ਅੱਤਵਾਦੀ ਸੰਗਠਨ ਆਈ.ਐਸ. ਦੀ ਮਦਦ ਕਰਨ ਦੇ ਦੋਸ਼ ਵਿੱਚ ਆਸਟ੍ਰੇਲੀਆ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

ਸਿਡਨੀ, 28 ਫਰਵਰੀ (ਸ.ਬ.) ਆਸਟ੍ਰੇਲੀਆ ਦੀ ਸੰਘੀ ਪੁਲੀਸ ਨੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਅੱਤਵਾਦ ਨਾਲ ਸੰਬੰਧਤ ਅਪਰਾਧਾਂ ਦੇ ਦੋਸ਼ ਵਿੱਚ ਇੱਕ 42 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਗੱਲ ਦੀ ਪੁਸ਼ਟੀ ਕਰਦਿਆਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਅੱਜ ਸਵੇਰੇ ਯੋਂਗ ਸ਼ਹਿਰ ਤੋਂ ਹੋਈ| ਉਨ੍ਹਾਂ ਦੱਸਿਆ ਕਿ ਦੋਸ਼ੀ ਦੁਨੀਆ ਦੇ ਸਭ ਤੋਂ ਵਧ ਖ਼ਤਰਨਾਕ ਅੱਤਵਾਦੀ ਸੰਗਠਨ ਆਈ.ਐਸ. (ਇਸਲਾਮਿਕ ਸਟੇਟ) ਦੀ ਸਹਾਇਤਾ ਕਰ ਰਿਹਾ ਸੀ ਅਤੇ ਉਸ ਨੂੰ ਇਹ ਦੱਸ ਰਿਹਾ ਸੀ ਕਿ ਉਚ ਤਕਨੀਕੀ ਹਥਿਆਰ, ਜਿਵੇਂ ਕਿ ਮਿਜ਼ਾਇਲਾਂ ਦੀ ਸਮਰਥਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ| ਇਹ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਯੋਂਗ ਸ਼ਹਿਰ ਵਿੱਚ ਬਿਜਲੀ ਦੇ ਇੱਕ ਮਿਸਤਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ|  ਉੱਥੇ  ਹੀ ਸੰਘੀ ਪੁਲੀਸ ਦੇ ਕਮਿਸ਼ਨਰ ਐਂਡਰਿਊ ਕੋਲਵਿਨ ਨੇ ਕਿਹਾ ਕਿ ਉਕਤ 42 ਸਾਲਾ ਵਿਅਕਤੀ ਦੇਸ਼ ਵਿੱਚ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ ਸੀ| ਉਨ੍ਹਾਂ ਦੱਸਿਆ ਕਿ ਉਸ ਦੇ ਵਿਰੁੱਧ ਵੱਖ-ਵੱਖ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਤਹਿਤ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ| ਸ਼੍ਰੀ ਐਂਡਰਿਊ ਨੇ ਦੱਸਿਆ ਕਿ ਦੋਸ਼ੀ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਸੀ ਅਤੇ ਉਸ ਦੇ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਵੀ ਹੈ| ਇੰਨਾ ਹੀ ਨਹੀਂ, ਉਹ ਇੱਕ ਬੱਚੇ ਦਾ ਬਾਪ ਵੀ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਇਸਲਾਮਿਕ ਸਟੇਟ ਨੂੰ ਆਪਣੀਆਂ ਸੇਵਾਵਾਂ ਇੰਟਰਨੈਟ ਰਾਹੀਂ ਦੇ ਰਿਹਾ ਸੀ| ਉੱਥੇ ਹੀ ਦੇਸ਼ ਦੇ ਨਿਆਂ ਮੰਤਰੀ ਮਾਈਕਲ ਕੀਨਨ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀ ਪਿਛਲੇ 18 ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਹੋਈ ਹੈ|

Leave a Reply

Your email address will not be published. Required fields are marked *