ਅੰਨਦਾਤਾ ਬਨਾਮ ਕਿਸਾਨਾਂ ਦੀਆਂ ਖੁਦਕੁਸ਼ੀਆਂ

ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ| ਪੰਜਾਬ ਭਾਰਤ ਦੇ ਅੰਨ ਭੰਡਾਰ ਵਿੱਚ ਸਭ ਤੋਂ ਜਿਆਦਾ ਹਿੱਸਾ ਕਰੀਬ 70 ਫੀਸਦੀ ਪਾਉਂਦਾ ਹੈ| ਭਾਰਤ ਅੰਨ ਪੱਖੋਂ ਪੰਜਾਬ ਦੇ ਉਪਰ ਨਿਰਭਰ ਹੈ ਅਤੇ ਪੰਜਾਬ ਅੰਨ ਦੀ ਪੈਦਾਵਾਰ ਲਈ ਆਪਣੇ ਕਿਸਾਨਾਂ ਉਪਰ ਨਿਰਭਰ ਹੈ ਪਰ ਕੀ ਕਾਰਨ ਹੈ ਕਿ ਦੇਸ਼ ਦਾ ਅੰਨਦਾਤਾ ਆਪ ਭੁੱਖੇ ਢਿੱਡ ਰਹਿਣ ਲਈ ਮਜ਼ਬੂਰ ਹੈ| ਇਹ ਪੰਜਾਬੀ ਕਿਸਾਨ ਹੀ ਹਨ, ਜਿਹਨਾਂ ਨੇ ਪੰਜਾਬ ਦੀ ਧਰਤੀ ਉਪਰੋਂ ਸੰਘਣੇ ਜੰਗਲਾਂ ਨੂੰ ਸਾਫ ਕਰਕੇ ਉਥੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਤੇਜ਼ ਗਰਮੀ ਦੇ ਨਾਲ -ਨਾਲ ਹੱਢ ਚੀਰਵੀਂ ਠੰਡ ਵਿਚ ਵੀ ਦਿਨ ਤੇ ਰਾਤਾਂ ਨੂੰ ਵੀ ਜਾਗ ਕੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆਂ| ਸਰਦੀਆਂ ਦੀ ਰੁੱਤ ਵਿੱਚ ਪੈਂਦੇ ਕੱਕਰ ਵਿੱਚ ਬਰਫ਼ ਵਰਗੇ ਠੰਡੇ ਪਾਣੀ ਵਿੱਚ ਨੰਗੇ ਪੈਰੀ ਨੱਕੇ ਮੋੜਨ ਵਾਲਾ ਪੰਜਾਬੀ ਕਿਸਾਨ ਅੱਜ ਜੇ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ, ਤਾਂ ਇਸ ਦੇ ਵੀ ਕਈ ਕਾਰਨ ਹਨ, ਕਿਸਾਨਾਂ ਦਾ ਖੁਦਕੁਸ਼ੀਆਂ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ|
ਸੰਨ- 47 ਦਾ ਦਰਦ ਹੰਢਾ ਚੁੱਕੇ ਲੋਕਾਂ ਨੂੰ ਚੰਗੀ ਤਰਾਂ ਯਾਦ ਹੋਵੇਗਾ ਕਿ ਪਾਕਿਸਤਾਨ ਦੇ ਇਲਾਕੇ ਵਿੱਚ ਬਾਰਾਂ ਨੂੰ ਆਬਾਦ ਕਰਨ ਵਾਲੇ ਵੀ ਤਾਂ ਪੰਜਾਬੀ ਕਿਸਾਨ ਹੀ ਸਨ,ਜਿਹਨਾਂ ਨੇ ਸਖਤ ਮਿਹਨਤ ਕਰਕੇ ਬਾਰਾਂ ਦੇ ਜੰਗਲੀ ਇਲਾਕੇ ਨੂੰ ਉਪਜਾਊ ਧਰਤੀ ਵਿਚ ਬਦਲ ਦਿਤਾ ਸੀ,ਜਿਥੇ ਕਿਤੇ ਜੰਗਲ ਹੁੰਦੇ ਸਨ,ਉਥੇ ਹਰ ਪਾਸੇ ਫਸਲਾਂ ਪੈਲਾਂ ਪਾਉਣ ਲੱਗ ਪਈਆਂ ਸਨ| 15 ਅਗਸਤ 1947 ਨੂੰ ਦੇਸ਼ ਤਾਂ ਆਜ਼ਾਦ ਹੋ ਗਿਆ ਸੀ ਪਰ ਦੇਸ਼ ਦੇ ਦੋ ਟੋਟੇ ਵੀ ਹੋ ਗਏ ਸਨ ਤੇ ਬਾਰਾਂ ਦਾ ਇਲਾਕਾ ਪਾਕਿਸਤਾਨ ਵਿਚ ਆ ਜਾਣ ਕਾਰਨ ਉਥੋਂ ਪੰਜਾਬੀ ਖਾਸ ਕਰਕੇ ਸਿੱਖ ਕਿਸਾਨਾਂ ਨੂੰ ਉਜੜ ਕੇ ਭਾਰਤ ਦੇ ਇਲਾਕੇ ਵਿਚ ਆਉਣਾ ਪਿਆ ਸੀ|
ਪੰਜਾਬੀ ਕਿਸਾਨਾਂ ਦੀ ਸਖਤ ਮਿਹਨਤ ਕਰਕੇ ਹੀ ਭਾਰਤ ਦੇ ਹੋਰਨਾਂ ਸੂਬਿਆਂ ਵਲੋਂ ਆਪਣੇ ਸੂਬਿਆਂ ਵਿੱਚ ਜ਼ਮੀਨਾਂ ਦੇ ਕੇ ਵਸਾਇਆ ਗਿਆ| ਗੁਜਰਾਤ ਤੇ ਹਰਿਆਣਾ ਅਤੇ ਹੋਰ ਸੂਬਿਆਂ ਵਿਚ ਪੰਜਾਬੀ ਕਿਸਾਨਾਂ ਨੇ ਬੰਜਰ ਜ਼ਮੀਨ ਨੂੰ ਹੀ ਆਪਣੀ ਮਿਹਨਤ ਕਰਕੇ ਉਪਜਾਊ ਕਰ ਦਿਤਾ, ਹੁਣ ਭਾਵੇਂ ਜ਼ਮੀਨਾਂ ਉਪਜਾਊ ਹੋ ਜਾਣ ਕਰਕੇ ਇਹਨਾਂ ਕਿਸਾਨਾਂ ਨੂੰ ਉਜਾੜੇ ਦਾ ਡਰ ਸਤਾਉਣ ਲੱਗਿਆ ਹੈ|
ਪੰਜਾਬ ਵਿੱਚ ਹੀ ਪੰਜਾਬੀ ਕਿਸਾਨਾਂ ਵਿਚੋਂ ਅਨੇਕਾ ਕਿਸਾਨਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੈ| ਵੱਡੇ ਕਿਸਾਨਾਂ ਦੀ ਦੇਖਾਦੇਖੀ ਆਮ ਕਿਸਾਨ ਵੀ ਆਪਣੇ ਖਰਚੇ ਵਧਾ ਲੈਂਦਾ ਹੈ, ਇਹੀ ਖਰਚੇ ਹੀ ਫਿਰ ਕਿਸਾਨ ਲਈ ਜੀ ਦਾ ਜੰਜਾਲ ਬਣ ਜਾਂਦੇ ਹਨ| ਕਿਸਾਨਾਂ ਦੇ ਕਰਜ਼ੇ ਦੀ ਮਾਰ ਹੇਠ ਆਉਣ ਦੇ ਕਈ ਕਾਰਨ ਹਨ| ਇਹ ਹਰ ਦਿਨ ਹੀ ਦੇਖਿਆ ਜਾਂਦਾ ਹੈ ਕਿ ਅੱਜ ਵੱਡੇ ਕਿਸਾਨਾਂ-ਜਿੰਮੀਦਾਰਾਂ ਤੋਂ ਲੈ ਕੇ ਦੋ ਤਿੰਨ ਏਕੜ ਦੇ ਮਾਲਕ ਕਿਸਾਨ ਜਾਂ ਫਿਰ ਠੇਕੇ ਉਪਰ ਹੀ ਜ਼ਮੀਨ ਲੈ ਕੇ ਵਾਹੁਣ ਵਾਲੇ ਕਿਸਾਨ ਵੀ ਆਪਣੇ ਬੱਚਿਆਂ ਦੇ ਵਿਆਹ ਮਹਿੰਗੇ ਮੈਰਿਜ ਪੈਲਿਸਾਂ ਵਿੱਚ ਕਰਨ ਲੱਗ ਪਏ ਹਨ, ਕਈ ਕਿਸਾਨਾਂ ਵਲੋਂ ਆਪਣੀਆਂ ਧੀਆਂ ਦੇ ਵਿਆਹ ਮੌਕੇ ਵੱਡੀਆਂ ਤੇ ਮਹਿੰਗੀਆਂ ਕਾਰਾਂ ਦਾਜ਼ ਵਿੱਚ ਦਿੱਤੀਆਂ ਜਾ ਰਹੀਆਂ ਹਨ| ਕਈ ਕਿਸਾਨਾਂ ਦੇ ‘ਕਾਕੇ’ ਖੇਤ ਜਾਣ ਦੀ ਥਾਂ ਚਿੱਟੇ ਕੁੜਤੇ ਪਜਾਮੇ ਪਾ ਕੇ ਸ਼ਹਿਰਾਂ ਵਿੱਚ ਘੁੰਮਣ ਨੂੰ ਤਰਜੀਹ ਦੇਣ ਲੱਗੇ ਹਨ | ਕਈ ਕਿਸਾਨਾਂ ਦੇ ਕਾਕਿਆਂ ਕੌਲ ਤਾਂ ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਹਨ, ਜਿਹਨਾਂ ਵਿਚ ਉਹ ਘੁੰਮਦੇ ਹਨ| ਇਸ ਤੋਂ ਇਲਾਵਾ ਵੱਡੇ ਜਿੰਮੀਦਾਰਾਂ ਵਾਂਗ ਹੀ ਛੋਟੇ ਕਿਸਾਨਾਂ ਕੌਲ ਵੀ ਆਪਣੇ ਟ੍ਰੈਕਟਰ ਟਰਾਲੀਆਂ ਹਨ, ਜੋ ਕਿ ਜ਼ਿਆਦਾਤਰ ਕਿਸ਼ਤਾਂ ਉਪਰ ਹੀ ਲਏ ਹੁੰਦੇ ਹਨ| ਕਈ ਵਾਰ ਇਹਨਾਂ ਟ੍ਰੈਕਟਰਾਂ ਦੀਆਂ ਕਿਸ਼ਤਾਂ ਭਰਦੇ ਹੀ ਕਿਸਾਨ ਜਵਾਨੀ ਵਿਚ ਬੁੱਢਾ ਹੋ ਜਾਂਦਾ ਹੈ|
ਇਸ ਤਰਾਂ ਸਾਰੀ ਉਮਰ ਹੀ ਕਿਸਾਨ ਦੀ ਕਰਜ਼ੇ ਦੇ ਜੰਜਾਲ ਵਿਚ ਫਸੇ ਦੀ ਲੰਘ ਜਾਂਦੀ ਹੈ ਪਰ ਕਰਜ਼ਾ ਨਹਂੀਂ ਮੁਕਦਾ| ਕਿਸਾਨ ਦੀ ਜਿੰਦਗੀ ਮੁੱਕ ਜਾਂਦੀ ਹੈ ਪਰ ਸ਼ਾਹਾਂ,ਸਰਕਾਰ ਤੇ ਸੁਸਾਇਟੀਆਂ ਦਾ ਕਰਜਾ ਨਹੀਂ ਮੁਕਦਾ| ਇਸ ਤਰਾਂ ਖੇਤਾਂ ਦੇ ਮਾਲਕ ਕਿਸਾਨ ਜ਼ਮੀਨ ਵੇਚਣ ਲਈ ਮਜਬੂਰ ਹੋ ਜਾਂਦੇ ਹਨ| ਵੱਡੀ ਗਿਣਤੀ ਕਿਸਾਨ ਜ਼ਮੀਨ ਵੇਚੇ ਜਾਂ ਗਹਿਣੇ ਹੋਣ ਕਰਕੇ ਖੇਤੀ ਦੀ ਥਾਂ ਹੋਰ ਕੰਮ ਕਰਨ ਲਈ ਮਜਬੂਰ ਹੋ ਗਏ ਹਨ| ਕਈ ਗਰੀਬ ਕਿਸਾਨ ਤਾਂ ਸ਼ਹਿਰਾਂ ਦੇ ਲੇਬਰ ਚੌਂਕਾਂ ਵਿਚ ਖੜਕੇ ਲੇਬਰ ਦਾ ਕੰਮ ਲੱਭਦੇ ਵੇਖੇ ਜਾਂਦੇ ਹਨ| ਇਹ ਕਿਸਾਨ ਵਰਗ ਦੀ ਅਸਲ ਤਸਵੀਰ ਹੈ|
ਹੁਣ ਹਰ ਆਮ ਵਿਅਕਤੀ ਸੋਚਦਾ ਹੈ ਕਿ ਆਖਰ ਇਹ ਹੋ ਕੀ ਰਿਹੈ, ਕਿਉਂ ਪੰਜਾਬ ਵਿੱਚ ਇੱਕ ਪਾਸੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਤੇ ਦੁਜੇ ਪਾਸੇ ਖੇਤਾਂ ਵਿਚ ਬਣੇ ਮਹਿਲਾਂ ਵਰਗੇ ਘਰ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਕਈ (ਸਾਰੇ ਨਹੀਂ ) ਕਿਸਾਨਾਂ ਦੇ ਅੱਧਪੜ੍ਹ ਕਾਕੇ ਐਸ਼ਪ੍ਰਸਤੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ| ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕਿਸਾਨਾਂ ਦੇ ਕਾਕਿਆਂ ਦੀ ਐਸ਼ਪ੍ਰਸਤੀ ਅਸਲ ਵਿੱਚ ਆਪਾ ਵਿਰੋਧੀ ਗਲਾਂ ਨੇ ਪਰ ਹਨ ਬਿਲਕੁੱਲ ਸੱਚ ਅਤੇ ਦੋਵਾਂ ਵਿਚਾਲੇ ਡੂੰਘਾਂ ਸਬੰਧ ਵੀ ਹੈ|
ਕੋਈ ਦਿਨ ਹੀ ਜਾਂਦਾ ਹੈ ਜਿਸ ਦਿਨ ਪੰਜਾਬ ਦੇ ਕਿਸੇ ਪਿੰਡ ਜਾਂ ਕਸਬੇ ਵਿਚੋਂ ਕਿਸਾਨ ਜਾਂ ਮਜ਼ਦੂਰ ਵਲੋਂ ਖੁਦਕੁਸ਼ੀ ਕਰਨ ਦੀ ਖਬਰ ਨਾ ਆਉਂਦੀ ਹੋਵੇ| ਖੇਤਾਂ ਦੇ ਪੁੱਤ ਹੁਣ ਖੇਤਾਂ ਵਿੱਚ ਹੀ ਖੁਦਕੁਸ਼ੀ ਕਰਨ ਨੂੰ ਕਿਉਂ ਮਜ਼ਬੂਰ ਹੋ ਰਹੇ ਹਨ , ਇਸ ਤਰਾਂ ਦੇ ਕਈ ਸਵਾਲ ਹਰ ਇੱਕ ਦਿਮਾਗ ਵਿੱਚ ਘੁੰਮਦੇ ਹਨ| ਕੁੱਝ ਵਿਦਵਾਨਾਂ ਦਾ ਕਹਿਣੈ ਕਿ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਨਿਘਾਰ ਲਈ ਸਰਕਾਰ ਜਿੰਮੇਵਾਰ ਹੈ, ਫਸਲਾਂ ਦਾ ਸਹੀ ਭਾਅ ਨਹੀਂ ਮਿਲਦਾ ਤੇ ਜੋ ਪੈਸੇ ਮਿਲਦੇ ਨੇ ,ਉਹ ਪਿਛਲਾ ਕਰਜਾ ਲਾਹੁਣ ਵਿਚ ਹੀ ਖਤਮ ਹੋ ਜਾਂਦੇ ਨੇ|
ਪੰਜਾਬ ਵਿਚ ਬਾਰਾਂ ਹਜਾਰ ਤੋਂ ਵੱਧ ਪਿੰਡ ਹਨ ਤੇ ਇਹਨਾਂ ਪਿੰਡਾਂ ਵਿਚ ਪਹਿਲਾਂ ਆਪਸੀ ਦੂਰੀ ਕਾਫੀ ਜਿਆਦਾ ਸੀ,ਹੁਣ ਇਹ ਘੱਟ ਗਈ ਹੈ ਇਸਦਾ ਕਾਰਨ ਪਿੰਡਾਂ ਦੀ ਆਬਾਦੀ ਵੱਧਦੀ ਵੱਧਦੀ ਹੁਣ ਖੇਤਾਂ ਤੱਕ ਵੀ ਪਹੁੰਚ ਗਈ ਹੈ| ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਮੁੱਲ ਨਹੀਂ ਮਿਲਦਾ ਪਰ ਹਰ ਸਾਲ ਹੀ ਖਾਦ ਤੇ ਹੋਰ ਖੇਤੀ ਨਾਲ ਸਬੰਧਿਤ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ| ਪੰਜਾਬ ਵਿਚ ਕਦੇ ਸੋਕਾ ਪੈ ਜਾਂਦਾ ਹੈ ਤੇ ਲੰਬਾਂ ਸਮਾਂ ਮੀਂਹ ਹੀ ਨਹੀਂ ਪੈਂਦਾ ਤੇ ਕਦੇ ਪੰਜਾਬ ਵਿਚ ਹੜ੍ਹ ਆ ਜਾਂਦਾ ਹੈ ਤੇ ਕਿਸਾਨਾਂ ਦੀ ਫਸਲ ਹੜ੍ਹ ਵਿੱਚ ਹੀ ਰੁੜ ਜਾਂਦੀ ਹੈ| ਜਦੋਂ ਹੜ ਵਿਚ ਫਸਲ ਰੁੜ ਜਾਵੇ ਜਾਂ ਸੋਕੇ ਕਾਰਨ ਸੁੱਕ ਹੀ ਜਾਵੇ, ਸ਼ਾਹ ਦਾ ਕਰਜਾ ਹੋਰ ਵੱਧ ਜਾਵੇ, ਬੈਂਕ ਵਾਲੇ ਕਿਸ਼ਤਾਂ ਉਪਰ ਲਏ ਟ੍ਰੈਕਟਰ ਨੂੰ ਕਿਸ਼ਤਾਂ ਨਾ ਭਰਨ ਕਰਕੇ ਲੈ ਜਾਣ ਜਾਂ ਘਰਾਂ ਦੀ ਕੁਰਕੀ ਕਰਨ ਦੀ ਧਮਕੀ ਦੇਣ, ਲੱਖਾਂ ਰੁਪਏ ਲਗਾ ਕੇ ਮੈਰਿਜ ਪੈਲੇਸਾਂ ਵਿਚ ਵਿਆਹ ਕਰਨ ਦੇ ਬਾਵਜੂਦ ਧੀ ਸਹੁਰੇ ਸੁਖੀ ਨਾ ਹੋਵੇ , ਪੁੱਤ ਕੰਮ ਕਰਨ ਦੀ ਥਾਂ ਨਸ਼ੇਈ ਹੋਵੇ ਤਾਂ ਫਿਰ ਅਜਿਹਾ ਕਿਸਾਨ ਖੁਦਕਸ਼ੀ ਨਹੀਂ ਕਰੇਗਾ ਤਾਂ ਹੋਰ ਦਸੋ ਫੇਰ ਕੀ ਕਰੇਗਾ|
ਇੱਕ ਪਾਸੇ ਕਈ ਕਿਸਾਨ ਅਜਿਹੇ ਹਨ ਜਿਹਨਾਂ ਦੇ ਘਰ ਕਰਜ਼ਾ ਵਾਪਸ ਮੰਗਣ ਵਾਲੇ ਨਿੱਤ ਗੇੜੇ ਮਾਰ ਰਹੇ ਹਨ,ਮੁੰਡੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਨ,ਪਰ ਦੂਜੇ ਪਾਸੇ ਅਜਿਹੇ ਕਿਸਾਨ ਵੀ ਹਨ,ਜੋ ਕਿ ਖੇਤ ਵੀ ਵੱਡੀ ਗੱਡੀ ਵਿਚ ਗੇੜਾ ਜਿਹਾ ਮਾਰਨ ਜਾਂਦੇ ਨੇ, ਮੁੰਡੇ ਕਾਰਾਂ ਉਪਰ ਪੱਠੇ ਲੈ ਕੇ ਆਂਉਂਦੇ ਨੇ| ਖੇਤਾਂ ਵਿਚ ਤੇ ਘਰਾਂ ਵਿਚ ਕੰਮ ਕਰਨ ਲਈ ਮਜ਼ਦੂਰ ਰੱਖੇ ਹੋਏ ਹਨ| ਅਸਲ ਵਿੱਚ ਖੇਤੀ ਖੇਤਰ ਵਿਚ ਵੀ ਹੁਣ ਪੂੰਜੀਵਾਦ ਆ ਗਿਆ ਹੈ| ਅਮੀਰ ਕਿਸਾਨ ਹੋਰ ਅਮੀਰ ਹੋ ਰਿਹਾ ਹੈ| ਗਰੀਬ ਕਿਸਾਨ ਹੋਰ ਗਰੀਬ ਹੋ ਰਿਹਾ ਹੈ| ਵੱਖ- ਵੱਖ ਥਾਵਾਂ ਉਪਰ ਲੱਗਦੀਆਂ ਟ੍ਰੈਕਟਰ ਮੰਡੀਆਂ ਵਿੱਚ ਕਿਸਾਨਾਂ ਦੇ ਨਵੇਂ ਟ੍ਰੈਕਟਰ ਹੀ ਵਿਕਣ ਲਈ ਖੜੇ ਵੇਖੇ ਜਾ ਸਕਦੇ ਹਨ| ਗਰੀਬ ਕਿਸਾਨਾਂ ਦੇ ਸੁਪਨੇ ਖੇਤਾਂ ਦੀ ਮਿੱਟੀ ਵਿੱਚ ਕੰਮ ਕਰਦਿਆਂ ਮਿੱਟੀ ਵਿੱਚ ਹੀ ਰੁਲ ਰਹੇ ਹਨ|
ਜਿਹੜੇ ਕਿਸਾਨਾਂ ਨੇ ਪੰਜਾਬ ਦੀ ਧਰਤੀ ਉਪਰ ਚਿੱਟਾ ਤੇ ਹਰਾ ਇਨਕਲਾਬ ਲਿਆਂਦਾ, ਉਹਨਾਂ ਦੀ ਹਾਲਤ ਵਿੱਚ ਸੁਧਾਰ ਲਈ ਫੌਕੀ ਸ਼ੁਹਰਤਬਾਜੀ ਵਾਲੇ ਬਿਆਨ ਦੇਣ ਦੀ ਥਾਂ ਠੋਸ ਰੂਪ ਵਿਚ ਕਾਰਵਾਈ ਕਰਨ ਦੀ ਲੋੜ ਹੈ| ਇਸ ਦੇ ਨਾਲ ਹੀ ਸਰਕਾਰ ਨੂੰ ਖਰਾਬ ਹੋਈਆਂ ਫਸਲਾਂ ਦੇ ਯੋਗ ਮੁਆਵਜ਼ੇ ਦੇ ਨਾਲ ਹੀ ਕਿਸਾਨਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਬੱਚਿਆਂ ਲਈ ਹੀ ਰੁਜ਼ਗਾਰ ਦੇ ਵਸੀਲੇ ਹੋਰ ਪੈਦਾ ਕਰਨੇ ਚਾਹੀਂਦੇ ਹਨ | ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਅਪਨਾਉਣ ਤਾਂ ਕਿ ਕੁਦਰਤੀ ਆਫਤਾਂ ਸਮੇਂ ਜੇ ਫਸਲ ਖਰਾਬ ਹੋ ਜਾਵੇ ਤਾਂ ਸਰਕਾਰ ਦੀ ਸਹਾਇਤਾ ਉਡੀਕਣ ਦੀ ਥਾਂ ਦੂਜੇ ਸਹਾਇਕ ਧੰਦਿਆਂ ਕਾਰਨ ਕਿਸਾਨਾਂ ਦੇ ਘਰਾਂ ਦਾ ਖਰਚ ਤਾਂ ਚੱਲ ਸਕੇ| ਇਸ ਤਰਾਂ ਕਿਸਾਨਾਂ ਲਈ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਉਹ ਖੁਦਕੁਸ਼ੀ ਵਰਗੇ ਰਾਹ ਅਪਨਾਉਣ ਤੋਂ ਗੁਰੇਜ਼ ਕਰਨਗੇ|
ਜਗਮੋਹਨ ਸਿੰਘ ਲੱਕੀ

Leave a Reply

Your email address will not be published. Required fields are marked *