ਅੱਗ ਤੋਂ ਬਚਾਓ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਫੇਜ਼ 3 ਬੀ 1 ਦੀ ਮਾਰਕੀਟ ਵਿੱਚ ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ

ਅੱਗ ਤੋਂ ਬਚਾਓ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਫੇਜ਼ 3 ਬੀ 1 ਦੀ ਮਾਰਕੀਟ ਵਿੱਚ ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ
ਹਵਾ ਵਿੱਚ ਹੀ ਝੂਲ ਰਹੀਆਂ ਹਨ ਅੱਗ ਬੁਝਾਉਣ ਲਈ ਲਗਾਈਆਂ ਪਾਣੀ ਦੀਆਂ ਟੈਂਕੀਆਂ
ਸਕਾਈ ਹਾਕ ਟਾਈਮਜ਼ ਬਿਊਰੋ
ਐਸ ਏ ਐਸ ਨਗਰ, 4 ਅਗਸਤ

ਸਥਾਨਕ ਫੇਜ਼ 3 ਬੀ 1 ਦੀ ਜਨਤਾ ਮਾਰਕੀਟ ਵਿੱਚ ਤੰਗ ਗਲੀਆਂ (ਜਿਹਨਾਂ ਦੀ ਜਿਆਦਾਤਰ ਥਾਂ ਦੁਕਾਨਦਾਰਾਂ ਵਲੋਂ ਕੀਤੇ ਨਾਜ਼ਾਇਜ਼ ਕਬਜਿਆਂ ਅਧੀਨ ਹੈ) ਵਿੱਚ ਚਲ ਰਹੀਆਂ ਦੁਕਾਨਾਂ ਵਿੱਚ ਹਰ ਸਮੇਂ ਗ੍ਰਾਹਕਾਂ ਦੀ ਭਾਰੀ ਭੀੜ ਰਹਿੰਦੀ ਹੈ ਪਰੰਤੂ ਇਸ ਮਾਰਕੀਟ ਵਿੱਚ ਅਚਾਨਕ ਅੱਗ ਲੱਗਣ ਦੀ ਹਾਲਤ ਵਿੱਚ ਬਚਾਓ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਇਸ ਮਾਰਕੀਟ ਵਿੱਚ ਕਈ ਸਾਲ ਪਹਿਲਾਂ ਭੀਸ਼ਣ ਅੱਗ ਲੱਗ ਚੁੱਕੀ ਹੈ ਜਿਸ ਵਿੱਚ ਇਹ ਪੂਰੀ ਦੀ ਪੂਰੀ ਮਾਰਕੀਟ ਹੀ ਸੜ ਕੇ ਸੁਆਹ ਹੋ ਗਈ ਸੀ ਅਤੇ ਬਾਅਦ ਵਿੱਚ ਗਮਾਡਾ ਵਲੋਂ ਇੱਥੇ ਕੰਮ ਕਰਦੇ ਦੁਕਾਨਦਾਰਾਂ ਨੂੰ ਨਵੇਂ ਸਿਰ ਤੋਂ ਦੁਕਾਨਾਂ ਬਣਾ ਕੇ ਅਲਾਟ ਕੀਤੀਆਂ ਗਈਆਂ ਸਨ|
ਗਮਾਡਾ ਵਲੋਂ ਬਾਅਦ ਵਿੱਚ ਉਸਾਰੀ ਗਈ ਫੇਜ਼ 3 ਬੀ 1 ਦੀ ਮਾਰਕੀਟ ਵਿੱਚ ਇਸਨੂੰ ਦੋ ਹਿੱਸਿਆਂ ਵਿੱਚ ਉਸਾਰਿਆ ਗਿਆ ਹੈ| ਇਸ ਵਿੱਚੋਂ ਪਹਿਲਾ ਹਿੱਸਾ ਗੁਰਦੁਆਰਾ ਰਾਮਗੜ੍ਹੀਆ ਅਤੇ ਫੇਜ਼ 3 ਬੀ 1/3ਏ ਨੂੰ ਵੰਡਣ ਵਾਲੀ ਮੁੱਖ ਸੜਕ ਦੇ ਵਿਚਕਾਰ ਵਾਲੇ ਖੇਤਰ ਵਿੱਚ ਬਣਾਇਆ ਗਿਆ ਹੈ ਜਦੋਂਕਿ ਦੂਜਾ ਹਿੱਸਾ ਫੇਜ਼ 3 ਬੀ 1 ਦੀ ਪੁਰਾਣੀ ਮਾਰਕੀਟ ਵਾਲੀ ਥਾਂ ਤੇ ਬਣਾਇਆ ਗਿਆ ਹੈ|
ਇਹਨਾਂ ਮਾਰਕੀਟਾਂ ਦੇ ਦੋਵਾਂ ਹਿੱਸਿਆਂ ਵਿੱਚ ਅੱਗ ਤੋਂ ਬਚਾਉ ਲਈ ਮਾਰਕੀਟਾਂ ਦੇ ਬਾਹਰ ਬਣੇ ਜਨਤਕ ਪਿਸ਼ਾਬਘਰਾਂ ਦੀ ਛੱਤ ਤੇ ਪਾਣੀ ਦੀਆਂ ਦੋ ਵੱਡੀਆਂ ਟੈਂਕੀਆਂ ਫਿਟ ਕਰਕੇ ਉਹਨਾਂ ਵਿੱਚ ਪਾਣੀ ਸਟੋਰ ਕੀਤਾ ਜਾਣਾ ਸੀ ਅਤੇ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਇਹਨਾਂ ਟੈਂਕੀਆਂ ਦੇ ਪਾਣੀ ਨੂੰ ਅੱਗ ਬੁਝਾਉਣ ਲਈ ਵਰਤਿਆ ਜਾਣਾ ਸੀ| ਇਹਨਾਂ ਮਾਰਕੀਟਾਂ ਦੀ ਉਸਾਰੀ ਕਰਨ ਵੇਲੇ ਗਮਾਡਾ ਵਲੋਂ ਇਹਨਾਂ ਪਿਸ਼ਾਬਘਰਾਂ ਦੇ ਉੱਪਰ ਇਹ ਟੈਂਕੀਆਂ ਫਿਟ ਕਰਵਾਈਆਂ ਗਈਆਂ ਸਨ ਪਰੰਤੂ ਇਹਨਾਂ ਦਾ ਠੀਕ ਢੰਗ ਨਾਲ ਰੱਖ ਰਖਾਓ ਨਾ ਕੀਤੇ ਜਾਣ ਕਾਰਨ ਇਹ ਹੁਣ ਹਵਾ ਵਿੱਚ ਹੀ ਝੂਲ ਰਹੀਆਂ ਹਨ ਅਤੇ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਇਹ ਕਿਸੇ ਕੰਮ ਜੋਗੀਆਂ ਨਹੀਂ ਹਨ|
ਮਾਰਕੀਟ ਦੇ ਪਹਿਲੇ ਹਿੱਸੇ ਦੇ ਬਾਹਰ ਬਣੇ ਪਿਸ਼ਾਬਘਰ ਦੀ ਛੱਤ ਤੇ ਫਿਟ ਕੀਤੀਆਂ ਗਈਆਂ ਟੈਂਕੀਆਂ ਦੀ ਹਾਲਤ ਇਹ ਹੈ ਕਿ ਇਹ ਬਿਨਾਂ ਕਿਸੇ ਕਨੈਕਸ਼ਨ ਦੇ ਛੱਤ ਤੇ ਹੀ ਲਿਟਾਈਆਂ ਹੋਈਆਂ ਹਨ| ਅੱਗ ਲਗਣ ਦੀ ਹਾਲਤ ਵਿੱਚ ਜਿਸ ਪਾਈਪ ਨਾਲ ਪਾਣੀ ਮਾਰਕੀਟ ਦੇ ਅੰਦਰ ਤੱਕ ਪਹੁੰਚਾਇਆ ਜਾਣਾ ਹੈ ਉਸ ਪਾਈਪ ਨੂੰ ਵੀ ਰੋਲ ਬਣਾ ਕੇ ਮਾਰਕੀਟ ਦੀ ਇੱਕ ਦੁਕਾਨ ਦੇ ਬਾਹਰ ਟੰਗਿਆ ਹੋਇਆ ਹੈ ਅਤੇ ਕੋਈ ਵੀ ਸ਼ਰਾਰਤੀ ਅਨਸਰ ਇਸ ਪਾਈਪ ਦਾ ਨੁਕਸਾਨ ਕਰ ਸਕਦਾ ਹੈ|
ਗਮਾਡਾ ਵਲੋਂ ਇਹਨਾਂ ਮਾਰਕੀਟਾਂ ਦਾ ਚਾਰਜ ਹੁਣ ਨਗਰ ਨਿਗਮ ਨੂੰ ਸੌਂਪਿਆ ਜਾ ਚੁੱਕਿਆ ਹੈ ਅਤੇ ਇਹਨਾਂ ਦੇ ਰੱਖ ਰਖਾਓ ਦੀ ਜਿੰਮੇਵਾਰੀ ਵੀ ਨਿਗਮ ਦੀ ਹੀ ਹੈ| ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਐਕਸੀਅਨ ਸ੍ਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਸ ਪਿਸ਼ਾਬਘਰ ਦੀ ਛੱਤ ਬੈਠ ਗਈ ਸੀ ਅਤੇ ਨਿਗਮ ਵਲੋਂ ਇਸਦਾ ਨਵਾਂ ਲੈਂਟਰ ਪਾਇਆ ਜਾ ਰਿਹਾ ਹੈ ਜਿਸਦੇ ਟੈਂਡਰ ਹੋ ਚੁੱਕੇ ਹਨ ਅਤੇ ਛੇਤੀ ਹੀ ਇਹ ਕੰਮ ਮੁਕੰਮਲ ਕਰਵਾ ਕੇ ਇੱਥੇ ਟੈਂਕੀਆਂ ਫਿੱਟ ਕਰਵਾ ਦਿੱਤੀਆਂ ਜਾਣਗੀਆਂ| ਪਾਣੀ ਦੀ ਪਾਈਪ ਇੱਕ ਦੁਕਾਨ ਦੇ ਬਾਹਰ ਟੰਗੇ ਜਾਣ ਬਾਰੇ ਉਹਨਾਂ ਕਿਹਾ ਕਿ ਉਹ ਇਸਦੀ ਜਾਂਚ ਕਰਣਗੇ ਅਤੇ ਪਾਈਪ ਨੂੰ ਉਸਦੇ ਲਈ ਤੈਅ ਥਾਂ ਤੇ ਰੱਖਿਆ ਜਾਵੇਗਾ|

Leave a Reply

Your email address will not be published. Required fields are marked *