ਅੰਮ੍ਰਿਤ ਕਾਹਲੋਂ ਨੇ ਕਰਾਟੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ

ਰੋਮ,  1 ਜੂਨ (ਸ.ਬ.) ਜਰਮਨੀ ਦੇ ਸ਼ਹਿਰ ਵਾਲਡ ਮਿਸਾਥਈਲਬਾਗ ਵਿਖੇ ਕਰਾਟਿਆਂ ਦਾ ਕੌਮਾਂਤਰੀ ‘ਅੰਡਰ 21 ਰਨਦੋਈ ਟੂਰਨਾਂਮੈਂਟ ਕਰਵਾਇਆ ਗਿਆ| ਇਸ ਟੂਰਨਾਮੈਂਟ ਵਿੱਚ ਯੂਰਪ ਭਰ ਦੇ 1250 ਕਰਾਟੇ ਖਿਡਾਰੀਆਂ ਨੇ ਭਾਗ ਲਿਆ| ਇਸ ਟੂਰਨਾਮੈਂਟ ਦੌਰਾਨ ਕਾਹਲੋਂ ਪਰਿਵਾਰ ਦੇ ਫਰਜੰਦ ਅਮ੍ਰਿਤ ਕਾਹਲੋਂ ਨੇ ਨਵਾਂ ਕੀਰਤੀਮਾਨ ਇਹ ਬਣਾਇਆ ਕਿ ਫਾਈਨਲ ਤੱਕ ਦੇ ਪੰਜ ਮੁਕਾਬਲਿਆਂ ਦੌਰਾਨ ਕਿਸੇ ਵੀ ਖਿਡਾਰੀ ਨੂੰ ਆਪਣੇ ਵਿਰੁੱਧ ਇੱਕ ਵੀ ਨੰਬਰ ਬਣਾਉਣ ਦਾ ਮੌਕਾ ਨਹੀ ਦਿੱਤਾ ਤੇ ਇਹ ਪੰਜੇ ਮੁਕਾਬਲੇ 0-8 ਦੇ ਵੱਡੇ ਫਰਕ ਨਾਲ ਜਿੱਤੇ|
ਅਮ੍ਰਿਤ ਦਾ ਭਾਰ 98 ਕਿੱਲੋ ਅਤੇ ਉਸਦਾ ਕੱਦ 6 ਫੁੱਟ ਚਾਰ ਇੰਚ ਹੈ| ਇਨ੍ਹਾਂ ਮੁਕਾਬਲਿਆਂ ਨੂੰ  ਸਾਨ੍ਹਾਂ ਦੇ  ਭੇੜ ਕਹਿਣਾ ਵੀ ਕੋਈ ਅਤਿਕਥਨੀ ਨਹੀ ਹੋਵੇਗੀ ਕਿਉਂਕਿ ਇਹ ਯੂਰਪ ਭਰ ਵਿੱਚੋਂ ਚੁਣ ਕੇ ਆਏ ਚੋਟੀ ਦੇ ਖਿਡਾਰੀਆਂ ਵਿਚਕਾਰ ਹੁੰਦੇ ਹਨ| ਪੰਜੇਂ ਮੁਕਾਬਲਿਆਂ ਵਿੱਚ ਅੰਮ੍ਰਿਤ ਨੇ ਕ੍ਰਮਵਾਰ ਸਲੋਵਾਕੀਆ, ਬੁਲਗਾਰੀਆ,  ਰੂਸ, ਇੰਗਲੈਂਡ ਅਤੇ ਨੌਰਵੇ ਦੇ ਖਿਡਾਰੀਆਂ ਨੂੰ ਬਗੈਰ ਕੋਈ ਪੁਆਇੰਟ ਲੈਣ ਦੇ ਬਾਹਰ ਦਾ ਰਸਤਾ ਦਿਖਾਇਆ| ਫਾਈਨਲ ਵਿੱਚ ਸੀਰੀਆ ਮੂਲ ਦੇ ਖਿਡਾਰੀ ‘ਤੋਂ 1-9 ਦੇ ਵੱਡੇ ਫਰਕ ਨਾਲ ਜਿੱਤ ਕੇ ਅਪਣੀ ਸਖ਼ਤ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਰਿਆਂ ਨੁੰ ਹੈਰਾਨ ਕਰ ਦਿੱਤਾ| ਫਾਈਨਲ ਮੁਕਾਬਲੇ ਵਿੱਚ      ਬੇਸ਼ੱਕ ਵਿਰੋਧੀ ਖਿਡਾਰੀ ਨੇ ਪਹਿਲਾ ਇੱਕ ਅੰਕ ਲਿਆ ਪਰ ਉਸ ‘ਤੋਂ ਬਾਅਦ ਅਮ੍ਰਿਤ ਨੇ ਲਗਾਤਾਰ 9 ਅੰਕ ਲੈ ਕੇ ਸੋਨੇ ਦਾ ਤਮਗਾ ਜਿੱਤ ਲਿਆ|
ਅੰਮ੍ਰਿਤ ਦੇ ਕੋਚ ਅਤੇ ਮਾਤਾ-ਪਿਤਾ ਨੂੰ ਇਸ ਬੱਚੇ ਦੀਆਂ ਕਾਮਯਾਬੀਆਂ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਪਰ ਅੰਮ੍ਰਿਤ ਦੇ ਮਾਤਾ-ਪਿਤਾ ਸਰਦਾਰਨੀ ਰਾਜਵੀਰ ਕੌਰ ਅਤੇ ਸ. ਤਰਲੋਚਨ ਸਿੰਘ ਇਨ੍ਹਾਂ ਕਾਮਯਾਬੀਆਂ ਨੂੰ ਗੁਰੂ ਮਹਾਰਾਜ ਦੀ ਹੀ ਦੇਣ ਕਹਿੰਦੇ ਹੋਏ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਤ ਕਰਨ ਤਾਂ ਜੋ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਸਨਮਾਨਯੋਗ ਜ਼ਿੰਦਗੀ ਜਿਊਣ ਦੇ ਕਾਬਲ ਬਣ ਸਕਣ|

Leave a Reply

Your email address will not be published. Required fields are marked *