ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਅਮਰੀਕੀ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਾਢੇ 27 ਸਾਲ ਦੀ ਸਜ਼ਾ

ਵਾਸ਼ਿੰਗਟਨ, 7 ਨਵੰਬਰ (ਸ.ਬ.) ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਨਾਗਰਿਕ ਨੂੰ 27.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ| ਇਸ ਸ਼ਖਸ ਦਾ ਨਾਮ ਯਾਹੀਆ ਫਾਰੂਕ ਮੁਹੰਮਦ ਹੈ ਅਤੇ ਇਸ ਉਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਲੱਗਾ ਹੈ| ਕੋਰਟ ਨੇ ਫਾਰੂਕ ਮੁਹੰਮਦ ਨੂੰ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਨੇਤਾ ਅਨਵਰ ਅਲ-ਅਵਾਕੀ ਨੂੰ ਹਜ਼ਾਰਾਂ ਡਾਲਰ ਦੀ ਮਦਦ ਪਹੁੰਚਾਉਣ ਅਤੇ ਆਪਣੇ ਉਤੇ ਚੱਲ ਰਹੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਦੀ ਹੱਤਿਆ ਦੀ ਸਾਜਿਸ਼ ਦਾ ਦੋਸ਼ੀ ਪਾਇਆ ਹੈ| 39 ਸਾਲਾ ਮੁਹੰਮਦ ਓਹੀਓ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰ ਚੁੱਕਿਆ ਹੈ ਅਤੇ 2008 ਵਿਚ ਇਸ ਨੇ ਇਕ ਅਮਰੀਕੀ ਔਰਤ ਨਾਲ ਵਿਆਹ ਕੀਤਾ ਸੀ| ਇਸ ਮਾਮਲੇ ਵਿਚ ਮੁਹੰਮਦ ਦੇ 3 ਭਰਾਵਾਂ ਨੂੰ ਵੀ ਸਤੰਬਰ 2015 ਵਿਚ ਦੋਸ਼ੀ ਠਹਿਰਾਇਆ ਗਿਆ ਸੀ|
ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੁਹੰਮਦ 2009 ਵਿਚ ਯਮਨ ਗਿਆ ਸੀ ਉਸ ਨੇ ਉਥੇ ਅਨਵਰ ਅਲ-ਅਵਾਕੀ ਨਾਲ ਮੁਲਾਕਾਤ ਕਰ ਕੇ ਉਸ ਨੂੰ ਵਿੱਤੀ ਮਦਦ ਤੋਂ ਇਲਾਵਾ ਕਈ ਆਧੁਨਿਕ ਸਮੱਗਰੀ ਅਤੇ ਹੋਰ ਮਦਦ ਦਿੱਤੀ ਸੀ| ਅਲ ਅਵਾਕੀ ਨੇ ਮੁਹੰਮਦ ਦੀ ਇਸ ਮਦਦ ਨੂੰ ਅਮਰੀਕੀ ਫੌਜ ਖਿਲਾਫ ਜੇਹਾਦ ਫੈਲਾਉਣ ਦੇ ਤੌਰ ਉਤੇ ਇਸਤੇਮਾਲ ਕੀਤਾ ਸੀ| ਅਲ-ਅਵਾਕੀ ਅਲ-ਕਾਇਦਾ ਦੇ ਮੁੱਖ ਮੈਬਰਾਂ ਵਿਚੋਂ ਇਕ ਸੀ| ਇਸ ਨੂੰ ਅਮਰੀਕਾ ਨੇ ਯਮਨ ਵਿਚ ਸਤੰਬਰ 2011 ਵਿਚ ਇਕ ਡਰੋਨ ਹਮਲੇ ਵਿਚ ਮਾਰ ਦਿੱਤਾ ਗਿਆ ਸੀ| ਜ਼ਿਕਰਯੋਗ ਹੈ ਕਿ ਅਲ-ਅਵਾਕੀ ਨੂੰ 2010 ਵਿਚ ਕੌਮਾਂਤਰੀ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ|

Leave a Reply

Your email address will not be published. Required fields are marked *