ਅੰਬੇਦਕਰ ਭਲਾਈ ਮੰਚ ਵਲੋਂ ਰੈਲੀ

ਐਸ ਏ ਐਸ ਨਗਰ, 12 ਫਰਵਰੀ (ਆਰ ਪੀ ਵਾਲੀਆ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਭਲਾਈ ਮੰਚ ਵਲੋਂ ਅੱਜ ਫੇਜ਼ 6 ਵਿੱਚ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਨਿਜੀ ਖੇਤਰ ਨੂੰ ਦੇਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦਿਆ ਦਾ ਨਿੱਜੀਕਰਨ ਹੋ ਜਾਵੇਗਾ|
ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲੇ ਹਰ ਸਾਲ ਮਾਪਿਆਂ ਤੋਂ ਬੱਚਿਆਂ ਦੇ ਦਾਖਲੇ ਲਈ ਭਾਰੀ ਫੀਸਾਂ ਲੈ ਕੇ ਲੁੱਟ ਖਸੁੱਟ ਕਰ ਰਹੇ ਹਨ ਅਤੇ ਹਰ ਸਾਲ ਦਾਖਲਾ ਫੀਸ, ਮਹੀਨੇ ਦੀ ਫੀਸ ਵਿਚ ਵਾਧਾ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਰਦੀਆਂ, ਟ੍ਰਾਂਸਪੋਰਟ ਦੇ ਨਾਮ ਤੇ ਮਾਪਿਆਂ ਦੀਆਂ ਜੇਬਾਂ ਤੇ ਡਾਕੇ ਮਾਰੇ ਜਾ ਰਹੇ ਹਨ| ਪ੍ਰਾਈਵੇਟ ਸਕੂਲਾਂ ਦੇ ਮਾਲਕ ਮੋਟੀਆਂ ਫੀਸਾਂ ਲੈ ਕੇ ਵਪਾਰੀ ਬਣ ਰਹੇ ਹਨ|
ਉਹਨਾਂ ਕਿਹਾ ਕਿ 1 ਅਪ੍ਰੈਲ ਤੋਂ ਨਵਾਂ ਵਿਦਿਅਕ ਸਾਲ ਸ਼ੁਰੂ ਹੋ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਨੇ ਇਹਨਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਇਹ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਹੁਣ ਸਰਕਾਰ ਤੋਂ ਬਾਗੀ ਹੋ ਗਏ ਲੱਗਦੇ ਹਨ| ਉਹਨਾਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਵਲੋਂ ਕੀਤੀ ਜਾਂਦੀ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟ ਬੰਦ ਕਰਵਾਈ ਜਾਵੇ ਅਤੇ ਪ੍ਰਾਈਵੇਟ ਅਣਏਡਿਡ ਸਕੂਲਾਂ ਨੂੰ ਜਿਨ੍ਹਾਂ ਸ਼ਰਤਾਂ ਤੇ ਮਾਨਤਾ ਦਿੱਤੀ ਗਈ ਹੈ, ਉਹਨਾਂ ਨੂੰ ਹੂ ਬ ਹੂ ਲਾਗੂ ਕਰਵਾਇਆ ਜਾਵੇ|
ਇਸ ਮੌਕੇ ਮੰਚ ਦੇ ਚੀਫ ਪੈਟਰਨ ਕ੍ਰਿਪਾਲ ਸਿੰਘ, ਚੇਅਰਮੈਨ ਅਮਰ ਸਿੰਘ ਮਾਣਕਮਾਜਰਾ, ਜਨਰਲ ਸਕੱਤਰ ਅਮਰਜੀਤ ਸਿੰਘ ਬਠਲਾਣਾ, ਚਰਨਜੀਤ ਸਿੰਘ ਵਾਈਸ ਚੇਅਰਮੈਨ, ਡੀ ਐਸ ਫਤਹਿਗੜ੍ਹ ਅਤੇ ਹੋਰ ਅਹੁਦੇਦਾਰ ਮੌਜੂਦ ਸਨ|

Leave a Reply

Your email address will not be published. Required fields are marked *