ਅੱਤਵਾਦੀ ਦਾ ਕਬੂਲਨਾਮਾ
ਹਿਜਬੁਲ ਮੁਜਾਹਿਦੀਨ ਦੇ ਆਗੂ ਸਈਅਦ ਸਲਾਹੁੱਦੀਨ ਨੇ ਜਿਸ ਤਰ੍ਹਾਂ ਨਾਲ ਭਾਰਤ ਉਤੇ ਹੋਣ ਵਾਲੇ ਅੱਤਵਾਦੀ ਹਮਲਿਆਂ ਵਿੱਚ ਆਪਣਾ ਹੱਥ ਹੋਣ ਦਾ ਦਾਅਵਾ ਕੀਤਾ ਹੈ, ਉਸ ਨਾਲ ਭਾਰਤ ਦੀ ਇਹ ਗੱਲ ਹੋਰ ਪੁਖਤਾ ਹੋਈ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਸ਼ਰਣਗਾਹ ਅਤੇ ਅੱਤਵਾਦੀ ਹਮਲਿਆਂ ਦਾ ਪ੍ਰੋਗਰਾਮਿੰਗ ਸੈਂਟਰ ਵੀ ਹੈ| ਸੰਤਾਪ ਦੇ ਇਸ ਆਗੂ ਦਾ ਕਹਿਣਾ ਹੈ ਕਿ ਉਹ ਭਾਰਤ ਉਤੇ ਕਈ ਅੱਤਵਾਦੀ ਹਮਲੇ ਕਰਾ ਚੁੱਕਿਆ ਹੈ| ਇਹ ਵੀ ਕਿ ਉਸਦਾ ਫੋਕਸ ਭਾਰਤੀ ਸੈਨਾਵਾਂ ਉਤੇ ਹੈ ਅਤੇ ਇੱਥੇ ਉਹ ਕਿਸੇ ਵੀ ਜਗ੍ਹਾ ਨੂੰ ਆਪਣਾ ਟਾਰਗੇਟ ਬਣਾ ਸਕਦਾ ਹੈ, ਜਾਂ ਹਥਿਆਰ ਅਤੇ ਗੋਲਾ-ਬਾਰੂਦ ਪਹੁੰਚਾ ਸਕਦਾ ਹੈ| ਇਹ ਉਹੀ ਸਲਾਹੁੱਦੀਨ ਹੈ, ਜਿਸਨੂੰ ਅਮਰੀਕਾ ਨੇ ਕੁੱਝ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਦੇ ਸਮੇਂ ਗਲੋਬਲ ਟੈਰੇਰਿਸਟ ਐਲਾਨਿਆ ਸੀ| ਉਸ ਸਮੇਂ ਪਾਕਿਸਤਾਨ ਨੇ ਅਮਰੀਕਾ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਇਸਨੂੰ ਨਾਇਨਸਾਫੀ ਕਰਾਰ ਦਿੱਤਾ ਸੀ, ਜਦੋਂ ਕਿ ਚੀਨ ਨੇ ਅੱਤਵਾਦ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੀ ਜੁਗਲਬੰਦੀ ਨੂੰ ਦੇਖਦੇ ਹੋਏ ਇਹ ਕਹਿ ਕੇ ਪਾਕਿਸਤਾਨ ਦਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗਲੋਬਲ ਅੱਤਵਾਦ ਦੇ ਖਿਲਾਫ ਚੱਲ ਰਹੀ ਲੜਾਈ ਵਿੱਚ ਪਾਕਿਸਤਾਨ ਅਗਲੀ ਕਤਾਰ ਵਿੱਚ ਖੜਾ ਹੈ|
ਹੋਰ ਤਾਂ ਹੋਰ ਖੁਦ ਸਲਾਹੁੱਦੀਨ ਨੇ ਵੀ ਅਮਰੀਕਾ ਦੇ ਇਸ ਕਦਮ ਨੂੰ ਮੂਰਖਤਾਪੂਰਣ ਦੱਸਦਿਆਂ ਇਸਨੂੰ ਰਾਸ਼ਟਰਪਤੀ ਟਰੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਤੋਹਫਾ ਦੱਸਿਆ ਸੀ| ਜ਼ਮੀਨੀ ਤੌਰ ਉਤੇ ਇਸ ਘੋਸ਼ਣਾ ਦਾ ਸ਼ਾਇਦ ਹੀ ਕੋਈ ਮਤਲਬ ਨਿਕਲੇ ਕਿਉਂਕਿ ਜਦੋਂ ਤੱਕ ਸਲਾਹੁੱਦੀਨ ਦੇ ਸਿਰ ਉਤੇ ਪਾਕਿਸਤਾਨੀ ਹੁਕੂਮਤ ਦਾ ਸਾਇਆ ਹੈ ਉਦੋਂ ਤੱਕ ਉਸਨੂੰ ਕੁੱਝ ਨਹੀਂ ਹੋਣ ਵਾਲਾ| ਹੁਣ, ਜਦੋਂ ਕਿ ਸਲਾਹੁੱਦੀਨ ਦਾ ਭਾਰਤ ਉਤੇ ਅੱਤਵਾਦੀ ਹਮਲੇ ਕਰਾਉਣ ਦਾ ਕਬੂਲਨਾਮਾ ਪਾਕਿਸਤਾਨ ਦੇ ਸਭ ਤੋਂ ਵੱਡੇ ਟੀਵੀ ਚੈਨਲ ਤੋਂ ਉਠਕੇ ਇੰਟਰਨੈਟ ਉੱਤੇ ਵਾਇਰਲ ਹੋ ਗਿਆ ਹੈ, ਉਦੋਂ ਚੀਨ ਨੂੰ ਪਾਕਿਸਤਾਨੀ ਅੱਤਵਾਦੀਆਂ ਨੂੰ ਬਚਾਉਣ ਵਾਲੇ ਆਪਣੇ ਰਵਾਈਏ ਉਤੇ ਜਰੂਰ ਮੁੜਵਿਚਾਰ ਕਰਨਾ ਚਾਹੀਦਾ ਹੈ| ਇੱਕ ਦੇਸ਼ ਉਤੇ ਅੱਤਵਾਦੀ ਹਮਲੇ ਕਰਾਉਣ ਦੀ ਗੱਲ ਟੀਵੀ ਉਤੇ ਆਪਣੇ ਮੂੰਹ ਤੋਂ ਬਿਨਾਂ ਕਿਸੇ ਦਬਾਅ ਦੇ ਕਬੂਲ ਕਰਨ ਵਾਲੇ ਅੱਤਵਾਦੀ ਨੂੰ ਬਚਾਉਣ ਦੀ ਹਿਮਾਕਤ ਤਾਂ ਦੁਨੀਆ ਦਾ ਕੋਈ ਵੀ ਸਭਿਆ ਸਮਾਜ ਨਹੀਂ ਕਰੇਗਾ| ਖੁਦ ਪਾਕਿਸਤਾਨ ਵੀ ਘੱਟ ਤੋਂ ਘੱਟ ਜਨਤਕ ਰੂਪ ਨਾਲ ਕਹਿੰਦਾ ਆ ਰਿਹਾ ਹੈ ਕਿ ਉਹ ਅੱਤਵਾਦ ਨੂੰ ਪੋਸ਼ਣ ਨਹੀਂ ਦਿੰਦਾ| ਹੁਣ, ਇਸ ਕਬੂਲਨਾਮੇ ਦੇ ਆਧਾਰ ਤੇ ਉਸਨੂੰ ਸਲਾਹੁੱਦੀਨ ਨੂੰ ਗ੍ਰਿਫਤਾਰ ਕਰਕੇ ਉਸਨੂੰ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ| ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਉਤੇ ਵੀ ਇਸਦਾ ਚੰਗਾ ਅਸਰ ਪਵੇਗਾ|
ਰਾਹੁਲ