ਅੱਤਵਾਦ ਦਾ ਰਸਤਾ ਛੱਡ ਫੌਜੀ ਬਣੇ ਸ਼ਹੀਦ ਨਾਜ਼ੀਰ ਵਾਨੀ ਨੂੰ ਮਿਲੇਗਾ ਅਸ਼ੋਕ ਚੱਕਰ

ਨਵੀਂ ਦਿੱਲੀ, 24 ਜਨਵਰੀ (ਸ.ਬ.) ਜੰਮੂ-ਕਸ਼ਮੀਰ ਵਿੱਚ ਅੱਤਵਾਦ ਦਾ ਰਸਤਾ ਛੱਡ ਫੌਜ ਵਿੱਚ ਸ਼ਾਮਲ ਹੋਣ ਵਾਲੇ ਸ਼ਹੀਦ ਲਾਂਸ ਨਾਇਕ ਨਾਜ਼ੀਰ ਅਹਿਮਦ ਵਾਨੀ ਨੂੰ ਇਸ ਸਾਲ ਦੇ ਸਰਵਉੱਚ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਲਈ ਚੁਣਿਆ ਗਿਆ ਹੈ| ਇਹ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਬਾਰਾਮੂਲਾ ਨੂੰ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ ਐਲਾਨ ਕਰ ਦਿੱਤਾ ਗਿਆ ਹੈ| ਨਾਜ਼ੀਰ ਵਾਨੀ ਘਾਟੀ ਵਿੱਚ 6 ਅੱਤਵਾਦੀਆਂ ਨੂੰ ਮਾਰ ਸੁੱਟਣ ਵਾਲੇ ਆਪਰੇਸ਼ਨ ਵਿੱਚ ਸ਼ਾਮਲ ਸਨ ਅਤੇ ਆਪਰੇਸ਼ਨ ਦੌਰਾਨ ਉਹ ਸ਼ਹੀਦ ਹੋ ਗਏ ਸਨ| 26 ਨਵੰਬਰ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਵਾਨੀ ਨੂੰ ਉਨ੍ਹਾਂ ਦੇ ਪਿੰਡ ਵਿੱਚ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ| ਇਕ ਸਮਾਂ ਸੀ ਜਦੋਂ ਨਾਜ਼ੀਰ ਵਾਨੀ ਅੱਤਵਾਦ ਦੇ ਰਸਤੇ ਤੇ ਚੱਲ ਪਏ ਸਨ ਪਰ ਬਾਅਦ ਵਿੱਚ ਉਨ੍ਹਾਂ ਦੇ ਅੱਤਵਾਦ ਦਾ ਰਸਤਾ ਛੱਡਿਆ ਅਤੇ ਟੈਰੋਟੋਰੀਅਲ ਆਰਮੀ ਵਿੱਚ ਸ਼ਾਮਲ ਹੋਏ| ਅੱਤਵਾਦੀਆਂ ਦੇ ਖਿਲਾਫ ਚਲਾਏ ਜਾ ਰਹੇ 34 ਰਾਸ਼ਟਰੀ ਰਾਈਫਲਜ਼ ਦੇ ਆਪਰੇਸ਼ਨ ਵਿੱਚ ਨਾਜ਼ੀਰ ਵਾਨੀ ਸ਼ਾਮਲ ਸਨ ਅਤੇ ਆਪਰੇਸ਼ਨ ਦੌਰਾਨ ਉਹ ਸ਼ਹੀਦ ਹੋ ਗਏ| ਨਾਜ਼ੀਰ ਵਾਨੀ ਨੇ ਜੰਮੂ-ਕਸ਼ਮੀਰ ਦੇ ਲਾਈਟ ਇਨਫੈਂਟਰੀ ਨੂੰ ਜੁਆਇਨ ਕੀਤਾ ਹੋਇਆ ਸੀ| ਸ਼ਹੀਦ ਨਾਜ਼ੀਰ ਵਾਨੀ ਨੂੰ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਦੇ ਖਿਲਾਫ ਆਪਣੀ ਵੀਰਤਾ ਲਈ 2 ਵਾਰ ਫੌਜ ਮੈਡਲ ਨਾਲ ਨਵਾਜਿਆ ਜਾ ਚੁੱਕਿਆ ਸੀ| ਉਹ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚੱਕੀ ਅਸ਼ਮੁਜੀ ਪਿੰਡ ਦੇ ਵਾਸੀ ਸਨ, ਆਪਣੇ ਪਿੱਛੇ ਉਹ ਪਤਨੀ ਅਤੇ 2 ਬੇਟੇ ਛੱਡ ਗਏ ਹਨ| ਨਾਜ਼ੀਰ ਵਾਨੀ ਤੋਂ ਇਲਾਵਾ ਫੌਜ 4 ਹੋਰ ਅਧਿਕਾਰੀਆਂ ਅਤੇ ਫੌਜੀਆਂ ਨੂੰ ਕੀਰਤੀ ਚੱਕਰ ਅਤੇ 12 ਹੋਰ ਅਧਿਕਾਰੀਆਂ ਅਤੇ ਫੌਜੀਆਂ ਨੂੰ ਸ਼ੌਰਿਆ ਚੱਕਰ ਲਈ ਚੁਣਿਆ ਗਿਆ ਹੈ| ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਦਾ ਨੰਬਰ ਆਉਂਦਾ ਹੈ|

Leave a Reply

Your email address will not be published. Required fields are marked *