ਅੱਤਵਾਦ ਵਿਰੁੱਧ ਅਮਰੀਕਾ ਦਾ ਸਖਤ ਹੁੰਦਾ ਰੁੱਖ

ਅਮਰੀਕਾ ਨੇ ਮੁੰਬਈ ਹਮਲੇ ਦੇ ਅਸਲੀ ਸੂਤਰਧਾਰ ਹਾਫਿਜ ਸਈਦ ਅਤੇ ਉਸ ਦੇ ਨੈਟਵਰਕ ਨੂੰ ਵੱਡਾ ਝੱਟਕਾ ਦਿੰਦਿਆਂ ਉਸਦੀ ਪਾਰਟੀ ਮਿੱਲੀ ਮੁਸਲਿਮ ਲੀਗ ( ਐਮਏਮਐਲ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ| ਜਿਕਰਯੋਗ ਹੈ ਕਿ ਐਮਐਮਐਲ ਹਾਫਿਜ ਦੇ ਸੰਗਠਨ ਜਮਾਤ-ਉਦ – ਦਾਅਵਾ (ਜੇਯੂਡੀ) ਦੀ ਰਾਜਨੀਤਕ ਇਕਾਈ ਹੈ| ਅਮਰੀਕਾ ਨੇ ਇਹ ਕਦਮ ਅਜਿਹੇ ਵਕਤ ਚੁੱਕਿਆ ਹੈ ਜਦੋਂ ਪਾਕਿਸਤਾਨ ਵਿੱਚ ਜੁਲਾਈ ਵਿੱਚ ਹੋਣ ਵਾਲੀਆਂ ਆਮ ਚੋਣਾਂ ਲਈ ਕਈ ਪਾਰਟੀਆਂ ਆਪਣਾ ਰਜਿਸਟ੍ਰੇਸ਼ਨ ਕਰਾਉਣ ਵਿੱਚ ਲੱਗੀਆਂ ਹਨ| ਜਾਹਿਰ ਹੈ ਇਸ ਤੋਂ ਬਾਅਦ ਹੁਣ ਐਮਐਮਐਲ ਨੂੰ ਪਾਕਿਸਤਾਨੀ ਚੋਣ ਕਮਿਸ਼ਨ ਵਿੱਚ ਖੁਦ ਨੂੰ ਰਾਜਨੀਤਕ ਦਲ ਦੇ ਤੌਰ ਤੇ ਰਜਿਸਟ੍ਰਡ ਕਰਾ ਸਕਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪਵੇਗਾ| ਅਮਰੀਕਾ ਦੀ ਇਹ ਕਾਰਵਾਈ ਇਸ ਲਿਹਾਜ਼ ਨਾਲ ਵੀ ਮਹੱਤਵਪੂਰਣ ਹੈ ਕਿ ਪਾਕਿਸਤਾਨ ਸ਼ੁਰੂ ਤੋਂ ਹੀ ਹਾਫਿਜ ਸਈਦ ਅਤੇ ਉਸਦੀਆਂ ਗਤੀਵਿਧੀਆਂ ਨੂੰ ‘ਅੱਤਵਾਦ’ ਨਾਲ ਜੁੜਿਆ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਉਸਨੂੰ ਹਿਫਾਜ਼ਤ ਪ੍ਰਦਾਨ ਕਰਦਾ ਰਿਹਾ ਹੈ| ਇਹ ਕਾਰਵਾਈ ਭਾਰਤ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਪੁਸ਼ਟ ਕਰਦੀ ਹੈ ਕਿ ਅੱਤਵਾਦ ਫੈਲਾਉਣ ਵਾਲੇ ਪਾਕਿਸਤਾਨ ਵਿੱਚ ਹੀ ਮੌਜੂਦ ਹਨ ਜਿਨ੍ਹਾਂ ਨੂੰ ਉੱਥੇ ਦੀ ਫੌਜ, ਆਈਐਸਆਈ ਅਤੇ ਸਰਕਾਰ ਦੀ ਹਿਫਾਜ਼ਤ ਮਿਲੀ ਹੋਈ ਹੈ|
ਅਮਰੀਕਾ ਇਸ ਗੱਲ ਨੂੰ ਭਲੀਭਾਂਤੀ ਜਾਣਦਾ-ਸਮਝਦਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਟ੍ਰੇਨਿੰਗ ਅਤੇ ਹਥਿਆਰ ਉਪਲਬਧ ਕਰਾਉਂਦਾ ਹੈ ਅਤੇ ਉਨ੍ਹਾਂ ਨੂੰ ਸ਼ਰਣ ਦਿੰਦਾ ਹੈ| ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨਾਂ ਦੇ ਵੱਡੇ ਠਿਕਾਨੇ ਖੁਦ ਅਮਰੀਕਾ ਲਈ ਸਿਰਦਰਦ ਬਣੇ ਹੋਏ ਹਨ| ਦੂਜੇ ਪਾਸੇ ਉਸਨੂੰ ਪੂਰੀ ਦੁਨੀਆ ਵਿੱਚ ਇਸ ਗੱਲ ਲਈ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿ ਸਭ ਕੁੱਝ ਜਾਣਦੇ – ਬੁੱਝਦੇ ਵੀ ਉਹ ਪਾਕਿਸਤਾਨ ਨੂੰ ਭਾਰੀ ਫੌਜੀ ਅਤੇ ਆਰਥਿਕ ਮਦਦ ਦਿੰਦਾ ਹੈ, ਜਦੋਂ ਕਿ ਪਾਕਿਸਤਾਨ ਇਸਦਾ ਇਸਤੇਮਾਲ ਅੱਤਵਾਦ ਫੈਲਾਉਣ ਵਿੱਚ ਕਰਦਾ ਹੈ, ਖਾਸ ਤੌਰ ਤੇ ਭਾਰਤ ਦੇ ਖਿਲਾਫ| ਲੰਬੇ ਸਮੇਂ ਤੋਂ ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਅਜਿਹੇ ਅੱਤਵਾਦੀ ਸੰਗਠਨ ਹੀ ਦੇ ਰਹੇ ਹਨ| ਭਾਰਤ ਨੇ ਵੀ ਸਮੇਂ-ਸਮੇਂ ਤੇ ਇਸ ਨੂੰ ਲੈ ਕੇ ਅਮਰੀਕਾ ਦੇ ਸਾਹਮਣੇ ਇਤਰਾਜ ਦਰਜ ਕਰਾਇਆ ਹੈ ਅਤੇ ਪਾਕਿਸਤਾਨ ਦੇ ਵਿਰੁੱਧ ਸਖਤ ਕਦਮ ਚੁੱਕਣ ਨੂੰ ਕਿਹਾ ਹੈ| ਹੁਣ ਜਾ ਕੇ ਐਮਐਮਐਲ ਤੋਂ ਇਲਾਵਾ ਅਮਰੀਕਾ ਨੇ ਤਹਿਰੀਕ – ਏ – ਆਜ਼ਾਦੀ – ਏ – ਕਸ਼ਮੀਰ ( ਟੀਏਜੇਕੇ ) ਨੂੰ ਵੀ ਅੱਤਵਾਦੀ ਸਮੂਹਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ| ਇਹ ਸੰਗਠਨ ਵੀ ਲਸ਼ਕਰ-ਏ-ਤੋਇਬਾ ਦਾ ਹੀ ਹੈ|
ਵੈਸੇ ਇਹ ਜਗਜਾਹਿਰ ਹੈ ਕਿ ਪਾਕਿਸਤਾਨ ਸਰਕਾਰ ਅਤੇ ਉੱਥੇ ਦੀ ਫੌਜ ਦੀ ਮਰਜੀ ਤੋਂ ਬਿਨਾਂ ਕੋਈ ਅੱਤਵਾਦੀ ਸੰਗਠਨ ਆਪਣੀਆਂ ਗਤੀਵਿਧੀਆਂ ਨਹੀਂ ਚਲਾ ਸਕਦਾ| ਪਾਕਿਸਤਾਨ ਨੇ ਤਾਂ ਹਾਫਿਜ ਸਈਦ ਨੂੰ ਅੱਤਵਾਦੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ| ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਉਹ ਹਾਫਿਜ ਵਰਗੇ ਅੱਤਵਾਦੀ ਸਰਗਨਾਵਾਂ ਨੂੰ ਹੁਣ ਕਿਵੇਂ ਬਚਾਏਗਾ, ਇਹ ਦੇਖਣ ਵਾਲੀ ਗੱਲ ਹੈ| ਅੱਸੀ ਦੇ ਦਹਾਕੇ ਵਿੱਚ ਲਸ਼ਕਰ – ਏ – ਤੋਇਬਾ ਨਾਮ ਦਾ ਅੱਤਵਾਦੀ ਸੰਗਠਨ ਹਾਫਿਜ ਨੇ ਹੀ ਬਣਾਇਆ ਸੀ, ਜਿਸਦਾ ਕੰਮ ਅਫਗਾਨਿਸਤਾਨ ਵਿੱਚ ਸੋਵੀਅਤ ਫੌਜ ਨਾਲ ਨਿਪਟਨਾ ਸੀ| ਬਾਅਦ ਵਿੱਚ ਪਾਕਿਸਤਾਨ ਨੇ ਇਸਦਾ ਇਸਤੇਮਾਲ ਭਾਰਤ ਦੇ ਖਿਲਾਫ ਕਸ਼ਮੀਰ ਵਿੱਚ ਕਰਨਾ ਸ਼ੁਰੂ ਕਰ ਦਿੱਤਾ| ਭਾਰਤ ਵਿੱਚ ਸੰਸਦ ਤੇ ਹਮਲੇ ਅਤੇ ਮੁੰਬਈ ਹਮਲਾ ਵੀ ਲਸ਼ਕਰ-ਏ-ਤੋਇਬਾ ਨੇ ਕਰਾਇਆ ਸੀ| ਨਿਊਯਾਰਕ ਤੇ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਸਮੇਤ ਭਾਰਤ, ਬ੍ਰਿਟੇਨ, ਯੂਰਪੀ ਸੰਘ ਅਤੇ ਰੂਸ ਨੇ ਵੀ ਲਸ਼ਕਰ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਸੀ| ਹਾਲਾਂਕਿ ਪਾਕਿਸਤਾਨ ਨੇ ਵੀ ਇਸ ਤੇ ਪਾਬੰਦੀ ਲਗਾਈ, ਪਰ ਨਾਲ ਹੀ ਮਖੌਟਾ ਸੰਗਠਨ ਦੇ ਰੂਪ ਵਿੱਚ ਜਮਾਤ -ਉਦ-ਦਾਅਵਾ ਵਰਗਾ ਸੰਗਠਨ ਖੜਾ ਕਰਵਾ ਦਿੱਤਾ| ਬਾਅਦ ਵਿੱਚ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਜੇਯੂਡੀ ਨੂੰ ਵੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ| ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਹਾਫਿਜ ਸਈਦ ਨਵੇਂ-ਨਵੇਂ ਨਾਮ ਨਾਲ ਸੰਗਠਨ ਬਣਾ ਕੇ ਆਪਣੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਰਹਿੰਦਾ ਹੈ| ਅਜਿਹੇ ਵਿੱਚ ਵੇਖਣਾ ਹੈ ਕਿ ਅਮਰੀਕਾ ਦੀ ਤਾਜ਼ਾ ਕਵਾਇਦ ਤੋਂ ਬਾਅਦ ਪਾਕਿਸਤਾਨ ਕੀ ਰੁਖ਼ ਅਪਣਾਉਂਦਾ ਹੈ|
ਦੀਪਕ ਸ਼ਰਮਾ

Leave a Reply

Your email address will not be published. Required fields are marked *