ਅੱਤਵਾਦ ਨੂੰ ਬੰਦੂਕ ਵਿੱਚੋਂ ਨਹੀਂ ਦਿਮਾਗ ਵਿੱਚੋਂ ਸਾਫ ਕਰਨ ਦੀ ਲੋੜ

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਅਪਾਲ ਮਲਿਕ ਨੇ ਅੱਤਵਾਦ ਦਾ ਗੜ ਮੰਨੇ ਜਾਣ ਵਾਲੇ ਬਾਰਾਮੁਲਾ ਜਿਲ੍ਹੇ ਦੇ ਸਥਾਨਕ ਅੱਤਵਾਦੀਆਂ ਤੋਂ ਮੁਕਤ ਹੋ ਜਾਣ ਤੇ ਪੁਲੀਸ ਅਤੇ ਸੁਰੱਖਿਆ ਦਸਤਿਆਂ ਦੀ ਸ਼ਲਾਘਾ ਕਰਦਿਆਂ ਇਹ ਠੀਕ ਕਿਹਾ ਕਿ ਅੱਤਵਾਦੀਆਂ ਨੂੰ ਮਾਰਨਾ ਸਮੱਸਿਆ ਦਾ ਹੱਲ ਨਹੀਂ| ਇਸਦਾ ਇਹ ਮਤਲੱਬ ਨਹੀਂ ਕੱਢਿਆ ਜਾਣਾ ਚਾਹੀਦਾ ਹੈ ਕਿ ਅੱਤਵਾਦੀਆਂ ਦੇ ਖਿਲਾਫ ਜਾਰੀ ਅਭਿਆਨ ਬੰਦ ਹੋ ਜਾਣਾ ਚਾਹੀਦਾ ਹੈ| ਹਥਿਆਰ ਚੁੱਕਣ ਵਾਲਿਆਂ ਦੇ ਖਿਲਾਫ ਨਾ ਸਿਰਫ ਸਖਤੀ ਦਿਖਾਉਣੀ ਪਵੇਗੀ, ਸਗੋਂ ਉਨ੍ਹਾਂ ਨੂੰ ਇਹ ਸੁਨੇਹਾ ਵੀ ਦੇਣਾ ਪਵੇਗਾ ਕਿ ਬੰਦੂਕ ਦੇ ਇਸਤੇਮਾਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪਰ ਇਸ ਦੇ ਨਾਲ ਉਸ ਮਾਨਸਿਕਤਾ ਅਤੇ ਮਾਹੌਲ ਨੂੰ ਬਦਲਨ ਦੀ ਵੀ ਜ਼ਰੂਰਤ ਹੈ, ਜਿਸ ਕਾਰਨ ਕਸ਼ਮੀਰ ਘਾਟੀ ਦੇ ਜਵਾਨ ਹਥਿਆਰ ਚੁੱਕ ਕੇ ਅੱਤਵਾਦ ਦੇ ਰਸਤੇ ਉੱਤੇ ਜਾ ਰਹੇ ਹਨ| ਹਥਿਆਰ ਚੁੱਕਣ ਵਾਲਿਆਂ ਵਿੱਚ ਜਿਆਦਾਤਰ ਉਹ ਹਨ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਭਰਿਆ ਜਾ ਰਿਹਾ ਹੈ ਕਿ ਕਸ਼ਮੀਰ ਨੂੰ ਆਜ਼ਾਦੀ ਦੀ ਜ਼ਰੂਰਤ ਹੈ ਅਤੇ ਉਹ ਬੰਦੂਕ ਚੁੱਕਣ ਨਾਲ ਮਿਲ ਸਕਦੀ ਹੈ| ਹਾਲਾਂਕਿ ਕਸ਼ਮੀਰ ਦਾ ਜ਼ਹਿਰੀਲਾ ਮਾਹੌਲ ਉੱਥੇ ਦੇ ਨੌਜਵਾਨਾਂ ਵਿੱਚ ਇਹ ਜਹਿਰ ਭਰ ਰਿਹਾ ਹੈ ਕਿ ਕਸ਼ਮੀਰੀ ਸਤਾਏ ਜਾ ਰਹੇ ਹਨ, ਇਸ ਕਾਰਨ ਉੱਥੋਂ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਵਿਦਿਆਰਥੀ ਅੱਤਵਾਦੀ ਬਣਿਆ ਜਾਂ ਨੌਜਵਾਨ ਨੇ ਹਥਿਆਰ ਚੁੱਕੇ| ਇਹ ਖਬਰ ਕੁਝ ਦਿਨਾਂ ਪਹਿਲਾਂ ਦੀ ਹੀ ਹੈ ਕਿ ਸ਼ੋਪੀਆਂ ਵਿੱਚ ਮਾਰਿਆ ਗਿਆ ਅੱਤਵਾਦੀ ਭਾਰਤੀ ਪੁਲੀਸ ਸੇਵਾ ਦੇ ਇੱਕ ਅਫਸਰ ਦਾ ਭਰਾ ਸੀ ਅਤੇ ਉਹ ਮੈਡੀਕਲ ਦੀ ਪੜਾਈ ਛੱਡ ਕੇ ਅੱਤਵਾਦ ਦੇ ਰਸਤੇ ਤੇ ਗਿਆ ਸੀ|
