ਆਂਗਨਵਾੜੀ ਵਰਕਰਾਂ ਨੇ ਕੀਤੀ ਜੇਤੂ ਰੈਲੀ

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਨੇ ਅੱਜ ਫੇਜ਼-8 ਦੇ ਮੈਦਾਨ ਵਿੱਚ ਰੈਲੀ ਕੀਤੀ| ਜਿਸ ਵਿੱਚ ਸੂਬੇ ਭਰ ਵਿੱਚੋਂ ਹਜਾਰਾ ਦੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ/ਹੈਲਪਰਾਂ ਨੇ ਸ਼ਮੂਲੀਅਤ ਕੀਤੀ| ਜਿਕਰਯੋਗ ਹੈ ਕਿ ਪ੍ਰੀ ਨਰਸਰੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕਰਨ ਅਤੇ ਆਂਗਨਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਖੋਹ ਕੇ ਸਕੂਲਾਂ ਵਿਚ ਦਾਖਲਾ ਕਰਨ ਦੇ ਖਿਲਾਫ ਜਥੇਬੰਦੀ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਸੰਘਰਸ਼ ਚਲਾਇਆ ਜਾ ਰਿਹਾ ਸੀ ਅਤੇ ਅੱਜ 27 ਨਵੰਬਰ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਸ਼ੁਰੂ ਹੋਣ ਸਮੇਂ ਜਥੇਬੰਦੀ ਦੀਆਂ 20 ਹਜਾਰ ਆਂਗਨਵਾੜੀ ਵਰਕਰਾਂ/ਹੈਲਪਰਾਂ ਨੇ ਵਿਧਾਨ ਸਭਾ ਨੂੰ ਘੇਰਨਾ ਸੀ ਪਰ ਸਰਕਾਰ ਕੁਝ ਘੰਟੇ ਪਹਿਲਾਂ ਹੀ ਜਥੇਬੰਦੀ ਦੇ ਸੰਘਰਸ਼ ਅੱਗੇ ਝੁਕ ਗਈ ਅਤੇ ਐਤਵਾਰ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਕਿ ਆਂਗਨਵਾੜੀ ਕੇਂਦਰਾਂ ਦੇ ਬੱਚੇ ਆਂਗਨਵਾੜੀ ਵਰਕਰ ਕੋਲ ਰਹਿਣਗੇ, ਜਿਸ ਤੋਂ ਬਾਅਦ ਜਥੇਬੰਦੀ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਥਾਂ ਜੇਤੂ ਰੈਲੀ ਕੀਤੀ|
ਇਸ ਮੌਕੇ ਬੋਲਦਿਆਂ ਆਂਗਨਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੀ ਕੌਮੀ ਪ੍ਰਧਾਨ ਸ੍ਰੀ ਹਰਗੋਬਿੰਦ ਕੌਰ ਨੇ ਕਿਹਾ ਹੁਣ ਨੋਟੀਫਿਕੇਸ਼ਨ ਵਾਲਾ ਫੈਸਲਾ ਸਰਕਾਰ ਬਲਾਕ ਪੱਧਰ ਤੇ ਤੁਰੰਤ ਲਾਗੂ ਕਰੇ| ਉਹਨਾਂ ਮੰਗ ਕੀਤੀ ਕਿ ਸਰਕਾਰ ਆਂਗਨਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਵੇ, ਇਸ ਮੰਗ ਨੂੰ ਪੂਰਾ ਕਰਾਉਣ ਲਈ ਜਥੇਬੰਦੀ ਆਪਣਾ ਸੰਘਰਸ਼ ਜਾਰੀ ਰੱਖੇਗੀ| ਉਹਨਾਂ ਕਿਹਾ ਕਿ 2005 ਵਿੱਚ ਕਾਂਗਰਸ ਦੀ ਸਰਕਾਰ ਨੇ ਬੱਚੇ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਨ ਦੀ ਕੋਝੀ ਚਾਲ ਚੱਲੀ ਸੀ, ਉਦੋਂ ਵੀ ਉਹਨਾਂ ਦੀ ਅਗਵਾਈ ਹੇਠ ਲੜੇ ਸੰਘਰਸ਼ ਦੇ ਦਬਾਅ ਸਦਕਾ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ ਅਤੇ ਹੁਣ ਫਿਰ ਸੂਬੇ ਦੀ ਕਾਂਗਰਸ ਸਰਕਾਰ ਨੂੰ ਵਰਕਰਾਂ/ਹੈਲਪਰਾਂ ਸਾਹਮਣੇ ਝੁਕਨਾ ਪਿਆ ਹੈ|
ਕੌਮੀ ਪ੍ਰਧਾਨ ਨੇ ਕਿਹਾ ਕਿ ਉਹ 1975 ਆਂਗਨਵਾੜੀ ਕੇਂਦਰਾਂ ਵਿਚ ਪ੍ਰੀ ਸਕੂਲ ਸਿੱਖਿਆ ਦੇ ਰਹੀਆਂ ਹਨ, ਪੰਜਾਬ ਦੇ 27000 ਤੋਂ ਉੱਪਰ ਆਂਗਨਵਾੜੀ ਕੇਂਦਰਾਂ ਵਿੱਚ 54000 ਹਜਾਰ ਤੋਂ ਵੱਧ ਵਰਕਰ/ਹੈਲਪਰ ਕੰਮ ਕਰ ਰਹੀਆਂ ਹਨ ਅਤੇ ਇਹਨਾਂ ਵਿੱਚੋਂ ਬਹੁਤੀਆਂ ਗ੍ਰੇਜੂਏਟ ਹਨ ਜਾਂ ਇਸ ਤੋਂ ਵੱਧ ਸਿੱਖਿਅਤ ਹਨ, ਇਸ ਲਈ ਸਾਡੀ ਮੰਗ ਹੈ ਕਿ ਨਰਸਰੀ ਕਲਾਸ ਆਂਗਨਵਾੜੀ ਕੇਂਦਰਾਂ ਵਿੱਚ ਹੀ ਸ਼ੁਰੂ ਕੀਤੀ ਜਾਵੇ| ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿਤਾ ਜਾਵੇ|
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਵਰਕਰਾਂ/ਹੈਲਪਰਾਂ ਦਾ ਸ਼ੋਸ਼ਣ ਹੀ ਕੀਤਾ ਹੈ| ਏਨਾ ਸਮਾਂ ਬੀਤ ਜਾਣ ਤੇ ਵੀ ਇਹਨਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿਤਾ ਗਿਆ, ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਵਰਕਰਾਂ ਨੂੰ ਕੇਵਲ 5600/- ਤੇ ਹੈਲਪਰਾਂ ਨੂੰ 2800/- ਰੁਪੈ ਮਹੀਨਾ ਮਿਲ ਰਿਹਾ ਹੈ ਜਦਕਿ ਦਿਲੀ ਦੀ ਕੇਜਰੀਵਾਲ ਸਰਕਾਰ ਵਰਕਰਾਂ ਨੂੰ 10000/- ਅਤੇ ਹੈਲਪਰਾਂ ਨੂੰ 5000/- ਰੁਪੈ ਮਹੀਨਾ ਦੇ ਰਹੀ ਹੈ|
ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਨੰਗਲ, ਗੁਰਮੀਤ ਕੌਰ ਗੋਨੇ ਆਣਾ, ਬਲਵੀਰ ਕੌਰ ਮਾਨਸਾ, ਜਸਬੀਰ ਕੌਰ ਦਸੂਹਾ, ਸਿੰਦਰਪਾਲ ਕੌਰ ਭਗਤਾ, ਬਲਜੀਤ ਕੌਰ ਕੁਰਾਲੀ, ਰੇਸ਼ਮਾ ਰਾਣੀ ਫਾਜਿਲਕਾ, ਮਹਿੰਦਰ ਕੌਰ ਪੱਤੋ, ਬਲਜੀਤ ਕੌਰ, ਸ਼ੀਲਾ ਦੇਵੀ ਗੁਰੂ ਹਰ ਸਹਾਏ, ਸਤਵੰਤ ਕੌਰ ਭੋਗਪੁਰ, ਰੀਮਾ ਰਾਣੀ ਰੋਪੜ, ਪੂਨਾ ਰਾਣੀ ਨਵਾਂ ਸਹਿਰ, ਨਛੱਤਰ ਕੌਰ ਅਮਲੋਹ, ਦਲਜੀਤ ਕੌਰ, ਬਰਨਾਲਾ, ਕ੍ਰਿਸਨਾ ਰਾਣੀ ਔਲਖ, ਹਰਜੀਤ ਕੌਰ ਵੇਰਕਾ, ਜਸਵਿੰਦਰ ਕੌਰ ਪੱਟੀ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਸਿੰਦਰਪਾਲ ਕੌਰ ਭੂੰਗਾ, ਸੰਗੀਤਾ ਰਾਣੀ ਪਠਾਨਕੋਟ, ਕੁਲਮੀਤ ਕੌਰ ਬਟਾਲਾ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *