ਆਂਗਣਵਾੜੀ ਵਰਕਰਾਂ ਵਲੋਂ ਕੈਬਨਿਟ ਮੰਤਰੀ ਚੰਨੀ ਦੇ ਘਰ ਅੱਗੇ ਧਰਨਾ

ਖਰੜ, 22 ਨਵੰਬਰ (ਕੁਸ਼ਲ ਆਨੰਦ ) ਆਂਗਣਵਾੜੀ ਵਰਕਰਾਂ ਨੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਦੀਪ ਕੌਰ ਦੀ ਅਗਵਾਈ ਵਿਚ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਧਰਨਾ ਮਾਰਿਆ ਅਤੇ ਨਾਰ੍ਹੇਬਾਜੀ ਕੀਤੀ| ਇਸ ਮੌਕੇ ਆਂਗਣਬਾੜੀ ਵਰਕਰਾਂ ਨੇ ਪੁਲੀਸ ਉਪਰ ਧੱਕਾਮੁੱਕੀ ਅਤੇ ਗਾਲੀ ਗਲੋਚ ਕਰਨ ਦੇ ਵੀ ਦੋਸ਼ ਲਾਏ|
ਇਸ ਮੌਕੇ ਸੰਬੋਧਨ ਕਰਦਿਆਂ ਗੁਰਦੀਪ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਮੌਕੇ ਹਰ ਘਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਕਾਂਗਰਸ ਸਰਕਾਰ ਨੌਕਰੀਆਂ ਦੇਣ ਦੀ ਥਾਂ ਰੁਜਗਾਰ ਹੀ ਖੋਹਣ ਲੱਗ ਪਈ ਹੈ| ਉਹਨਾਂ ਕਿਹਾ ਕਿ ਪੰਜਾਬ ਦੇ 54 ਹਜਾਰ ਆਂਗਣਵਾੜੀ ਵਰਕਰਾਂ ਨੂੰ ਵਿਹਲਾ ਕਰ ਦਿਤਾ ਗਿਆ ਹੈ| ਉਹ ਸਤੰਬਰ ਮਹੀਨੇ ਤੋਂ ਰੋਸ ਪ੍ਰਦਰਸਨ ਕਰ ਰਹੀਆਂ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋਈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਆਂਗਣਵਾੜੀ ਵਰਕਰਾਂ ਦੇ ਆਗੂਆਂ ਵਲੋਂ ਅਨੇਕਾਂ ਵਾਰ ਹੀ ਮੀਟਿੰਗਾਂ ਕੀਤੀਆਂ ਜਾ ਚੁਕੀਆਂ ਹਨ ਪਰ ਇਹਨਾਂ ਮੀਟਿੰਗਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ|
ਉਹਨਾਂ ਕਿਹਾ ਕਿ ਹਰ ਦਿਨ ਹੀ ਆਂਗਣਵਾੜੀ ਵਰਕਰਾਂ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਧਰਨਾ ਦਿਤਾ ਜਾਵੇਗਾ ਅਤੇ 11 ਵਰਕਰ ਰੋਜ ਭੁੱਖ ਹੜਤਾਲ ਉਪਰ ਵੀ ਬੈਠਣਗੀਆਂ|
ਉਹਨਾਂ ਮੰਗ ਕੀਤੀ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਆਂਗਣਬਾੜੀ ਕੇਂਦਰਾਂ ਵਿਚ ਹੀ ਰੱਖੀਆਂ ਜਾਣ, ਆਂਗਣਬਾੜੀ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਬਣਾਇਆ ਜਾਵੇ, ਆਂਗਣਵਾੜੀ ਵਰਕਰਾਂ ਨੂੰ ਪੈਨਸ਼ਨ ਅਤੇ ਹੋਰ ਲਾਭ ਦਿਤੇ ਜਾਣ|
ਇਸ ਮੌਕੇ ਐਸ ਡੀ ਐਮ ਖਰੜ ਵਲੋਂ ਭੇਜੇ ਗਏ ਤਹਿਸੀਲਦਾਰ ਤਰਸੇਮ ਮਿੱਤਲ ਨੂੰ ਮੰਗ ਪੱਤਰ ਦੇਣ ਤੋਂ ਆਂਗਣਵਾੜੀ ਵਰਕਰਾਂ ਨੇ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਕੈਬਨਿਟ ਮੰਤਰੀ ਚੰਨੀ ਨੂੰ ਹੀ ਮੰਗ ਪੱਤਰ ਦੇਣਗੀਆਂ|
ਇਸ ਮੌਕੇ ਸੀਟੂ ਦੇ ਜਨਰਲ ਸਕੱਤਰ ਮੁਹਾਲੀ ਚੰਡੀਗੜ੍ਹ ਦਿਨੇਸ਼ ਪਰਾਸ਼ਰ ਅਤੇ ਮੀਤ ਪ੍ਰਧਾਨ ਪੰਜਾਬ ਚੰਦਰ ਸ਼ੇਖਰ ਨੇ ਵੀ ਆਂਗਣਵਾੜੀ ਵਰਕਰਾਂ ਦੇ ਧਰਨੇ ਦੀ ਹਮਾਇਤ ਕਰਦਿਆਂ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ|
ਇਸ ਮੌਕੇ ਏ ਐਸ ਆਈ ਨਿਧਾਨ ਸਿੰਘ ਨੇ ਆਂਗਣਵਾੜੀ ਵਰਕਰਾਂ ਵਲੋਂ ਲਗਾਏ ਗਏ ਧੱਕਾਮੁੱਕੀ ਕਰਨ ਅਤੇ ਗਾਲੀ ਗਲੋਚ ਕਰਨ ਦੇ ਦੋਸ਼ਾਂ ਨੂੰ ਗਲਤ ਦਸਿਆ| ਉਹਨਾਂ ਕਿਹਾ ਕਿ ਪੁਲੀਸ ਨੇ ਇਹਨਾਂ ਨੂੰ ਕੈਬਨਿਟ ਮੰਤਰੀ ਦੀ ਕੋਠੀ ਵੱਲ ਜਾਣ ਤੋਂ ਰੋਕਿਆ ਸੀ ਪਰ ਕੋਈ ਧੱਕਾਮੁੱਕੀ ਨਹੀਂ ਕੀਤੀ| ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਜਾਣਕਾਰੀ ਹੀ ਨਹੀਂ ਸੀ ਕਿ ਅੱਜ ਆਂਗਣਵਾੜੀ ਵਰਕਰਾਂ ਨੇ ਇਥੇ ਧਰਨਾ ਦੇਣਾਂ ਹੈ| ਪੁਲੀਸ ਆਪਣੀ ਕਾਰਵਾਈ ਕਰ ਰਹੀ ਹੈ|

Leave a Reply

Your email address will not be published. Required fields are marked *