ਅੰਬ ਸਾਹਿਬ ਕਾਲੋਨੀ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ, ਪੁਲੀਸ ਨੇ ਦੋਸ਼ ਨਕਾਰੇ

ਐਸ. ਏ. ਐਸ. ਨਗਰ, 30 ਜੂਨ (ਸ.ਬ.) ਕੁਝ ਦਿਨ ਪਹਿਲਾਂ ਫੇਜ਼ 11 ਦੇ ਬਾਹਰ ਵਾਰ ਬਣੀ ਅੰਬ ਸਾਹਿਬ ਕਾਲੋਨੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਅਤੇ ਇੱਕ ਸਥਾਨਕ ਵਸਨੀਕ ਵਿਚਾਲੇ ਹੋਏ ਝਗੜੇ (ਜਿਸ ਵਿੱਚ ਦੋਵਾਂ ਧਿਰਾਂ ਦੇ ਲਗਭਗ ਅੱਧਾ ਦਰਜਨ ਵਿਅਕਤੀ ਜਖਮੀ ਹੋਏ ਸਨ) ਦੇ ਮਾਮਲੇ ਵਿੱਚ ਕਾਲੋਨੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਨੇ ਸਥਾਨਕ ਪੁਲੀਸ ਤੇ ਇੱਕ ਪਾਸੜ ਕਾਰਵਾਈ ਕਰਨ ਦਾ ਇਲਜਾਮ ਲਗਾਉਂਦਿਆਂ ਕਿਹਾ ਕਿ ਪੁਲੀਸ ਵਲੋਂ ਉਸਨੂੰ ਅਤੇ ਉਸਦੇ ਪੁੱਤਰ ਨੂੰ ਸੱਟਾਂ ਮਾਰਨ ਵਾਲੇ ਕਾਲੋਨੀ ਦੇ ਵਸਨੀਕਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਤੇ ਹੀ ਮਾਮਲਾ ਦਰਜ ਕਰ ਦਿੱਤਾ|
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਗਿਰਧਾਰੀ ਲਾਲ ਅਤੇ ਉਹਨਾਂ ਦੇ ਪੁੱਤਰ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਉਹ ਆਪਣੀ ਗੱਡੀ ਵਿੱਚ ਘਰ ਜਾ ਰਿਹਾ ਸੀ ਅਤੇ ਰਾਹ ਵਿੱਚ ( 100 ਕੁ ਮੀਟਰ ਪਹਿਲਾਂ) ਕਾਲੋਨੀ ਦੇ ਵਸਨੀਕ ਸਤੀਸ਼ ਕੁਮਾਰ ਦੀ ਕਾਰ ਖੜ੍ਹੀ ਸੀ| ਜਦੋਂ ਉਸਨੂੰ ਸਤੀਸ਼ ਕੁਮਾਰ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇਂ ਜਖਮੀ ਹੋ ਗਏ ਅਤੇ ਉਹਨਾਂ ਨੂੰ ਫੇਜ਼-6 ਦੇ ਹਸਪਤਾਲ ਵਿੱਚ ਦਾਖਿਲ ਕਰਵਾਉਣ ਪਿਆ| ਉਹਨਾਂ ਇਲਜਾਮ ਲਗਾਇਆ ਕਿ ਇੱਕ ਅਧਿਕਾਰੀ ਥਾਣੇ ਵਿੱਚੋਂ ਆ ਕੇ ਉਹਨਾਂ ਦੇ ਬਿਆਨ ਵੀ ਦਰਜ ਕਰਕੇ ਗਿਆ ਸੀ ਪਰੰਤੂ ਬਾਅਦ ਵਿੱਚ ਪੁਲੀਸ ਨੇ ਉਹਨਾਂ ਤੇ ਹੀ ਮਾਮਲਾ ਦਰਜ ਕਰ ਦਿੱਤਾ|
ਦੂਜੇ ਪਾਸੇ ਸਤੀਸ਼ ਕੁਮਾਰ ਨੇ ਇਲਜਾਮ ਲਗਾਇਆ ਕਿ ਝਗੜੇ ਵਾਲੀ ਰਾਤ ਨੂੰ ਗਿਰਧਾਰੀ ਲਾਲ ਅਤੇ ਉਸਦੇ ਸਾਥੀਆਂ ਨੇ ਕਾਰ ਪਾਸੇ ਕਰਨ ਲਈ ਹੋਏ ਵਿਵਾਦ ਤੇ ਉਸ ਨਾਲ ਅਤੇ ਉਸਦੇ ਇੱਕ ਨਜਦੀਕੀ ਰਿਸ਼ਤੇਦਾਰ ਨਾਲ ਕੁੱਟਮਾਰ ਕੀਤੀ | ਜਿਸ ਕਾਰਨ ਉਹ ਦੋਵੇਂ ਜਖਮੀ ਹੋ ਗਏ| ਉਹਨਾਂ ਕਿਹਾ ਕਿ ਗਿਰਧਾਰੀ ਲਾਲ ਅਤੇ ਉਸਦੇ ਸਾਥੀ ਹੁਣ ਉਲਟਾ ਇਲਜਾਮ ਲਗਾ ਰਹੇ ਹਨ ਜਦੋਂਕਿ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਹੈ|
ਸੰਪਰਕ ਕਰਨ ਤੇ ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਵਲੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ| ਉਹਨਾਂ ਕਿਹਾ ਕਿ ਗਿਰਧਾਰੀ ਲਾਲ ਦੀ ਮੈਡੀਕਲ ਰਿਪੋਰਟ ਹਾਲੇ ਪੁਲੀਸ ਨੂੰ ਨਹੀਂ ਮਿਲੀ ਅਤੇ ਡਾਕਟਰਾਂ ਵਲੋਂ ਐਕਸ-ਰੇ ਦੀ ਰਿਪੋਰਟ ਤੋਂ ਬਾਅਦ ਮੈਡੀਕਲ ਰਿਪੋਰਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ| ਜਿਸਦੇ ਆਧਾਰ ਤੇ ਦੂਜੀ ਧਿਰ ਦੇ ਖਿਲਾਫ ਬਣਦਾ ਮਾਮਲਾ ਦਰਜ ਕੀਤਾ ਜਾਵੇਗਾ|
ਸੰਪਰਕ ਕਰਨ ਤੇ ਡੀ ਐਸ ਪੀ ਸਿਟੀ-2 ਸ੍ਰ. ਰਮਨਦੀਪ ਸਿੰਘ ਨੇ ਕਿਹਾ ਕਿ ਅੰਬ ਸਾਹਿਬ ਕਾਲੋਨੀ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਵਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ|

Leave a Reply

Your email address will not be published. Required fields are marked *