ਅੱਸੀ ਸਾਲਾਂ ਅਗਨੀਵੇਸ਼ ਨੂੰ ਕੁੱਟਣ ਦੇ ਮਾਇਨੇ

ਕਿਹੋ ਜਿਹਾ ਅਜੀਬ ਸੰਯੋਗ ਹੈ ਕਿ ਇੱਧਰ ਸੁਪਰੀਮ ਕੋਰਟ ਨੇ ਭੀੜ ਦੀ ਹਿੰਸਾ ਰੋਕਣ ਲਈ ਰਾਜ ਸਰਕਾਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਨਿਰਦੇਸ਼ ਦਿੱਤੇ ਅਤੇ ਸੰਸਦ ਵਿੱਚ ਕਾਨੂੰਨ ਬਣਾਉਣ ਦੀ ਗੱਲ ਕਹੀ, ਦੂਜੇ ਪਾਸੇ ਝਾਰਖੰਡ ਵਿੱਚ ਇੱਕ ਵਾਰ ਫਿਰ ਭੀੜ ਨੇ ਆਪਣਾ ਕਹਿਰ ਵਰਸਾਇਆ| ਇਸ ਵਾਰ ਉਸਦਾ ਸ਼ਿਕਾਰ ਸਨ ਸਵਾਮੀ ਅਗਨੀਵੇਸ਼| ਸ਼ੁਕਰ ਹੈ ਕਿ ਸਵਾਮੀ ਅਗਨੀਵੇਸ਼ ਨੂੰ ਗੰਭੀਰ ਸੱਟ ਨਹੀਂ ਲੱਗੀ| ਇੱਕ 80 ਸਾਲ ਦੇ ਬਜ਼ੁਰਗ ‘ਤੇ ਬੇਕਾਬੂ ਭੀੜ ਜਿਸ ਤਰ੍ਹਾਂ ਜ਼ੋਰ ਆਜ਼ਮਾਇਸ਼ ਕਰ ਰਹੀ ਸੀ, ਉਨ੍ਹਾਂ ਦੇ ਕੱਪੜੇ ਪਾੜੇ, ਲੱਤਾਂ-ਮੁੱਕੇ ਮਾਰੇ, ਇਹ ਸਭ ਦੇਖਣਾ ਕਾਫੀ ਦਰਦਨਾਕ ਸੀ| ਜ਼ਿਕਰਯੋਗ ਹੈ ਕਿ ਪਾਕੁੜ ਜਿਲ੍ਹੇ ਦੇ ਲਿੱਟਪਾੜਾ ਪ੍ਰਖੰਡ ਦੇ ਵਿਜੈ ਮਰਾਂਡੀ ਸਟੇਡੀਅਮ ਵਿੱਚ ਸੰਪੂਰਣ ਭਾਰਤੀ ਆਦਿਮ ਜਨਜਾਤੀ ਵਿਕਾਸ ਕਮੇਟੀ ਵਲੋਂ 195ਵੇਂ ਦਾਮਿਨ ਦਿਵਸ ਤੇ ਵਿਸ਼ਾਲ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ| ਇਸ ਸੰਮੇਲਨ ਵਿੱਚ ਸਵਾਮੀ ਅਗਨੀਵੇਸ਼ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਵਾਲੇ ਸਨ| ਇਸ ਸੰਮੇਲਨ ਵਿੱਚ ਪਾਕੁੜ, ਸਾਹੇਬਗੰਜ, ਦੁਮਕਾ ਅਤੇ ਗੋਂਡਾ ਜਿਲ੍ਹੇ ਤੋਂ ਕਰੀਬ ਇੱਕ ਲੱਖ ਆਦਿਮ ਜਨਜਾਤੀ ਪਹੜੀਆ ਸਮਾਜ ਦੇ ਲੋਕ ਇਕੱਠੇ ਹੋਏ ਸਨ|
ਸਵਾਮੀ ਅਗਨਿਵੇਸ਼ ਦਾ ਵਿਰੋਧ ਕਰਨ ਲਈ ਪਾਕੁੜ ਦੇ ਭਾਜਪਾ ਵਰਕਰ, ਸੰਪੂਰਣ ਭਾਰਤੀ ਵਿਦਿਆਰਥੀ ਪ੍ਰੀਸ਼ਦ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਜਥੇਬੰਦੀਆਂ ਦੇ ਵਰਕਰ ਸਵੇਰੇ ਤੋਂ ਹੀ ਉਨ੍ਹਾਂ ਦੇ ਹੋਟਲ ਦੇ ਸਾਹਮਣੇ ਇਕੱਠੇ ਹੋਏ ਸਨ ਅਤੇ ਉਨ੍ਹਾਂ ਦੇ ਖਿਲਾਫ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਨਾਹਰੇਬਾਜ਼ੀ ਕਰ ਰਹੇ ਸਨ| ਜਿਵੇਂ ਹੀ ਸਵਾਮੀ ਅਗਨੀਵੇਸ਼ ਹੋਟਲ ਤੋਂ ਬਾਹਰ ਨਿਕਲੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਗਿਆ| ਮੌਕੇ ਦੇ ਗਵਾਹਾਂ ਮੁਤਾਬਕ ਹਮਲਾਵਰਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਜੁੱਤੀਆਂ- ਚੱਪਲਾਂ ਮਾਰੀਆਂ| ਇਸ ਘਟਨਾ ਨੇ ਜ਼ੋਰ ਫੜ ਲਿਆ ਅਤੇ ਰਾਸ਼ਟਰੀ ਪੱਧਰ ‘ਤੇ ਇਸਦੀ ਨਿੰਦਾ ਹੋਈ ਤਾਂ ਝਾਰਖੰਡ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆਈ|
ਘਟਨਾ ਵਿੱਚ ਸ਼ਾਮਿਲ 6 ਵਿਅਕਤੀਆਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਸਵਾਮੀ ਅਗਨੀਵੇਸ਼ ਨੂੰ ਸੂਬਾ ਪੱਧਰ ਦੀ ਸੁਰੱਖਿਆ ਉਪਲੱਬਧ ਕਰਵਾਈ ਗਈ ਹੈ| ਸਵਾਲ ਇਹ ਹੈ ਕਿ ਜੋ ਸੁਰੱਖਿਆ ਰਾਜ ਸਰਕਾਰ ਨੇ ਹੁਣ ਉਨ੍ਹਾਂ ਨੂੰ ਦਿੱਤੀ ਹੈ, ਉਹ ਪਹਿਲਾਂ ਕਿਉਂ ਨਹੀਂ ਦਿੱਤੀ ਗਈ? ਅਜਿਹੇ ਸਮੇਂ ਸਵਾਮੀ ਅਗਨੀਵੇਸ਼ ਦਾ ਕਹਿਣਾ ਹੈ ਕਿ ਪ੍ਰੋਗਰਾਮ ਅਤੇ ਉਨ੍ਹਾਂ ਦੇ ਸ਼ਾਮਿਲ ਹੋਣ ਦੀ ਸੂਚਨਾ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ| ਜਦੋਂ ਕਿ ਪਾਕੁੜ ਦੇ ਐਸਪੀ ਨੇ ਅਜਿਹੀ ਕੋਈ ਸੂਚਨਾ ਪ੍ਰਾਪਤ ਹੋਣ ਤੋਂ ਇਨਕਾਰ ਕੀਤਾ ਹੈ| ਹੋ ਸਕਦਾ ਹੈ ਝਾਰਖੰਡ ਪੁਲੀਸ ਨੂੰ ਵਾਕਈ ਸਵਾਮੀ ਅਗਨੀਵੇਸ਼ ਦੇ ਆਉਣ ਦੀ ਸੂਚਨਾ ਨਹੀਂ ਸੀ ਪਰੰਤੂ ਕੀ ਕਿਸੇ ਹੋਟਲ ਦੇ ਅੱਗੇ ਭੀੜ ਨਾਹਰੇਬਾਜ਼ੀ ਕਰ ਰਹੀ ਹੈ, ਕਾਲੇ ਝੰਡੇ ਲਹਿਰਾ ਰਹੀ ਹੈ, ਫਿਰ ਵੀ ਪੁਲੀਸ ਨੇ ਚੇਤੰਨ ਹੋਣਾ ਜਰੂਰੀ ਨਹੀਂ ਸਮਝਿਆ? ਕੀ ਪੁਲੀਸ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਆਖਿਰ ਕਿਸਦਾ ਵਿਰੋਧ ਕਰਨ ਲਈ ਸੱਤਾਧਾਰੀ ਭਾਜਪਾ ਦੇ ਵਰਕਰ ਅਤੇ ਹੋਰ ਹਿੰਦੂਵਾਦੀ ਸੰਗਠਨਾਂ ਦੇ ਲੋਕ ਇੱਕਠੇ ਹੋ ਰਹੇ ਹਨ?
ਝਾਰਖੰਡ ਵਿੱਚ ਭੀੜ ਵਿੱਚ ਲੋਕਾਂ ਨੂੰ ਮਾਰਨ ਦੇ ਵੱਡੇ ਮਾਮਲੇ ਹੋ ਚੁੱਕੇ ਹਨ| ਹਾਲ ਹੀ ਵਿੱਚ ਇੱਕ ਘਟਨਾ ਦੇ ਦੋਸ਼ੀਆਂ ਦਾ ਸਵਾਗਤ ਕੇਂਦਰੀ ਮੰਤਰੀ ਜਯੰਤ ਸਿੰਨਹਾ ਨੇ ਕੀਤਾ| ਕੀ ਅਜਿਹੇ ਸਮੇਂ ਪੁਲੀਸ ਨੂੰ ਸੁਚੇਤ ਨਹੀਂ ਹੋਣਾ ਚਾਹੀਦਾ ਸੀ? ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਇੱਕ ਲੱਖ ਆਦਿਵਾਸੀ ਇਕੱਠੇ ਹੋ ਰਹੇ ਹੋਣ ਅਤੇ ਫਿਰ ਵੀ ਪੁਲੀਸ ਨੂੰ ਖਬਰ ਨਹੀਂ ਹੈ ਤਾਂ ਇਸਨੂੰ ਪੁਲੀਸ ਅਤੇ ਸਰਕਾਰ ਦੀ ਨਾਕਾਮੀ ਹੀ ਕਿਹਾ ਜਾਵੇਗਾ| ਵਿਕੀਪੀਡੀਆ ਦੇ ਮੁਤਾਬਕ ਲਗਭਗ 46 ਹਜਾਰ ਦੀ ਆਬਾਦੀ ਵਾਲਾ ਪਾਕੁੜ ਜਿਲ੍ਹਾ ਸਾਢੇ ਅੱਠ ਕਿ.ਮੀ. ਵਿੱਚ ਫੈਲਿਆ ਹੈ| ਇੰਨੇ ਛੋਟੇ ਜਿਹੇ ਜਿਲ੍ਹੇ ਵਿੱਚ ਕਿੱਥੇ, ਕੀ ਹੋ ਰਿਹਾ ਹੈ, ਜੇਕਰ ਪੁਲੀਸ ਨੂੰ ਇੰਨਾ ਵੀ ਪਤਾ ਨਹੀਂ ਚੱਲ ਰਿਹਾ ਹੈ ਤਾਂ ਫਿਰ ਇਸ ਤੋਂ ਜ਼ਿਆਦਾ ਨਾਕਾਰਾ ਪ੍ਰਸ਼ਾਸਨ ਹੋਰ ਕੀ ਹੋਵੇਗਾ? ਪਰੰਤੂ ਇੱਥੇ ਸਵਾਲ ਸਿਰਫ ਪੁਲੀਸ ਦੀ ਨਾਕਾਮੀ ਦਾ ਨਹੀਂ ਹੈ ਬਲਕਿ ਇਹ ਵੀ ਹੈ ਕਿ ਕੀ ਪੁਲੀਸ ਨੂੰ ਜਾਣਬੁੱਝ ਕੇ ਅੱਖ-ਕੰਨ ਬੰਦ ਰੱਖਣੇ ਪਏ ਤਾਂ ਕਿ ਹਮਲਾਵਰ ਬਿਨਾ ਡਰ ਆਪਣਾ ਕੰਮ ਕਰ ਸਕਣ? ਜਿਨ੍ਹਾਂ ਲੋਕਾਂ ਨੇ ਸਵਾਮੀ ਅਗਨੀਵੇਸ਼ ਉਤੇ ਹਮਲਾ ਕੀਤਾ, ਉਨ੍ਹਾਂ ਨੂੰ ਸਵਾਮੀ ਦੇ ਕੁੱਝ ਬਿਆਨਾਂ ਤੇ ਕਥਿਤ ਤੌਰ ਤੇ ਇਤਰਾਜ਼ ਸੀ| ਜੇਕਰ ਇਤਰਾਜ਼ ਸੀ, ਤਾਂ ਕੀ ਉਸਨੂੰ ਦਰਸ਼ਾਉਣ ਦਾ ਇੱਕੋ ਇੱਕ ਤਰੀਕਾ ਇਹ ਮਾਰ ਕੁੱਟ ਹੀ ਹੈ?
