ਅੱਜ ਵੀ ਹੋਈਆਂ 48 ਉਡਾਣਾਂ ਰੱਦ

ਮੁੰਬਈ, 14 ਮਾਰਚ (ਸ.ਬ.) ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵੱਲੋਂ ‘ਪ੍ਰੈਟ ਐਂਡ ਵਿਹਟਨੀ’ (ਪੀ. ਡਬਲਿਊ.) ਇੰਜਣ ਵਾਲੇ ਜਹਾਜ਼ਾਂ ਦੀ ਉਡਾਣ ਤੇ ਰੋਕ ਲਾਉਣ ਨਾਲ ਅੱਜ ਤੀਜੇ ਦਿਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ| ਇੰਡੀਗੋ ਅਤੇ ਗੋਏਅਰ ਨੇ ਅੱਜ ਤਕਰੀਬਨ 50 ਉਡਾਣਾਂ ਰੱਦ ਕੀਤੀਆਂ ਹਨ| ਕੁੱਲ ਰੱਦ 48 ਉਡਾਣਾਂ ਵਿੱਚੋਂ 42 ਉਡਾਣਾਂ ਇੰਡੀਗੋ ਅਤੇ 6 ਗੋਏਅਰ ਦੀਆਂ ਹਨ| ਕੰਪਨੀ ਨੇ ਆਪਣੀ ਵੈਬਸਾਈਟ ਤੇ ਜਾਣਕਾਰੀ ਵਿੱਚ ਕਿਹਾ ਕਿ ਇੰਡੀਗੋ ਨੇ 14 ਮਾਰਚ ਲਈ 42 ਉਡਾਣਾਂ ਨੂੰ ਰੱਦ ਕੀਤਾ ਹੈ| ਇਨ੍ਹਾਂ ਵਿੱਚ ਅੰਮ੍ਰਿਤਸਰ, ਮੁੰਬਈ, ਕੋਲਕਾਤਾ, ਪੁਣੇ, ਜੈਪੁਰ, ਸ਼੍ਰੀਨਗਰ, ਭੁਵਨੇਸ਼ਵਰ, ਚੇਨਈ, ਦਿੱਲੀ, ਦੇਹਰਾਦੂਨ, ਬੇਂਗਲੁਰੂ ਅਤੇ ਹੈਦਰਾਬਾਦ ਸਮੇਤ ਹੋਰ ਥਾਵਾਂ ਲਈ ਉਡਾਣਾਂ ਸ਼ਾਮਲ ਹਨ| ਇੰਡੀਗੋ ਦੀ ਵੈਬਸਾਈਟ ਮੁਤਾਬਕ ਅੰਮ੍ਰਿਤਸਰ-ਦਿੱਲੀ ਦੀ ਫਲਾਈਟ ਨੰਬਰ 525 ਨੂੰ ਅੱਜ ਲਈ ਰੱਦ ਕੀਤਾ ਗਿਆ ਹੈ| ਕੰਪਨੀ ਨੇ ਕਿਹਾ ਹੈ ਕਿ ਮੁਸਾਫਰ ਆਪਣੀ ਫਲਾਈਟ ਦੇ ਟਾਈਮ ਜਾਂ ਤਰੀਕ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ ਬਦਲ ਸਕਦੇ ਹਨ| ਦੂਜੀ ਜਹਾਜ਼ ਕੰਪਨੀ ਗੋਏਅਰ ਨੇ ਕਿਹਾ ਕਿ ਉਸ ਨੇ ਅੱਜ ਕੁੱਲ 6 ਉਡਾਣਾਂ ਨੂੰ ਰੱਦ ਕੀਤਾ ਹੈ| ਕੱਲ ਉਸ ਨੇ 18 ਉਡਾਣਾਂ ਨੂੰ ਰੱਦ ਕੀਤਾ ਸੀ|

Leave a Reply

Your email address will not be published. Required fields are marked *