ਅੰਮ੍ਰਿਤਸਰ ਹਾਦਸਾ : ਕੈਪਟਨ ਵਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਅੰਮ੍ਰਿਤਸਰ, 20 ਅਕਤੂਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਗੁਰੂ ਨਾਨਕ ਹਸਪਤਾਲ ਜਾ ਕੇ ਰੇਲ ਹਾਦਸੇ ਵਿੱਚ ਜਖਮੀਂ ਹੋਏ ਵਿਅਕਤੀਆਂ ਦਾ ਹਾਲ ਚਾਲ ਪੁਛਿਆ| ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕੌਣ ਜ਼ਿੰਮੇਵਾਰ ਹੈ| ਇਸ ਹਾਦਸੇ ਵੀ ਜਾਂਚ ਰਿਪੋਰਟ ਚਾਰ ਹਫ਼ਤਿਆਂ ਵਿੱਚ ਆਵੇਗੀ| ਹਾਲਾਂਕਿ, ਰੇਲਵੇ ਪੁਲੀਸ ਨੇ ਵੱਖਰੇ ਤੌਰ ਤੇ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੜਤਾਲ ਵੀ ਵੱਖਰੇ ਤੌਰ ਤੇ ਕੀਤੀ ਜਾਵੇਗੀ|
ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 59 ਹੋ ਗਈ ਹੈ ਅਤੇ 9 ਮ੍ਰਿਤਕਾਂ ਦੀ ਸ਼ਨਾਖਤ ਹੋਣੀ ਬਾਕੀ ਹੈ| ਹਾਦਸੇ ਵਿੱਚ 70 ਤੋਂ ਵੱਧ ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ| ਕੈਪਟਨ ਦੀ ਬੀਤੀ ਰਾਤ ਹੀ ਅੰਮ੍ਰਿਤਸਰ ਨਾ ਪਹੁੰਚਣ ਤੇ ਕਾਫੀ ਨੁਕਤਾਚੀਨੀ ਹੋ ਰਹੀ ਸੀ, ਪਰ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਇਜ਼ਰਾਈਲ ਦੌਰੇ ਤੇ ਜਾਣ ਲਈ ਦਿੱਲੀ ਹਵਾਈ ਅੱਡੇ ਤੇ ਸਨ| ਉਨ੍ਹਾਂ ਕਿਹਾ ਕਿ ਹਾਦਸੇ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਦੌਰਾ ਰੱਦ ਕਰ ਦਿੱਤਾ ਤੇ ਵਾਪਸ ਚੱਲ ਪਏ| ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਉਹ ਰਾਤ ਅੰਮ੍ਰਿਤਸਰ ਆ ਜਾਂਦੇ ਤਾਂ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਜਾਰੀ ਰਾਹਤ ਕਾਰਜ ਪ੍ਰਭਾਵਿਤ ਹੋ ਜਾਣੇ ਸੀ|
ਲੋਕਾਂ ਵੱਲੋਂ ਹਾਦਸੇ ਪਿੱਛੇ ਦੁਸਹਿਰਾ ਮੇਲਾ ਕਰਵਾਉਣ ਵਾਲੇ ਕਾਂਗਰਸੀ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਅਤੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਦੇ ਦੇਰੀ ਨਾਲ ਪਹੁੰਚਣ ਕਾਰਨ ਰੇਲ ਲਾਈਨ ਤੇ ਲੋਕਾਂ ਦੀ ਮੌਜੂਦ ਹੋਣ ਸਬੰਧੀ ਚੁੱਕੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਇਹ ਸਮਾਂ ਇੱਕ-ਦੂਜੇ ਤੇ ਦੋਸ਼ ਲਾਉਣ ਦਾ ਨਹੀਂ ਹੈ| ਉਨ੍ਹਾਂ ਨਵਜੋਤ ਸਿੱਧੂ ਵੱਲੋਂ ਇਸ ਹਾਦਸੇ ਨੂੰ ਪਰਮਾਤਮਾ ਦਾ ਪ੍ਰਕੋਪ ਕਹੇ ਜਾਣ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਨਹੀਂ ਸਮਝਣਾ ਚਾਹੀਦਾ|

Leave a Reply

Your email address will not be published. Required fields are marked *