ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਅਤੇ ਬੱਚਿਆਂ ਨਾਲ ਮਾੜਾ ਵਤੀਰਾ ਕਰਨ ਦੇ ਦੋਸ਼ ਹੇਠ ਦੋ ਜੋੜਿਆਂ ਨੂੰ 10-10 ਸਾਲ ਕੈਦ

ਵਿਆਨਾ, 3 ਜੂਨ (ਸ.ਬ.) ਆਸਟਰੀਆ ਦੀ ਇਕ ਅਦਾਲਤ ਨੇ ਆਪਣੇ ਬੱਚਿਆਂ ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ (ਆਈ.ਐਸ.) ਸਮੂਹ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਰਹਿਣ ਲਈ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਹੱਤਿਆ ਦੇ ਵੀਡੀਓ ਦਿਖਾਉਣ ਦੇ ਜ਼ੁਰਮ ਵਿੱਚ ਦੋ ਜੋੜਿਆਂ ਨੂੰ 10 ਸਾਲ ਜੇਲ ਦੀ ਸਜ਼ਾ ਸੁਣਾਈ ਹੈ| ਆਸਟਰੀਆ ਦੇ ਸ਼ਹਿਰ ਗਰਾਜ਼ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਦੋ ਵਿਅਕਤੀ ਦਸੰਬਰ 2014 ਵਿੱਚ ਆਪਣੀਆਂ-ਆਪਣੀਆਂ ਪਤਨੀਆਂ ਨਾਲ ਕੁੱਲ 8 ਬੱਚਿਆਂ ਨੂੰ ਲੈ ਕੇ ਸੀਰੀਆ ਗਏ ਸਨ| ਉਨ੍ਹਾਂ ਵਿੱਚੋਂ ਸਭ ਤੋਂ ਛੋਟੇ ਬੱਚੇ ਦੀ ਉਮਰ 2 ਸਾਲ ਸੀ|
ਆਈ. ਐਸ. ਦੇ ਕਬਜ਼ੇ ਵਾਲੇ ਇਲਾਕੇ ਵਿਚ ਬੱਚੇ ਰਹੇ ਅਤੇ ਉਨ੍ਹਾਂ ਨੂੰ ਸਿਖਾਉਣ ਲਈ ਭਿਆਨਕ ਵੀਡੀਓ ਦਿਖਾਈਆਂ ਗਈਆਂ| ਇੱਥੋਂ ਤੱਕ ਕਿ ਸਿਰ ਕਲਮ ਕਰਨ ਦੀ ਇਕ ਘਟਨਾ ਦੇ ਸਮੇਂ ਉੱਥੇ 7 ਸਾਲ ਦਾ ਇਕ ਲੜਕਾ ਵੀ ਮੌਜੂਦ ਸੀ| ਸੁਣਵਾਈ ਦੌਰਾਨ 49 ਸਾਲਾ ਹਸਨ ਓ ਨੇ ਅਦਾਲਤ ਵਿੱਚ ਆਈ.ਐਸ. ਦਾ ਮੈਂਬਰ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜ਼ਖਮੀ ਫੌਜੀਆਂ ਦੇ ਇਲਾਜ ਲਈ ਕੰਮ ਕਰਦਾ ਸੀ|  ਸੁਣਵਾਈ ਦੌਰਾਨ ਉਸ ਨੇ ਦੱਸਿਆ ਕਿ ਮੈਂ ਗਰਾਜ਼ ਵਿੱਚ ਇਕ ਮਸਜਿਦ ਵਿੱਚ ਸੁਣਿਆ ਸੀ ਕਿ ਤੁਸੀਂ ਇੱਥੇ ਆਪਣੇ ਬੱਚਿਆਂ ਅਤੇ ਔਰਤਾਂ ਨਾਲ ਇਸਲਾਮਿਕ ਕਾਨੂੰਨ ਮੁਤਾਬਕ ਹੀ ਖੁੱਲ੍ਹੇਆਮ ਇੱਥੇ ਰਹਿ ਸਕਦੇ ਹੋ| ਉਸ ਨੇ ਕਿਹਾ ਕਿ ਉਹ ਸਿਰਫ ਇੱਥੇ 10 ਤੋਂ 12 ਦਿਨ ਗੁਜ਼ਾਰਨਾ ਚਾਹੁੰਦਾ ਸੀ ਪਰ ਉਸ ਦੀ ਇਹ ਚਾਹਤ ਛੇਤੀ ਹੀ ਬੁਰੇ ਸੁਪਨੇ ਵਿੱਚ ਬਦਲ ਗਈ ਅਤੇ ਉਨ੍ਹਾਂ ਦਾ ਪਰਿਵਾਰ ਅਪ੍ਰੈਲ 2016 ਵਿੱਚ ਸੀਰੀਆ ਛੱਡ ਕੇ ਤੁਰਕੀ ਚੱਲਾ ਗਿਆ ਅਤੇ ਤੁਰਕੀ ਨੇ ਉਨ੍ਹਾਂ ਨੂੰ ਆਸਟਰੀਆ ਨੂੰ ਸੌਂਪ ਦਿੱਤਾ|
ਅਦਾਲਤ ਨੇ ਹਸਨ ਓ ਅਤੇ ਉਸ ਦੀ ਪਤਨੀ ਕਾਟਾ ਓ, ਐਨੇਸ ਐਸ ਅਤੇ ਉਸ ਦੀ ਪਤਨੀ ਮਿਸ਼ੇਲਾ ਐਸ ਨੂੰ ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਅਤੇ ਬੱਚਿਆਂ ਨਾਲ ਮਾੜਾ ਵਤੀਰਾ ਕਰਨ ਤੇ ਉੁਨ੍ਹਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ੀ ਠਹਿਰਾਇਆ ਹੈ| ਅਦਾਲਤ ਨੇ ਚਾਰੋਂ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ| ਸਾਰੇ ਦੋਸ਼ੀ ਆਸਟਰੀਆ ਦੇ ਮੁਸਲਮਾਨ ਸਨ, ਜਦਕਿ ਮਿਸ਼ੇਲਾ ਐਸ ਬੋਸਨੀਆ ਦੀ ਰਹਿਣ ਵਾਲੀ ਸੀ ਪਰ ਸਾਰਿਆਂ ਕੋਲ ਆਸਟਰੀਆ ਦੀ ਨਾਗਰਿਕਤਾ ਸੀ| ਜੱਜ ਨੇ ਕਿਹਾ ਕਿ ਸਜ਼ਾ ਇਹ ਚਿਤਾਵਨੀ ਦੇਣ ਲਈ ਦਿੱਤੀ ਗਈ ਹੈ ਕਿ ਆਸਟਰੀਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ|

Leave a Reply

Your email address will not be published. Required fields are marked *