ਅੰਧ ਵਿਸ਼ਵਾਸ ਫੈਲਾਉਣ ਵਾਲੇ ਟੀ. ਵੀ. ਪ੍ਰੋਗਰਾਮਾਂ ਅਤੇ ਫਿਲਮਾਂ ਤੇ ਪਾਬੰਦੀ ਲੱਗੇ

ਫਿਲਮਾਂ ਅਤੇ ਟੈਲੀਵਿਜਨ ਸਾਡੇ ਦੇਸ਼ ਵਿੱਚ ਦਰਸ਼ਕਾਂ ਦੇ ਮਨੋਰੰਜਨ ਦਾ ਸਭਤੋਂ ਵੱਡਾ ਸਾਧਨ ਹਨ ਅਤੇ ਕੋਰੋਨਾ ਦੀ ਇਸ ਮਹਾਮਾਰੀ ਦੌਰਾਨ ਜਦੋਂ ਜਿਆਦਾਤਰ ਵਿਅਕਤੀ ਆਪਣਾ ਵੱਧ ਤੋਂ ਵੱਧ ਸਮਾਂ ਆਪੋ ਆਪਣੇ ਘਰਾਂ ਵਿੱਚ ਹੀ ਗੁਜਾਰ ਰਹੇ ਹਨ, ਉਹਨਾਂ ਦਾ ਜਿਆਦਾ ਸਮਾਂ ਟੀ ਵੀ ਦੇਖਦਿਆਂ ਹੀ ਲੰਘਦਾ ਹੈ| ਸਿਨੇਮਾ ਘਰ ਬੰਦ ਹੋਣ ਕਾਰਨ ਭਾਵੇਂ ਲੋਕ ਫਿਲਮ ਵੇਖਣ ਲਈ ਬਾਹਰ ਨਹੀਂ ਜਾਂਦੇ ਪਰੰਤੂ ਟੈਲੀਵਿਜਨ ਤੇ ਫਿਲਮਾਂ ਵੀ ਖੂਬ ਵੇਖੀਆਂ ਜਾਂਦੀਆਂ ਹਨ ਅਤੇ ਅਜਿਹੇ ਕਈ ਚੈਨਲ ਮੌਜੂਦ ਹਨ ਜਿਹੜੇ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਵਿਖਾਉਂਦੇ ਰਹਿੰਦੇ ਹਨ| ਆਮ ਲੋਕਾਂ (ਖਾਸ ਕਰ ਘਰੇਲੂ ਔਰਤਾਂ) ਵਲੋਂ ਟੀ ਵੀ ਤੇ ਆਉਣ ਵਾਲੇ ਇਹਨਾਂ ਵੱਖ ਵੱਖ ਪ੍ਰੋਗਰਾਮਾਂ ਨੂੰ ਬਹੁਤ ਜਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਕਾਫੀ ਸਮਾਂ ਵੱਖ ਵੱਖ ਟੀ ਵੀ ਪ੍ਰੋਗਰਾਮ ਵੇਖਦਿਆਂ ਹੀ ਲੰਘਦਾ ਹੈ| 
ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਨਵੇਂ ਮਨੋਰੰਜਨ ਅਤੇ ਖਬਰੀਆ ਚੈਨਲ ਆਰੰਭ ਹੋਏ ਹਨ ਜਿਹਨਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਤਾਜਾ ਖਬਰਾਂ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ| ਟੀ ਵੀ ਚੈਨਲਾਂ ਵਲੋਂ ਆਪਣੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕੀਤੇ ਜਾਂਦੇ ਹਨ| ਇਹਨਾਂ ਵਿੱਚੋਂ ਜਿਆਦਾਤਰ ਚੈਨਲਾਂ ਵਲੋਂ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਇਸਦੇ ਨਾਲ ਨਾਲ ਕਈ ਚੈਨਲਾਂ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਆਮ ਹੈ| ਇਹਨਾਂ ਵਿੱਚੋਂ ਕਈ ਟੀ. ਵੀ. ਸੀਰੀਅਲ ਜਾਦੂ                    ਟੂਣੇ, ਭੂਤਾਂ- ਪ੍ਰੇਤਾਂ, ਚੁੜੈਲਾਂ, ਡਾਇਨਾਂ, ਭਟਕਦੀਆਂ ਆਤਮਾਵਾਂ ਅਤੇ ਕਾਲੇ ਜਾਦੂ ਦੀਆਂ ਕਹਾਣੀਆਂ ਵਿਖਾਉਂਦੇ ਹਨ ਜਿਹੜੀਆਂ ਸਮਾਜ ਵਿੱਚ ਅੱਧ ਵਿਸ਼ਵਾਸ ਦਾ ਪਸਾਰ ਕਰਦੀਆਂ ਹਨ ਅਤੇ ਇਹਨਾਂ ਸੀਰੀਅਲਾਂ ਨੂੰ ਵੇਖਣ ਵਾਲੇ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਰਹੇ ਹਨ| 
ਸਾਡੀਆਂ ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੇ ਫਿਲਮਾਂ ਆਮ ਬਣਦੀਆਂ ਹਨ| ਭੂਤਾਂ ਪ੍ਰੇਤਾਂ ਦੀਆਂ ਇਹ ਕਹਾਣੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਵੀ ਹਨ ਅਤੇ ਉਹਨਾਂ ਵਿੱਚ ਅੰਧਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ| ਅਜਿਹੀਆਂ ਤਮਾਮ ਕਹਾਣੀਆਂ ਵਿੱਚ ਕਿਸੇ ਨਾ ਕਿਸੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਪ੍ਰੇਤ ਆਤਮਾਵਾਂ ਨੂੰ  ਆਪਣੇ ਕਬਜੇ ਵਿੱਚ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ| ਅਜਿਹੀਆਂ ਕਹਾਣੀਆਂ ਦੇ ਫਿਲਮਾਂਕਣ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ|
ਸਾਡੀਆਂ ਫਿਲਮਾਂ ਅਤੇ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੋਣ ਵਾਲੇ ਅਜਿਹੇ ਹੋਰ ਦੂਜੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕਾਂ ਵਿੱਚ  ਅੰਧਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ਦਾ ਪਸਾਰ ਹੁੰਦਾ ਹੈ| ਅੱਜ ਜਦੋਂ ਵਿਗਿਆਨ ਨੇ ਕਾਫੀ ਤਰੱਕੀ ਕਰ ਲਈ ਹੈ, ਸਾਡੇ ਸਮਾਜ ਵਿੱਚ ਅੰਧਵਿਸ਼ਵਾਸ਼ ਦਾ ਪਸਾਰ ਕਰਨ ਵਾਲੇ ਅਜਿਹੇ ਟੀ ਵੀ ਪ੍ਰੋਗਰਾਮ ਅਤੇ ਫਿਲਮਾਂ ਲੋਕਾਂ ਨੂੰ ਪਿੱਛੇ ਧੱਕਣ ਦਾ ਕੰਮ ਕਰਦੇ ਹਨ ਅਤੇ ਅੰਧ ਵਿਸ਼ਵਾਸ਼ ਵਿੱਚ ਫਸਣ ਤੋਂ ਬਾਅਦ ਆਮ ਲੋਕ ਭੂਤਾਂ ਪ੍ਰੇਤਾਂ ਅਤੇ ਜਾਦੂ ਟੂਣੇ ਦੇ ਚੱਕਰ ਵਿੱਚ ਅਖੌਤੀ ਬਾਬਿਆਂ ਦੇ ਜਾਲ ਵਿੱਚ ਫਸ ਜਾਂਦੇ ਹਨ| 
ਅੰਧਵਿਸ਼ਵਾਸ ਦਾ ਪਸਾਰ ਕਰਨ ਵਾਲੇ ਇਹਨਾਂ ਟੀ ਵੀ ਪ੍ਰੋਗਰਾਮਾਂ ਅਤੇ ਫਿਲਮਾਂ ਕਾਰਨ ਸਮਾਜ ਤੇ ਪੈਂਦੇ ਮਾੜੇ ਪ੍ਰਭਾਵ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ ਅਤੇ ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲੱਗਾਈ ਜਾਵੇ|  ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਬਾਬਿਆਂ ਦੇ ਪ੍ਰੋਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *