ਆਂਗਨਵਾੜੀ ਵਰਕਰਾਂ ਅਤੇ ਮਹਿਲਾਂ ਸਰਪੰਚਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਸਿਖਲਾਈ ਕੇਂਦਰ ਖੋਲ੍ਹ ਜਾਣਗੇ : ਮੇਨਕਾ ਗਾਂਧੀ

ਐਸ ਏ ਐਸ ਨਗਰ, 14 ਜਨਵਰੀ (ਸ.ਬ.) ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਆਂਗਨਵਾੜੀ ਵਰਕਰਾਂ ਅਤੇ ਮਹਿਲਾ ਸਰਪੰਚਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਸਹਿਭਾਗੀ ਬਣਾਉਣ ਲਈਦੇਸ਼ ਭਰ ਵਿੱਚ ਵਿਸ਼ੇਸ਼ ਸਿਖਲਾਈ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਅੱਜ ਮੁਹਾਲੀ ਵਿੱਚ ਅਜਿਹਾ ਪੰਜਵਾਂ ਕੇਂਦਰ ਖੋਲ੍ਹਿਆ ਗਿਆ ਹੈ ਜਿਸ ਨਾਲ ਇਸ ਖੇਤਰ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ| ਇਹ ਗੱਲ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਅੱਜ ਇੱਥੇ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਕੋਆਪਰੇਸ਼ਨ ਐਂਡ ਚਾਈਲਡ ਡਿਵਲੈਪਮੈਂਟ ਦਾ ਰਸਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ| ਉਹਨਾਂ ਕਿਹਾ ਕਿ ਇਹ ਆਮ ਧਾਰਨਾ ਹੈ ਕਿ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਸਿਰਫ ਖਾਣਾ ਮਿਲਦਾ ਹੈ ਅਤੇ ਇਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਜਿਆਦਾਤਰ ਖੇਤਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਵਿੱਚ ਭੇਜਦੇ ਹੀ ਨਹੀਂ ਜਦੋਂਕਿ ਸਰਕਾਰ ਵਲੋਂ ਆਂਗਨਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਲਈ ਪ੍ਰੀ ਸਕੂਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਇਸ ਸੰਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਸਕੂਲ ਵਿੱਚ ਦਾਖਲ ਹਣ ਵੇਲੇ ਕਿਸੇ ਤੋਂ ਪਿੱਛੇ ਨਾ ਰਹਿਣ|
ਉਹਨਾਂ ਕਿਹਾ ਕਿ ਮੁਹਾਲੀ ਵਿਚ ਸਥਾਪਿਤ ਕੀਤੇ ਗਏ ਇਸ ਕੇਂਦਰ ਵਿੱਚ ਜਿੱਥੇ ਆਂਗਨਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਉੱਥੇ ਨਵੀਆਂ ਚੁਣੀਆਂ ਗਈਆਂ ਮਹਿਲਾ ਸਰਪੰਚਾਂ ਦੇ 20-20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਪੰਚਾਇਤ ਦੇ ਕਾਰਜਾਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਹੁਣ ਵੀ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਮਹਿਲਾ ਸਰਪੰਚਾਂ ਦੇ ਸਾਰੇ ਕੰਮ ਉਹਨਾਂ ਦੇ ਪਤੀ ਹੀ ਕਰਦੇ ਹਨ ਅਤੇ ਆਮ ਤੌਰ ਤੇ ਅਧਿਕਾਰੀ ਵੀ ਹਰੇਕ ਗੱਲ ਲਈ ਮਹਿਲਾ ਸਰਪੰਚਾਂ ਦੇ ਪਤੀਆਂ ਨਾਲ ਹੀ ਗੱਲ ਕਰਦੇ ਹਨ ਜਦੋਂਕਿ ਮਹਿਲਾ ਸਰਪੰਚ ਸਿਰਫ ਰਬੜ ਦੀ ਮੋਹਰ ਬਣ ਕੇ ਰਹਿ ਜਾਂਦੀਆਂ ਹਨ| ਉਹਨਾਂ ਦੱਸਿਆ ਕਿ ਇਹਨਾਂ ਕੇਂਦਰਾਂ ਵਿੱਚ ਔਰਤਾਂ ਨੂੰ ਪਿੰਡ ਦੇ ਵਿਕਾਸ ਨਾਲ ਕਰਵਾਏ ਜਾਣ ਵਾਲੇ ਕੰਮਾਂ, ਪੰਚਾਇਤ ਦਾ ਹਿਸਾਬ ਕਿਤਾਬ ਰੱਖਣ, ਗ੍ਰਾਂਟਾਂ ਹਾਸਿਲ ਕਰਨ ਦੀ ਪ੍ਰਕ੍ਰਿਆ ਅਤੇ ਪਿੰਡ ਦੇ ਵਿਕਾਸ ਨਾਲ ਜੁੜੇ ਹੋਰਨਾਂ ਕੰਮਾਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ| ਤਾਂ ਜੋ ਮਹਿਲਾਵਾਂ ਆਪਣੇ ਪਤੀਆਂ ਤੇ ਨਿਰਭਰ ਨਾ ਰਹਿਣ ਬਲਕਿ ਖੁਦ ਅੱਗੇ ਹੋ ਕੇ ਆਪਣੇ ਪਿੰਡ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ|

Leave a Reply

Your email address will not be published. Required fields are marked *