ਕਸ਼ਮੀਰ ਦੇ ਮਾਹੌਲ ਨੂੰ ਜ਼ਹਿਰੀਲਾ ਬਣਾਉਣ ਵਿੱਚ ਇੱਕ ਵੱਡੀ ਭੂਮਿਕਾ ਪਾਕਿਸਤਾਨ ਅਤੇ ਉਸ ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਵੱਖਵਾਦੀ ਸੰਗਠਨਾਂ ਦੀ ਹੈ, ਪਰ ਸਿਰਫ ਪਾਕਿਸਤਾਨ ਨੂੰ ਦੋਸ਼ ਦਿੰਦੇ ਰਹਿਣ ਨਾਲ ਗੱਲ ਬਨਣ ਵਾਲੀ ਨਹੀਂ ਹੈ, ਕਿਉਂਕਿ ਕਸ਼ਮੀਰ ਵਿੱਚ ਕਈ ਸੰਗਠਨ ਅੱਤਵਾਦ ਦਾ ਹੀ ਕਾਰੋਬਾਰ ਕਰ ਰਹੇ ਹਨ| ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਘਾਟੀ ਵਿੱਚ ਅਸਰ ਰੱਖਣ ਵਾਲੇ ਜਿਨ੍ਹਾਂ ਰਾਜਨੀਤਿਕ ਦਲਾਂ ਨੂੰ ਕਸ਼ਮੀਰ ਦਾ ਮਾਹੌਲ ਬਦਲਨ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਉਹ ਅਜਿਹਾ ਕਰਨ ਤੋਂ ਬਚ ਰਹੇ ਹਨ| ਇਹ ਦਲ ਸੱਤਾ ਵਿੱਚ ਰਹਿੰਦੇ ਸਮੇਂ ਵੱਖ ਭਾਸ਼ਾ ਬੋਲਦੇ ਹਨ ਅਤੇ ਵਿਰੋਧੀ ਧਿਰ ਵਿੱਚ ਰਹਿੰਦੇ ਸਮੇਂ ਵੱਖ| ਇਹ ਇੱਕ ਸੱਚਾਈ ਹੈ ਕਿ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਅਤੇ ਚਲਾਉਣ ਵਾਲੀ ਪੀਡੀਪੀ ਦੀ ਮਹਿਬੂਬਾ ਮੁਫਤੀ ਇਹਨੀਂ ਦਿਨੀਂ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਦੀ ਮਾਤਮਪੁਰਸ਼ੀ ਕਰਨ ਵਿੱਚ ਲੱਗੀ ਹੋਈ ਹੈ| ਸਪੱਸ਼ਟ ਹੈ ਕਿ ਰਾਜਨੀਤਿਕ ਪਾਰਟੀਆਂ ਦਾ ਅਜਿਹਾ ਰਵੱਈਆ ਭਾਰਤ ਸਰਕਾਰ ਦੀ ਮਾਹੌਲ ਬਦਲਨ ਵਾਲੀ ਪਹਿਲ ਨੂੰ ਅੱਗੇ ਨਹੀਂ ਵਧਣ ਦੇ ਰਿਹਾ ਹੈ| ਬਾਵਜੂਦ ਇਸਦੇ ਕਸ਼ਮੀਰ ਵਿੱਚ ਅੱਤਵਾਦ ਨੂੰ ਖਾਣ- ਪਾਣੀ ਦੇਣ ਵਾਲੀ ਵਿਚਾਰਧਾਰਾ ਦੀ ਕਾਟ ਕਰਨ ਦੇ ਠੋਸ ਉਪਾਅ ਕਰਨੇ ਹੀ ਪੈਣਗੇ| ਸੁਰੱਖਿਆ ਦਸਤੇ ਰਾਜ ਅਤੇ ਕੇਂਦਰ ਸਰਕਾਰ ਦੀ ਮਾਹੌਲ ਅਤੇ ਮਾਨਸਿਕਤਾ ਬਦਲਨ ਵਾਲੀ ਪਹਿਲ ਦਾ ਹਿੱਸਾ ਜ਼ਰੂਰ ਹੋ ਸਕਦੇ ਹਨ, ਪਰ ਉਹ ਇਹ ਕੰਮ ਸਿਰਫ ਆਪਣੇ ਬਲਬੂਤੇ ਨਹੀਂ ਕਰ ਸਕਦੇ| ਇਹ ਚੰਗਾ ਹੈ ਕਿ ਜੰਮੂ – ਕਸ਼ਮੀਰ ਦੇ ਰਾਜਪਾਲ ਨੇ ਸਾਫ ਤੌਰ ਤੇ ਕਿਹਾ ਕਿ ਅੱਤਵਾਦ ਬੰਦੂਕ ਵਿੱਚ ਨਹੀਂ, ਦਿਮਾਗ ਵਿੱਚ ਹੈ, ਪਰ ਸੱਚ ਨੂੰ ਬਿਆਨ ਕਰਨਾ ਲੋੜੀਂਦਾ ਨਹੀਂ| ਹੁਣ ਜਦੋਂ ਅੱਤਵਾਦੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਪੁਨਰਵਾਸ ਦੀ ਯੋਜਨਾ ਬਣਾਉਣ ਤੇ ਵਿਚਾਰ ਹੋ ਰਿਹਾ ਹੈ, ਉਦੋਂ ਇਹ ਧਿਆਨ ਰੱਖਿਆ ਜਾਵੇ ਤਾਂ ਬਿਹਤਰ ਕਿ ਇਹ ਆਸਾਨ ਕੰਮ ਨਹੀਂ|
ਤੇਜਿੰਦਰ ਪਾਲ

Leave a Reply

Your email address will not be published. Required fields are marked *