ਅੱਤਵਾਦ ਦੇ ਸਫਾਏ ਲਈ ਪਾਕਿਸਤਾਨ ਨੂੰ ਕਰਨੀਆਂ ਹੋਣਗੀਆਂ ਹੋਰ ਕੋਸ਼ਿਸ਼ਾਂ : ਅਮਰੀਕਾ

ਵਾਸ਼ਿੰਗਟਨ, 21 ਮਾਰਚ (ਸ.ਬ.) ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਆਪਣੇ ਦੇਸ਼ ਵਿੱਚੋਂ ਅੱਤਵਾਦ ਨੂੰ ਖਤਮ ਕਰਨ ਲਈ ਹੋਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ| ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ, ਬਲਕਿ ਕਿ ਦੂਜੇ ਅੱਤਵਾਦੀ ਸੰਗਠਨਾਂ ਤੇ ਵੀ ਕਾਰਵਾਈ ਕਰਨ ਦੀ ਲੋੜ ਹੈ| ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਮੁਲਾਕਾਤ ਕੀਤੀ ਸੀ|
ਦੋਹਾਂ ਨੇਤਾਵਾਂ ਨੇ ਦੱਖਣੀ ਏਸ਼ੀਆ ਰਣਨੀਤੀ ਤੇ ਚਰਚਾ ਕੀਤੀ ਸੀ| ਬੀਤੀ ਅਗਸਤ ਨੂੰ ਆਪਣੀ ਨਵੀਂ ਦੱਖਣੀ-ਏਸ਼ੀਆ ਨੀਤੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਵਿਰੁੱਧ ਅਮਰੀਕਾ ਦੀ ਲੜਾਈ ਵਿਚ ਪਾਕਿਸਤਾਨ ਵਲੋਂ ਸਹਿਯੋਗ ਨਾ ਕੀਤੇ ਜਾਣ ਦੀ ਸੂਰਤ ਵਿੱਚ ਪਾਕਿਸਤਾਨ ਵਿਰੁੱਧ ਸਖਤ ਕਦਮ ਚੁੱਕਣ ਦੀ ਗੱਲ ਆਖੀ ਸੀ|
ਓਧਰ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਦੱਖਣੀ-ਏਸ਼ੀਆ ਰਣਨੀਤੀ ਵਿਚ ਇਕ ਗੱਲ ਜੋ ਰਾਸ਼ਟਰਪਤੀ ਟਰੰਪ ਨੇ ਆਖੀ ਸੀ, ਉਹ ਇਹ ਸੀ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਤੇ ਕਾਰਵਾਈ ਕਰਨ ਦੀ ਵੱਡੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ| ਮਦਦ ਰਾਸ਼ੀ ਤੇ ਲੱਗੀ ਰੋਕ ਨੂੰ ਹਟਾਉਣ ਲਈ ਪਾਕਿਸਤਾਨ ਸ਼ਰਤਾਂ ਦੇ ਕਿੰਨੇ ਨੇੜੇ ਪਹੁੰਚਿਆ ਹੈ, ਇਹ ਪੁੱਛਣ ਤੇ ਨੋਰਟ ਨੇ ਕਿਹਾ ਕਿ ਇਸ ਸੰਬੰਧ ਵਿੱਚ ਹੋਰ ਵਧ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ ਜਿਵੇਂ ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ ਸਗੋਂ ਕਿ ਹੱਕਾਨੀ ਨੈਟਵਰਕ ਅਤੇ ਹੋਰ ਅੱਤਵਾਦੀ ਸੰਗਠਨਾਂ ਵਿਰੁੱਧ ਵੀ ਕਾਰਵਾਈ ਕਰਨੀ ਹੋਵੇਗੀ| ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਉਸ ਨੇ ਫੌਜੀ ਮੁਹਿੰਮਾਂ ਵਿੱਚ ਸੈਂਕੜੇ ਤਾਲਿਬਾਨੀ ਅੱਤਵਾਦੀਆਂ ਨੂੰ ਮਾਰਿਆ ਹੈ|

Leave a Reply

Your email address will not be published. Required fields are marked *