ਜੋ ਲੋਕ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦੇ ਨਾਮ ‘ਤੇ ਗੁੰਡਾਗਰਦੀ ਕਰ ਰਹੇ ਹਨ, ਉਹ ਖੁਦ ਕਿਹੜੇ ਧਰਮ ਦਾ ਪਾਲਣ ਕਰ ਰਹੇ ਹਨ? ਇੱਕ 80 ਸਾਲ ਦੇ ਬਜ਼ੁਰਗ ਨੂੰ ਕੁੱਟ ਕੇ ਉਹ ਕਿਹੜੀ ਪਰੰਪਰਾ ਦੇ ਪੈਰੋਕਾਰ ਬਣਨਾ ਚਾਹੁੰਦੇ ਹਨ? ਅਜੇ ਮਾਮਲੇ ਦੀ ਜਾਂਚ ਨਹੀਂ ਹੋਈ ਹੈ ਪਰੰਤੂ ਝਾਰਖੰਡ ਸਰਕਾਰ ਦੇ ਮੰਤਰੀ ਸੀਪੀ ਸਿੰਘ ਨੇ ਸਵਾਮੀ ਅਗਨੀਵੇਸ਼ ਨੂੰ ਫਰਾਡ ਦੱਸਦੇ ਹੋਏ ਇਹ ਨਤੀਜਾ ਕੱਢ ਦਿੱਤਾ ਹੈ ਕਿ ਇਹ ਹਮਲਾ ਉਨ੍ਹਾਂ ਨੇ ਖੁਦ ਕਰਾਇਆ ਹੈ| ਇਸ ਤਰ੍ਹਾਂ ਦੇ ਬਿਆਨ ਨਾਲ ਸਾਫ ਹੁੰਦਾ ਹੈ ਕਿ ਭਾਜਪਾ ਸਰਕਾਰ ਨੂੰ ਇਸ ਤਰ੍ਹਾਂ ਦੀ ਗੁੰਡਾਗਰਦੀ ਰੋਕਣ ਵਿੱਚ ਕਿੰਨੀ ਦਿਲਚਸਪੀ ਹੈ|
ਸਵਾਮੀ ਅਗਨੀਵੇਸ਼ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਘੱਟ ਤੋਂ ਘੱਟ ਉਸ ਹਿੰਦੂ ਸਮਾਜ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਜੋ ਭਾਜਪਾ, ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਨੂੰ ਹੀ ਹਿੰਦੁਤਵ ਦਾ ਰੱਖਿਅਕ ਮੰਨਦੀ ਹੈ| ਇਹ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਲੋਕ ਸਿਰਫ ਆਪਣੇ ਸਵਾਰਥਾਂ ਦੇ ਰੱਖਿਅਕ ਹਨ ਅਤੇ ਜੋ ਇਨ੍ਹਾਂ ਤੋਂ ਵੱਖ ਵਿਚਾਰ ਰੱਖੇਗਾ, ਉਹ ਭਾਵੇਂ ਕੋਈ ਹਿੰਦੂ ਜਾਂ ਸੰਨਿਆਸੀ ਕਿਉਂ ਨਾ ਹੋਵੇ, ਇਹ ਉਸਨੂੰ ਮਾਰਨ ਤੋਂ ਬਾਜ ਨਹੀਂ ਆਉਣਗੇ| ਮਾਨਵ ਚੌਧਰੀ

Leave a Reply

Your email address will not be published. Required fields are marked *