ਅੰਮ੍ਰਿਤਸਰ ਵਿੱਚ ਰੋਸ ਮਾਰਚ ਦੌਰਾਨ 2 ਮਹਿਲਾਵਾਂ ਦੀ ਮੌਤ
ਅੰਮ੍ਰਿਤਸਰ, 26 ਜਨਵਰੀ (ਸ.ਬ.) ਅੱਜ 26 ਜਨਵਰੀ ਨੂੰ ਜਿੱਥੇ ਦਿੱਲੀ ਵਿੱਚ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਕਿਸਾਨ ਅੰਦੋਲਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਕਿਸਾਨਾਂ ਦੇ ਹੱਕ ਵਿੱਚ ਪਿੰਡ ਵਲਾਂ ਵਿਖੇ ਭਾਰੀ ਗਿਣਤੀ ਵਿੱਚ ਲੋਕਾਂ ਵਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਇਸ ਰੋਸ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਮਹਿਲਾਵਾਂ ਅਤੇ ਬੱਚੇ ਮੌਜੂਦ ਹਨ। ਮੌਕੇ ਤੇ ਇਕ ਡਰਾਈਵਰ ਟਰੈਕਟਰ ਦੇ ਪਿੱਛੇ ਪਾਣੀ ਦਾ ਟੈਂਕਰ ਲੈ ਕੇ ਆ ਰਿਹਾ ਸੀ। ਜਿਸ ਨੇ ਟੈਂਕਰ ਸਮੇਤ ਟਰੈਕਟਰ ਰੋਸ ਮਾਰਚ ਕਰ ਰਹੀਆਂ ਮਹਿਲਾਵਾਂ ਤੇ ਚੜ੍ਹਾ ਦਿੱਤਾ, ਜਿੱਥੇ ਮੌਕੇ ਤੇ ਹੀ 2 ਔਰਤਾਂ ਦੀ ਮੌਤ ਹੋ ਗਈ ਅਤੇ ਕਈ ਔਰਤਾਂ ਅਤੇ ਬੱਚੇ ਜ਼ਖ਼ਮੀ ਹੋ ਗਏ। ਮੌਕੇ ਤੇ ਪੁੱਜੀ ਸਥਾਨਕ ਪੁਲੀਸ ਵਲੋਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਸੁੱਖ ਵਾਸੀ ਪਿੰਡ ਮੱਖਣ ਵਿੰਢੀ ਵਜੋਂ ਹੋਈ ਹੈ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਪੁਲੀਸ ਵਲੋਂ ਪੁੱਛਣ ਤੇ ਦੋਸ਼ੀ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਟੈਂਕਰ ਚਲਾਉਣਾ ਨਹੀਂ ਆਉਂਦਾ ਸੀ। ਪੁਲੀਸ ਵਲੋਂ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।