂ ਦਾ ਭਵਿੱਖ ਦੱਸਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਤੰਤਰ ਮੰਤਰ ਅਤੇ ਜਾਦੂ ਟੂਣਾ ਕਰਨ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਨੂੰ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਮੁੱਢਲੀ ਜਿੰਮੇਵਾਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਵਰਤੀ ਜਾ ਰਹੀ ਢਿੱਲ ਉਸਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਉਣ ਤਾਂ ਜੋ ਠੱਗੀ ਦੇ ਇਸ ਕਾਰੋਬਾਰ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *