ਅੰਧ ਵਿਸ਼ਵਾਸ ਦਾ ਪਸਾਰ ਕਰਦੇ ਟੀ. ਵੀ. ਸੀਰੀਅਲਾਂ ਅਤੇ ਫਿਲਮਾਂ ਤੇ ਪਾਬੰਦੀ ਲੱਗੇ

ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਦੇਸ਼ ਵਿੱਚ ਅਜਿਹੇ ਟੀ ਵੀ ਚੈਨਲਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੈ ਜਿਹਨਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ| ਇਹਨਾਂ ਟੀ ਵੀ ਚੈਨਲਾਂ ਵਲੋਂ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਟੀ ਵੀ ਸੀਰੀਅਲ ਅਤੇ ਹੋਰ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕੀਤੇ ਜਾਂਦੇ ਹਨ| ਇਹਨਾਂ ਵਿੱਚੋਂ ਵੱਡੀ ਗਿਣਤੀ ਨਿੱਜੀ ਚੈਨਲਾਂ ਉਪਰ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਇਸਦੇ ਨਾਲ ਨਾਲ ਕਈ ਚੈਨਲਾਂ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮ ਵੀ ਆਮ ਪ੍ਰਸਾਰਿਤ ਹੁੰਦੇ ਹਨ ਜਿਹਨਾਂ ਵਿੱਚ ਇਹ ਆਪੋ ਬਣੇ ਬਾਬੇ ਕਿਸੇ ਉੱਚੇ ਸਿੰਘਾਸਨ ਉਪਰ ਬੈਠ ਕੇ ਆਪਣੇ ਸਾਮ੍ਹਣੇ ਖੜ੍ਹੇ ਭਗਤਾਂ ਦੇ ਸਵਾਲਾਂ ਦੇ ਅਜੀਬੋਗਰੀਬ ਜਵਾਬ ਦੇ ਰਹੇ ਹੁੰਦੇ ਹਨ|
ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੋਣ ਵਾਲੇ ਵੱਖ ਵੱਖ ਬਾਬਿਆਂ ਦੇ ਇਹ ਇਸ਼ਤਿਹਾਰਨੁਮਾ ਪ੍ਰੋਗਰਾਮ (ਜਿਹੜੇ ਇਹਨਾਂ ਬਾਬਿਆਂ ਵਲੋਂ ਖੁਦ ਹੀ ਤਿਆਰ ਕਰਵਾਏ ਜਾਂਦੇ ਹਨ) ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਤਿਆਰ ਕੀਤੇ ਜਾਂਦੇ ਹਨ| ਇਹਨਾਂ ਪ੍ਰੋਗਰਾਮਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਬਾਬਿਆਂ ਦੇ ਕਥਿਤ ਭਗਤ ਵਾਰੀ ਵਾਰੀ ਆਪਣੇ ਬਾਬਾ ਜੀ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਅਤੇ ਆਪਣੇ ਦੁਖੜੇ ਦੱਸਦੇ ਹਨ| ਉਹਨਾਂ ਦੇ ਕਥਿਤ ਬਾਬਾ ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ ਅਤੇ ਭਗਤ ”ਧੰਨ ਬਾਬਾ ਜੀ” ਕਹਿ ਕੇ ਸੰਤੁਸ਼ਟ ਹੋ ਜਾਂਦੇ ਹਨ| ਇਹ ਬਾਬੇ ਆਪਣੇ ਭਗਤਾਂ ਨੂੰ ਕਈ ਵਾਰ ਅਜੀਬੋ ਗਰੀਬ ਕੰਮ ਕਰਨ ਲਈ ਵੀ ਕਹਿ ਦਿੰਦੇ ਹਨ| ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਕੋਈ ਭਗਤ ਅਜਿਹੇ ਬਾਬਿਆਂ ਨੂੰ ਦੱਸਦਾ ਹੈ ਕਿ ਉਸਦੀ ਫਲਾਂ ਬਿਮਾਰੀ ਬਹੁਤ ਵਧੀ ਹੋਈ ਸੀ ਪਰ ਜਦੋਂ ਉਸਨੇ ਬਾਬਾ ਜੀ ਦਾ ਨਾਮ ਲੈ ਕੇ ਪ੍ਰਸ਼ਾਦ ਖਾਧਾ ਤਾਂ ਬਿਮਾਰੀ ਠੀਕ ਹੋ ਗਈ| ਹਾਲਾਂਕਿ ਅਜਿਹੇ ਪ੍ਰੋਗਰਾਮ ਵੇਖ ਕੇ ਡਾਕਟਰ ਕਾਫੀ ਹੈਰਾਨ ਹੁੰਦੇ ਹਨ ਕਿ ਬਿਨਾਂ ਦਵਾਈ ਖਾਧਿਆਂ ਹੀ ਗੰਭੀਰ ਮਰੀਜ਼ ਕਿਵੇਂ ਠੀਕ ਹੋ ਗਏ|
ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੋਣ ਵਾਲੇ ਅਜਿਹੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕ ਅਜਿਹੇ ਢੋਂਗੀ ਬਾਬਿਆਂ ਦੇ ਭਗਤ ਬਣ ਕੇ ਆਪਣੀ ਆਰਥਿਕ ਲੁੱਟ ਕਰਵਾਉਂਦੇ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਟੀ. ਵੀ. ਸੀਰੀਅਲ ਜਾਦੂ ਟੂਣੇ, ਭੂਤਾਂ- ਪ੍ਰੇਤਾਂ, ਆਤਮਾਵਾਂ ਅਤੇ ਕਾਲੇ ਜਾਦੂ ਦੀਆਂ ਕਹਾਣੀਆਂ ਵਿਖਾਉਂਦੇ ਹਨ ਜਿਹੜੇ ਸਮਾਜ ਵਿੱਚ ਅੱਧ ਵਿਸ਼ਵਾਸ ਦਾ ਪਸਾਰ ਕਰਦੇ ਹਨ| ਇਹਨਾਂ ਸੀਰੀਅਲਾਂ ਨੂੰ ਵੇਖਣ ਵਾਲੇ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਰਹੇ ਹਨ| ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਆਮ ਘਰੇਲੂ ਸੀਰੀਅਲਾਂ ਵਿਚ ਹੀ ਭੂਤ-ਪ੍ਰੇਤ ਵਾੜ ਦਿੱਤੇ ਜਾਂਦੇ ਹਨ ਜਾਂ ਫਿਰ ਕੋਈ ਪੁਨਰ ਜਨਮ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ|
ਇਸੇ ਤਰ੍ਹਾਂ ਸਾਡੀਆਂ ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਫੈਲਾਇਆ ਜਾਂਦਾ ਹੈ| ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਦੀਆਂ ਫਿਲਮਾਂ ਵੀ ਬਹੁਤ ਬਣਦੀਆਂ ਹਨ| ਭੂਤਾਂ ਪ੍ਰੇਤਾਂ ਦੀਆਂ ਇਹ ਕਹਾਣੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਵੀ ਹਨ ਅਤੇ ਉਹਨਾਂ ਵਿੱਚ ਅੰਧਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ| ਅਜਿਹੀਆਂ ਸਾਰੀਆਂ ਫਿਲਮਾਂ ਵਿੱਚ ਕਿਸੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਨਾ ਸਿਰਫ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਨਾਲ ਪ੍ਰੇਤ ਆਤਮਾਵਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਰੱਖਦਾ ਹੈ ਅਤੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ| ਅਜਿਹੀਆਂ ਫਿਲਮਾਂ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ|
ਇਸ ਸਾਰੇ ਕੁੱਝ ਤੇ ਕਾਬੂ}ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ ਅਤੇ ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲੱਗੇ ਅਤੇ ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਬਾਬਿਆਂ ਦੇ ਪ੍ਰੋਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਵੇ| ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *