ਅੱਗ ਲੱਗਣ ਕਾਰਨ ਤਬਾਹ ਹੋਇਆ ਕੁਈਨਜ਼ਲੈਂਡ ਦਾ ਸੈਂਕੜੇ ਸਾਲ ਪੁਰਾਣਾ ਸਕੂਲ, ਪੁਲੀਸ ਨੂੰ ਸ਼ੱਕੀ ਜਾਪ ਰਿਹੈ ਮਾਮਲਾ

ਬ੍ਰਿਸਬੇਨ, 25 ਅਪ੍ਰੈਲ (ਸ.ਬ.) ਕੁਈਨਜ਼ਲੈਂਡ ਸੂਬੇ ਦੇ ਸੈਂਕੜੇ ਸਾਲ ਪੁਰਾਣੇ ਇੱਕ ਸਕੂਲ ਵਿੱਚ ਭਿਆਨਕ ਅੱਗ ਲੱਗ ਗਈ| ਇਸ ਹਾਦਸੇ ਵਿੱਚ ਉਕਤ ਸਕੂਲ ਦਾ ਕਾਫੀ ਨੁਕਸਾਨ ਹੋਇਆ ਹੈ| ਦੱਸਿਆ ਜਾ ਰਿਹਾ ਹੈ ਕਿ ਡੈਲਬੇ ਸਟੇਟ ਸਕੂਲ ਵਿੱਚ ਅੱਗ ਅੱਧੀ ਰਾਤ ਨੂੰ ਲੱਗੀ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ 12 ਵਜੇ ਦੇ ਕਰੀਬ ਚਾਰ ਫਾਇਰ ਟਰੱਕ ਮੌਕੇ ਤੇ ਪਹੁੰਚੇ| ਫਾਇਰਫਾਈਟਰਜ਼ ਨੂੰ ਅੱਗ ਤੇ ਕਾਬੂ ਪਾਉਣ ਲਈ 3 ਘੰਟਿਆਂ ਦਾ ਸਮਾਂ ਲੱਗ ਗਿਆ| ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ| ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਅੱਗ ਲੱਗਣ ਕਾਰਨ ਸਕੂਲ ਦਾ ਕਰੀਬ 7,00,000 ਡਾਲਰ ਦਾ ਨੁਕਸਾਨ ਹੋਇਆ ਹੈ|
ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਇੰਸਪੈਕਟਰ ਨੀਲ ਫੈਨੀਨਿੰਗ ਨੇ ਦੱਸਿਆ ਕਿ ਅੱਗ ਕਾਰਨ ਸਕੂਲ ਦੀ ਇੱਕ ਤਿਹਾਈ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ|
ਸਕੂਲ ਦੀ ਪ੍ਰਿੰਸੀਪਲ ਮੋਨਾ ਅਨਾਯੂ ਦਾ ਕਹਿਣਾ ਹੈ ਕਿ ਸਕੂਲ ਦੀ ਇਮਾਰਤ 150 ਸਾਲ ਪੁਰਾਣੀ ਸੀ ਅਤੇ ਇਸ ਦਾ ਨੁਕਸਾਨਿਆ ਜਾਣਾ ਪੂਰੇ ਭਾਈਚਾਰੇ ਲਈ ਇੱਕ ਬਹੁਤ ਵੱਡਾ ਘਾਟਾ ਹੈ| ਫਿਲਹਾਲ ਪੁਲੀਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਵਿੱਚ ਅੱਗ ਕਿਸੇ ਵਲੋਂ ਜਾਣ-ਬੁੱਝ ਕੇ ਲਗਾਈ ਗਈ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਇਹ ਪੂਰਾ ਮਾਮਲਾ ਸ਼ੱਕੀ ਜਾਪ ਰਿਹਾ ਹੈ|

Leave a Reply

Your email address will not be published. Required fields are marked *