ਅੰਮ੍ਰਿਤਸਰ ਅਨਾਜ ਘਪਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ

ਚੰਡੀਗੜ੍ਹ, 21 ਜੂਨ (ਸ.ਬ.) ਪੰਜਾਬ ਸਰਕਾਰ ਨੇ ਅੰਮ੍ਰਿਤਸਰ ਅਨਾਜ ਵੰਡ ਘਪਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਮੁਆਫ ਨਾ ਕਰਨ ਦਾ ਭਰੋਸਾ ਦਵਾਇਆ ਹੈ| ਇਸ ਮਾਮਲੇ ਵਿੱਚ ਘਾਲਾ-ਮਾਲਾ ਕਰਨ ਵਾਲੇ ਦੋਸ਼ੀ 22 ਕਰਮਚਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਗਈ ਹੈ|  ਇਹ ਭਰੋਸਾ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੋਲਦਿਆਂ ਵਿਧਾਇਕ ਬਿਕਰਮ ਸਿੰਘ ਪਾਹਰਾ ਵਲੋਂ ਲਿਆਂਦੇ ਧਿਆਨ ਦੁਆਊ ਮਤੇ ਤੇ ਦੁਆਇਆ|
ਉਨ੍ਹਾਂ ਕਿਹਾ ਕਿ ਨਵੀਂ ਆਟਾ-ਦਾਲ ਸਕੀਮ ਹੇਠ ਲੋੜਵੰਦ ਗਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਅਨਾਜੀ ਵਸਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਘਪਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ|
ਉਨ੍ਹਾਂ ਨੇ ਸਦਨ ਵਿੱਚ ਦੱਸਿਆ ਕਿ ਜਾਂਚ ਅਧਿਕਾਰੀ ਦੀ ਰਿਪੋਰਟ ਵਿੱਚ ਪਾਏ ਗਏ ਦੋਸ਼ੀ 22 ਕਰਮਚਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਡਿਪਟੀ ਡਾਇਰੈਕਟਰ (ਜਿਸ ਦੀ ਜ਼ਿਲ੍ਹਾਂ ਕੰਟਰੋਲਰ ਦੇ ਪਦ ‘ਤੇ ਅਹੁਦਾ ਘਟਾਈ ਕੀਤੀ ਗਈ ਹੈ) ਅਤੇ ਜ਼ਿਲ੍ਹਾਂ ਖੁਰਾਕ ਸਪਲਾਈ ਕੰਟਰੋਲਰ ਵੀ ਸ਼ਾਮਲ ਹਨ|
ਅੰਮ੍ਰਿਤਸਰ ਦੇ ਵੱਖ-ਵੱਖ ਕੇਂਦਰਾਂ ਵਿੱਚ ਨਵੀਂ ਆਟਾ-ਦਾਲ ਸਕੀਮ ਦੇ ਹੇਠ ਕਣਕ ਦੇ ਵਿਤਰਣ ਵਿੱਚ ਗੜਬੜੀ ਦੀ ਪ੍ਰਾਪਤ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ|
ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਅੰਦਾਜ਼ਨ 10 ਕਰੋੜ ਰੁਪਏ ਦੀ 45000 ਕੁਇੰਟਲ ਕਣਕ ਦੇ ਘਪਲੇ ਵਿੱਚ ਕਥਿਤ ਭੂਮਿਕਾ ਵਾਸਤੇ ਚਾਰ ਸਹਾਇਕ ਖੁਰਾਕ ਸਪਲਾਈ ਅਧਿਕਾਰੀਆਂ ਅਤੇ 14 ਇੰਸਪੈਕਟਰਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ|  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ ਸਰਕਾਰੀ ਸਕੀਮਾਂ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਨ੍ਹਾਂ ਸਕੀਮਾਂ ਦੇ ਲਾਭ ਹੱਕਦਾਰ ਲੋਕਾਂ ਤੱਕ ਪਹੁੰਚ ਸਕਣ|

Leave a Reply

Your email address will not be published. Required fields are marked *