ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਜਮੀਨ ਘੁਟਾਲਾ ਮਾਮਲੇ ਵਿੱਚ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਨੇ ਕੀਤੀ ਸੀ ਬੀ ਆਈ ਜਾਂਚ ਦੀ ਮੰਗ

ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਜਮੀਨ ਘੁਟਾਲਾ ਮਾਮਲੇ ਵਿੱਚ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਨੇ ਕੀਤੀ ਸੀ ਬੀ ਆਈ ਜਾਂਚ ਦੀ ਮੰਗ
ਅਭੀ ਤੋਂ ਸ਼ੁਰੂਆਤ ਹੈ, ਆਗੇ ਆਗੇ ਦੇਖੀਏ ਹੋਤਾ ਹੈ ਕਿਆ : ਬੀਰਦਵਿੰਦਰ ਸਿੰਘ
ਐਸ ਏ ਐਸ ਨਗਰ, 6 ਨਵੰਬਰ (ਸ.ਬ.) ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਵਿੱਚ ਹੋਏ ਜਮੀਨ ਘੁਟਾਲੇ ਵਿੱਚ ਵਿਜੀਲੈਂਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਥਿਤ ਤੌਰ ਤੇ ਕਲੀਨ ਚਿੱਟ ਦਿੱਤੇ ਜਾਣ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਵਿੱਚ ਅਰਜੀ (ਜਿਸ ਵਿੱਚ ਉਹਨਾਂ ਨੇ ਖੁਦ ਨੂੰ ਸੁਣਵਾਈ ਦਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਸੀ) ਬਾਰੇ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ| ਇਸ ਸੰਬੰਧੀ ਮਾਣਯੋਗ ਅਦਾਲਤ ਵੱਲੋਂ ਪਹਿਲਾਂ ਅੱਜ (6 ਨਵੰਬਰ ਨੂੰ)  ਇਸ ਮਾਮਲੇ ਦੀ ਸੁਣਵਾਈ ਦੌਰਾਨ ਸ੍ਰ. ਬੀਰਦਵਿੰਦਰ ਸਿੰਘ ਦੀ ਅਰਜੀ ਤੇ ਵੀ ਸੁਣਵਾਈ ਕਰਨ ਲਈ ਕਿਹਾ ਸੀ ਅਤੇ ਸ੍ਰ. ਬੀਰਦਵਿੰਦਰ ਸਿੰਘ ਅੱਜ ਨਿੱਜੀ ਤੌਰ ਤੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰ. ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ ਸਨ|
ਅੱਜ ਪੇਸ਼ੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਹਾਜਿਰ ਨਹੀਂ ਹੋਏ ਪ੍ਰੰਤੂ ਇਸ ਮਾਮਲੇ ਵਿੱਚ ਨਾਮਜਦ ਹੋਰ ਮੁਲਜਮ ਹਾਜਿਰ ਸਨ| ਇਸ ਮੌਕੇ ਇਸ ਮਾਮਲੇ ਦੇ ਵਕੀਲਾਂ ਵੱਲੋਂ ਸ੍ਰ. ਬੀਰਦਵਿੰਦਰ ਸਿੰਘ ਦੀ ਅਰਜੀ ਦਾ ਵਿਰੋਧ ਕੀਤਾ ਗਿਆ ਜਦੋਂਕਿ ਸ੍ਰ. ਬੀਰਦਵਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਇਹਨਾਂ (ਵਕੀਲਾਂ) ਨੂੰ ਇਸ ਅਰਜੀ ਦਾ ਵਿਰੋਧ ਕਰਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਮਾਮਲਾ ਪਟੀਸ਼ਨਰ ਅਤੇ ਮਾਣਯੋਗ ਅਦਾਲਤ ਦੇ ਵਿਚਕਾਰ ਹੈ ਅਤੇ ਹੋਰਨਾਂ ਧਿਰਾਂ ਨੂੰ ਇਸ ਵਿੱਚ ਬੋਲਣ ਦਾ ਅਧਿਕਾਰ ਨਹੀਂ ਹੈ| ਇਸ ਮੌਕੇ ਹੋਈ ਬਹਿਸ ਤੋਂ ਬਾਅਦ ਮਾਣਯੋਗ ਜੱਜ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਲਈ 29 ਨਵੰਬਰ ਦੀ ਤਰੀਕ ਤੈਅ ਕਰ ਦਿਤੀ|
ਇੱਥੇ ਇਹ ਜਿਕਰਯੋਗ ਹੈ ਕਿ ਸ੍ਰ. ਬੀਰਦਵਿੰਦਰ ਸਿੰਘ ਨੇ ਅਦਾਲਤ ਵਿੱਚ ਅਰਜੀ ਦੇ ਕੇ ਮੰਗ ਕੀਤੀ ਸੀ  ਕਿ ਵਿਜੀਲੈਂਸ ਅਤੇ ਮੁਲਜਮ ਆਪਸ ਵਿਚ ਰਲ ਗਏ ਹਨ ਅਤੇ ਵਿਜੀਲੈਂਸ ਵਲੋਂ ਇਸ ਮਾਮਲੇ ਵਿਚ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਇਸ ਲਈ ਇਸ ਮਾਮਲੇ ਵਿਚ ਉਹਨਾਂ ਨੂੰ ਧਿਰ ਬਣਾਇਆ ਜਾਵੇ ਤਾਂ ਕਿ ਉਹ ਅਦਾਲਤ ਸਾਮ੍ਹਣੇ ਪੂਰੀ ਜਾਣਕਾਰੀ ਰੱਖ ਸਕਣ|
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ. ਬੀਰ ਦਵਿੰਦਰ ਨੇ ਕਿਹਾ ਕਿ ਬੜੀ ਹੈਰਾਨੀ ਦੀ ਗਲ ਹੈ ਕਿ ਵਿਜੀਲੈਂਸ ਵਲੋਂ ਇਸ ਘੁਟਾਲੇ ਦੇ ਮੁਲਜਮਾਂ ਬਾਰੇ ਪਹਿਲਾਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਮੁਲਜਮਾਂ ਨੂੰ ਦੋਸ਼ੀ ਮੰਨਿਆਂ ਗਿਆ ਸੀ ਪਰ ਉਸੇ ਵਿਜੀਲੈਂਸ ਵਲੋਂ ਅਦਾਲਤ ਵਿਚ ਮੁੜ ਪੇਸ਼ ਕੀਤੇ ਗਏ ਚਲਾਨ ਵਿਚ ਇਹਨਾਂ ਸਾਰੇ ਮੁਲਜਮਾਂ ਨੂੰ               ਬੇਦਾਗ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਜਾਂਚ ਵਿਚ ਇਹਨਾਂ ਮੁਲਜਮਾਂ ਖਿਲਾਫ ਕੁਝ ਵੀ ਨਹੀਂ ਮਿਲਿਆ| ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲ ਜਾਂਦਾ ਹੈ ਕਿ ਮੁਲਜਮ ਅਤੇ ਵਿਜੀਲੈਂਸ ਵਾਲੇ ਆਪਸ ਵਿਚ ਰਲ ਮਿਲ ਗਏ ਹਨ|
ਉਹਨਾਂ ਕਿਹਾ ਕਿ ਅਸਲ ਗਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਵਿਚ ਵਿਜੀਲੇਂਸ ਦੇ ਮੁਲਜਮ ਵੀ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਹਨ ਅਤੇ ਮੁੱਖ ਮੰਤਰੀ ਹੋਣ ਦੇ ਨਾਤੇ ਵਿਜੀਲੈਂਸ ਵੀ ਉਹਨਾਂ ਦੇ ਅਧੀਨ ਹੈ| ਇਸ ਤਰਾਂ ਵਿਜੀਲੈਂਸ ਆਪਣੇ ਹੀ ਬਾਸ ਦੇ ਖਿਲਾਫ ਜਾਂਚ ਕਿਵੇਂ ਕਰ ਸਕਦੀ ਹੈ| ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਕਿਸੇ ਹੋਰ ਨਿਰੱਪਖ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਵਿਜੀਲੈਂਸ ਆਪਣੇ ਹੀ ਬਾਸ ਵਿਰੁਧ ਰਿਪੋਰਟ ਅਤੇ ਜਾਂਚ ਨਹੀਂ ਕਰ ਰਹੀ|
ਉਹਨਾਂ ਕਿਹਾ ਕਿ 12ਵੀਂ ਵਿਧਾਨ ਸਭਾ ਵਿਚ ਉਹਨਾਂ ਨੇ ਹੀ ਇਹ ਮੁੱਦਾ ਚੁਕਿਆ ਸੀ ਅਤੇ  ਮੰਗ ਕੀਤੀ ਸੀ ਕਿ ਇਸ ਘਪਲੇ ਦੀ ਜਾਂਚ ਲਈ ਸਦਨ ਦੀ ਕਮੇਟੀ ਬਣਾਈ ਜਾਵੇ| ਉਸ ਸਮੇਂ ਦੇ ਸਪੀਕਰ ਨੇ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਸੀ| ਬਾਅਦ ਵਿਚ ਉਹਨਾਂ ਨੂੰ ਪਤਾ ਚਲਿਆ ਕਿ ਇਹ ਕਮੇਟੀ ਬਣੀ ਹੀ ਨਹੀਂ| ਫਿਰ ਅਸੈਂਬਲੀ ਦੇ ਰਿਕਾਰਡ ਵਿਚ ਹੀ ਕੱਟ ਵੱਡ ਕਰ ਦਿਤੀ ਗਈ|
ਉਹਨਾਂ ਕਿਹਾ ਕਿ 13ਵੀਂ ਵਿਧਾਨ ਸਭਾ ਵਿਚ ਇਹ ਮੁੱਦਾ ਮੁੜ ਉਠਿਆ ਅਤੇ ਇਸ ਮੌਕੇ ਸਦਨ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ| ਇਸ ਕਮੇਟੀ ਨੇ ਘੋਖ ਪੜਤਾਲ ਵਿਚ ਪਾਇਆ ਕਿ ਅਸੈਂਬਲੀ ਦੇ ਰਿਕਾਰਡ ਵਿਚ ਛੇੜਛਾੜ ਅਤੇ ਕੰਟਿੰਗ ਕੀਤੀ ਗਈ ਹੈ| ਇਸ ਉਪਰੰਤ ਸਦਨ ਦੀ ਇਕ ਕਮੇਟੀ ਬਣਾਈ ਗਈ| ਕਮੇਟੀ ਨੇ ਉਹਨਾਂ ਨੂੰ ਵੀ ਬੁਲਾਇਆ ਸੀ ਅਤੇ ਉਹਨਾਂ ਨੇ ਪੂਰੀ ਜਾਣਕਾਰੀ ਕਮੇਟੀ ਅੱਗੇ ਰੱਖ ਦਿਤੀ ਸੀ| ਇਸ ਕਮੇਟੀ ਵਲੋਂ ਸਾਰੇ ਹੀ ਮੁਲਜਮ ਦੋਸ਼ੀ ਪਾਏ ਗਏ ਸਨ ਅਤੇ ਸਦਨ ਨੇ ਇਸ ਸਬੰਧੀ ਫੌਜਦਾਰੀ ਕੇਸ ਦਰਜ ਕਰਨ ਦੀ ਸਿਫਾਰਿਸ ਕੀਤੀ ਸੀ| ਉਹਨਾਂ ਕਿਹਾ ਕਿ ਉਸ ਸਮੇਂ ਮੁਹਾਲੀ ਦੇ ਵਿਜੀਲੈਂਸ ਥਾਣੇ ਵਿਚ ਇਸ ਸ ਬੰਧੀ ਕੇਸ ਦਰਜ ਕੀਤਾ ਗਿਆ ਸੀ,ਜਿਸ ਦੀ ਕਿ ਹੁਣ ਮਾਣਯੋਗ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ|
ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਬਹੁਤ ਵੱਡੀ ਬੇਈਮਾਨੀ ਪੰਜਾਬੀਆਂ ਨਾਲ ਹੋ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਵਿਜੀਲੈਂਸ ਵਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਇਖਲਾਕੀ                    ਜਿੰਮੇਵਾਰੀ ਸਮਝਦੇ ਹੋਏ ਇਸ ਕੇਸ ਵਿਚ ਧਿਰ ਬਣਨ ਲਈ ਅਦਾਲਤ ਵਿਚ ਅਰਜੀ ਦਿਤੀ ਹੈ ਤਾਂ ਕਿ ਅਦਾਲਤ ਸਾਹਮਣੇ ਪੂਰੇ ਮਾਮਲੇ ਦੀ ਅਸਲੀਅਤ ਪੇਸ਼ ਕੀਤੀ ਜਾ ਸਕੇ|
ਉਹਨਾਂ ਕਿਹਾ ਕਿ ਉਹਨਾਂ ਨੂੰ ਅਦਾਲਤ ਉਪਰ ਪੂਰਾ ਭਰੋਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਅਦਾਲਤ ਦੇ ਪਵਿੱਤਰ ਸਦਨ ਵਿਚ ਭ੍ਰਿਸਟਾਚਾਰ ਦਾ ਬਦਬੂਦਾਰ ਪਿੰਜਰ ਜਾਣ ਤੋਂ ਰੋਕਿਆ ਜਾਵੇ| ਉਹਨਾਂ ਕਿਹਾ ਕਿ ਉਹ ਮਾਣਯੋਗ ਅਦਾਲਤ ਸਾਹਮਣੇ ਆਪਣਾ ਪੱਖ ਰੱਖਣਗੇ ਅਤੇ ਆਖਰੀ ਫੈਸਲਾ ਤਾਂ ਅਦਾਲਤ ਨੇ ਹੀ ਕਰਨਾ ਹੈ ਉਹਨਾਂ ਕਿ ਹਾ ਕਿ ਉਹਨਾਂ ਨੂੰ ਅਦਾਲਤ ਉਪਰ ਪੂਰਾ ਭਰੋਸਾ ਹੈ| ਇਸ ਉਪਰੰਤ ਉਹਨਾਂ ਕਿਹਾ ਕਿ ਅਭੀ ਤੋਂ ਸ਼ੁਰੂਆਤ ਹੈ , ਆਗੇ ਦੇਖੋ ਹੋਤਾ ਹੈ ਕਿਆ|

Leave a Reply

Your email address will not be published. Required fields are marked *