ਅੰਧ ਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਵਿੱਚ ਫਸੀ ਦੁਨੀਆ

ਇੱਕ ਪਾਸੇ ਤਾਂ ਇਨਸਾਨ ਚੰਨ ਤੇ ਪਹੁੰਚਣ ਤੋਂ ਬਾਅਦ ਪੁਲਾੜ ਵਿੱਚ ਨਵੇਂ ਨਵੇਂ ਗ੍ਰਹਿ ਲੱਭ ਰਿਹਾ ਹੈ ਅਤੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ ਪਰੰਤੂ ਸਾਡੇ ਦੇਸ਼ ਵਿੱਚ ਹੁਣੇ ਵੀ ਵੱਡੀ ਗਿਣਤੀ ਲੋਕ ਅਜਿਹੇ ਹਨ ਜਿਹੜੇ ਪੁਰਾਣੇ ਅੰਧਵਿਸ਼ਵਾਸ਼ਾਂ ਵਿੱਚ ਗ੍ਰਸੇ ਹੋਏ ਹਨ| ਵਿਸ਼ਵ ਦੇ ਕਈ ਦੇਸ਼ ਪੁਲਾੜ ਦੇ ਵੱਖ ਵੱਖ ਗ੍ਰਿਹਾਂ (ਚੰਨ ਸਮੇਤ) ਮਨੁੱਖੀ ਬਸਤੀਆਂ ਵਸਾਉਣ ਲਈ ਉਪਰਾਲੇ ਸ਼ੁਰੂ ਕਰ ਚੁੱਕੇ ਹਨ ਪਰ ਸਾਡੇ ਦੇਸ਼ ਵਿੱਚ ਹੁਣੇ ਵੀ ਸੂਰਜ ਅਤੇ ਚੰਨ ਨੂੰ ਅਰਘ ਦਿੱਤਾ ਜਾ ਰਿਹਾ ਹੈ ਅਤੇ ਲੋਕ ਇਸ ਵਿੱਚ ਵਿਸ਼ਵਾਸ ਵੀ ਕਰਦੇ ਹਨ| ਬਚਪਨ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਚੰਨ ਉਹਨਾਂ ਦਾ ਮਾਮਾ ਹੈ ਅਤੇ ਚੰਨ ਉਪਰ ਪਰੀਆਂ ਰਹਿੰਦੀਆਂ ਹਨ| ਇੱਥੇ ਹੀ ਬਸ ਨਹੀਂ ਬਲਕਿ ਲਗਭਗ ਹਰੇਕ ਸ਼ਹਿਰ ਵਿੱਚ ਹਰ ਸ਼ਨੀਵਾਰ ਅਤੇ ਮੰਗਲਵਾਰ ਨੂੰ ਵੱਡੀ ਗਿਣਤੀ ਲੋਕ ਇੱਕ ਨਿੰਬੂ ਤੇ ਸੱਤ ਮਿਰਚਾਂ ਵਿੱਚੋਂ ਧਾਗਾ ਪਿਰੋ ਕੇ ਉਸਨੂੰ ਆਪਣੇ ਘਰਾਂ, ਦੁਕਾਨਾਂ ਅਤੇ ਵਾਹਨਾਂ ਉਪਰ ਟੰਗ ਲੈਂਦੇ ਹਨ| ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਨਜ਼ਰ ਨਹੀਂ ਲਗਦੀ ਅਤੇ ਬੁਰੀ ਨਜਰ ਵਾਲੇ ਤੋਂ ਬਚਾਓ ਰਹਿੰਦਾ ਹੈ ਪਰ ਇਹ ਗੱਲ ਸਮਝ ਤੋਂ ਪਰੇ ਹੈ ਕਿ ਜਦੋਂ ਇਹ ਨਿੰਬੂ ਅਤੇ ਮਿਰਚਾਂ ਆਪਣਾ ਖੁਦ ਦਾ ਬਚਾਓ ਨਹੀਂ ਕਰ ਸਕਦੇ ਤਾਂ ਇਹ ਕਿਸੇ ਹੋਰ ਨੂੰ ਬੁਰੀ ਨਜਰ ਤੋਂ ਕਿਵੇਂ ਬਚਾ ਸਕਦੇ ਹਨ|
ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ ਜਿਹੜੇ ਅਖਬਾਰਾਂ ਵਿੱਚ ਛਪੇ ਰਾਸ਼ੀਫਲ ਨੂੰ ਵੇਖ ਕੇ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ ਅਤੇ ਜੇ ਉਹਨਾਂ ਦੀ ਰਾਸ਼ੀ ਵਿੱਚ ਕੁਝ ਅਸ਼ੁੱਭ ਲਿਖਿਆ ਹੋਵੇ ਤਾਂ ਉਹ ਉਸ ਦਿਨ ਕੋਈ ਸਫਰ ਤਕ ਨਹੀਂ ਕਰਦੇ| ਲੋਕਾਂ ਨੂੰ ਇਹ ਗਲ ਸਮਝਣੀ ਚਾਹੀਦੀ ਹੈ ਕਿ ਜੇ ਉਹ ਵੱਖ ਵੱਖ ਅਖਬਾਰਾਂ ਜਾਂ ਹੋਰਨਾਂ ਥਾਂਵਾ ਤੇ ਛਪਦੇ ਰਾਸ਼ੀਫਲਾਂ ਨੂੰ ਆਪਸ ਵਿੱਚ ਮਿਲਾ ਕੇ ਵੇਖਣਗੇ ਤਾਂ ਉਹ ਸਾਰੇ ਵੱਖ ਵੱਖ ਨਿਕਲਣਗੇ ਅਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ| ਵੱਡੀ ਗਿਣਤੀ ਲੋਕ ਛਿੱਕ ਆਉਣ ਦਾ ਵੀ ਬਹੁਤ ਵਹਿਮ ਕਰਦੇ ਹਨ ਅਤੇ ਕਿਸੇ ਵਿਅਕਤੀ ਦੇ ਘਰੋਂ ਬਾਹਰ ਜਾਣ ਜਾਂ ਕੋਈ ਕੰਮ ਸ਼ੁਰੂ ਕਰਨ ਵੇਲੇ ਕਿਸੇ ਹੋਰ ਵਲੋਂ ਮਾਰੀ ਗਈ ਛਿੱਕ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ| ਹਾਂ ਜੇਕਰ ਕੋਈ ਇਸ ਮੌਕੇ ਦੋ ਵਾਰੀ ਛਿੱਕ ਮਾਰ ਦੇਵੇ ਤਾਂ ਉਸ ਨੂੰ ਚੰਗਾ ਸ਼ਗਨ ਸਮਝਿਆ ਜਾਂਦਾ ਹੈ ਅਤੇ ਇਹ ਵਹਿਮ ਵੀ ਸਾਡੇ ਦਿਲੋ ਦਿਮਾਗ ਤੇ ਹਾਵੀ ਹੈ|
ਸਾਡੇ ਦੇਸ਼ ਵਿੱਚ ਅਜਿਹੇ ਵੱਡੀ ਗਿਣਤੀ ਲੋਕ ਹਨ ਜਿਹੜੇ ਪਾਰਕਾਂ ਵਿੱਚ ਫਿਰਦੇ ਕੀੜੇ ਮਕੌੜਿਆਂ ਨੂੰ ਚਾਵਲ, ਦਾਲ, ਤਿਲ, ਚੌਲ ਆਦਿ ਪਾਉਂਦੇ ਰਹਿੰਦੇ ਹਨ| ਹਾਲਾਂਕਿ ਉਹਨਾਂ ਦੀ ਇਸ ਕਾਰਵਾਈ ਨਾਲ ਇਹਨਾਂ ਕੀੜਿਆਂ ਨੂੰ ਖੁਰਾਕ ਮਿਲ ਜਾਂਦੀ ਹੈ ਪਰ ਇਸ ਕਾਰਨ ਕਈ ਵਾਰ ਪਾਰਕਾਂ ਵਿੱਚ ਕੀੜੀਆਂ ਤੇ ਕੀੜਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਜਾਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਵੀ ਸਹਿਣੀ ਪੈਂਦੀ ਹੈ|
ਲੋਕਾਂ ਵਲੋਂ ਕੀਤੇ ਜਾਂਦੇ ਇਹ ਸਾਰੇ ਵਹਿਮ ਭਰਮ ਦੱਸਦੇ ਹਨ ਕਿ ਸਾਡੇ ਦੇਸ਼ ਦੇ ਲੋਕ ਕਿਨੀ ਬੁਰੀ ਤਰ੍ਹਾਂ ਅੰਧਵਿਸ਼ਵਾਸਾਂ ਵਿੱਚ ਜਕੜੇ ਹੋਏ ਹਨ| ਇਸ ਦਾ ਮੁੱਖ ਕਾਰਨ ਅਗਿਆਨਤਾ ਹੀ ਹੈ ਜਿਸ ਕਾਰਨ ਲੋਕ ਅੰਧ ਵਿਸਵਾਸਾਂ ਵਿੱਚ ਫਸੇ ਰਹਿੰਦੇ ਹਨ| ਅਜਿਹੇ ਵੀ ਲੋਕ ਹਨ ਜਿਹੜੇ ਆਪਣੇ ਕੰਮ ਕਰਵਾਉਣ ਲਈ ਕਾਲਾ ਜਾਦੂ ਕਰਨ ਵਾਲੇ ਅਖੌਤੀ ਬਾਬਿਆਂ ਕੋਲ ਜਾਂਦੇ ਹਨ| ਕਈ ਬਾਬੇ ਲੋਕਾਂ ਨੂੰ ਲਾਟਰੀ ਜਾਂ ਸੱਟੇ ਦਾ ਨੰਬਰ ਦਸਣ ਦਾ ਦਾਅਵਾ ਵੀ ਕਰਦੇ ਹਨ ਅਤੇ ਲੋਕਾਂ ਤੋਂ ਮੋਟੀ ਫੀਸ ਲੈ ਲੈਂਦੇ ਹਨ ਪਰੰਤੂ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਬਾਬੇ ਸੱਚਮੁੱਚ ਅਜਿਹੀ ਕੋਈ ਜਾਣਕਾਰੀ ਰੱਖਦੇ ਹੁੰਦੇ ਉਹ ਖੁਦ ਲਾਟਰੀ ਜਾਂ ਸੱਟਾ ਨਾ ਖੇਡਦੇ|
ਲੋਕਾਂ ਦੀ ਬਿਨਾ ਕੁੱਝ ਕੀਤਿਆਂ ਅਮੀਰ ਬਣ ਕੇ ਸਭ ਕੁੱਝ ਹਾਸਿਲ ਕਰਨ ਦੀ ਲਾਲਸਾ ਅਤੇ ਅਗਲੇ ਜਨਮ ਵਿੱਚ ਵਿਸ਼ਵਾਸ ਵੀ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾਈ ਰਖਦੇ ਹਨ| ਚਾਹੀਦਾ ਤਾਂ ਇਹ ਹੈ ਕਿ ਆਮ ਲੋਕ ਇਹਨਾਂ ਵਹਿਮਾਂ ਭਰਮਾਂ ਵਿਚੋਂ ਨਿਕਲਣ ਅਤੇ ਦੂਜਿਆਂ ਨੂੰ ਵੀ ਇਹਨਾਂ ਹੀ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਉਪਰਾਲੇ ਕਰਨ| ਇਸ ਲਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਲੋਕਾਂ ਨੂੰ ਫਾਲਤੂ ਦੇ ਵਹਿਮਾਂ ਭਰਮਾਂ ਵਿਚੋਂ ਨਿਕਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *