ਆਂਗਨਵਾੜੀ ਵਰਕਰਾਂ ਨੇ ਸੋਹਾਣਾ ਚੌਂਕ ਵਿੱਚ ਰੋਸ ਧਰਨਾ ਤੇ ਚੱਕਾ ਜਾਮ ਕੀਤਾ

ਆਂਗਨਵਾੜੀ ਵਰਕਰਾਂ ਨੇ ਸੋਹਾਣਾ ਚੌਂਕ ਵਿੱਚ ਰੋਸ ਧਰਨਾ ਤੇ ਚੱਕਾ ਜਾਮ ਕੀਤਾ
ਆਵਾਜਾਈ ਠੱਪ ਹੋਣ ਕਾਰਨ ਲੋਕ ਹੋਏ ਖੱਜਲ ਖੁਆਰ
ਐਸ ਏ ਐਸ ਨਗਰ, 2 ਨਵੰਬਰ (ਸ.ਬ.) ਇਤਿਹਾਸਿਕ ਪਿੰਡ ਸੋਹਾਣਾ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿੱਚ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਕੁਝ ਸਮੇਂ ਲਈ ਆਵਾਜਾਈ ਠੱਪ ਕੀਤੀ ਗਈ| ਜਿਸ ਕਾਰਨ ਇਸ ਇਲਾਕੇ ਵਿੱਚ ਦੂਰ ਦੂਰ ਤਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਪਈਆਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਹੀ ਖੱਜਲ ਖੁਆਰ ਹੋਣਾ ਪਿਆ|
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਤੁਰੰਤ ਬੱਚੇ ਭੇਜੇ ਜਾਣ  ਜਾਂ ਫਿਰ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਕਰਦੇ ਵਰਕਰ ਹੈਲਪਰ ਸਕੂਲਾਂ ਵਿੱਚ ਸਿਫਟ ਕੀਤੇ ਜਾਣ| ਉਹਨਾਂ ਕਿਹਾ ਕਿ ਉਹ ਪਿਛਲੇ 41 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਉਪਰ ਇਸਦਾ ਕੋਈ ਅਸਰ ਨਹੀਂ ਹੋ ਰਿਹਾ| ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲੇ ਹੱਲ ਕੀਤੇ ਜਾਣ, ਆਂਗਣਵਾੜੀ ਵਰਕਰਾਂ ਉਪਰ ਦਰਜ ਕੇਸ ਰੱਦ ਕੀਤੇ ਜਾਣ, ਆਂਗਣਵਾੜੀ ਵਰਕਰਾਂ ਉੱਪਰ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਉਪਰ ਕਾਰਵਾਈ ਕੀਤੀ ਜਾਵੇ, ਆਂਗਣਵਾੜੀ ਮੁਲਾਜਮਾਂ ਨੂੰ ਹਰਿਆਣਾ ਪੈਟਰਨ ਉਪਰ ਤਨਖਾਹ ਦਿਤੀ ਜਾਵੇ| ਇਸ ਮੌਕੇ ਯੂਨੀਅਨ ਆਗੂ ਗੁਰਦੀਪ ਕੌਰ, ਭਿੰਦਰ ਕੌਰ, ਰਜਿੰਦਰ ਕੌਰ, ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ|
ਧਰਨੇ ਉਪਰੰਤ ਆਂਗਣਵਾੜੀ ਮੁਲਾਜਮਾਂ ਵਲੋਂ ਕੁਝ ਸਮੇਂ ਲਈ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿੱਚ ਆਵਾਜਾਈ ਵੀ ਠੱਪ ਕੀਤੀ ਗਈ, ਜਿਸ ਕਾਰਨ ਵਾਹਨਾਂ ਦੀਆਂ ਹਰ ਪਾਸੇ ਹੀ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ| ਵਾਹਨਾਂ ਵਿੱਚ ਬੈਠੇ ਲੋਕ ਧਰਨਾਕਾਰੀ ਮੁਲਾਜਮਾਂ ਨੂੰ ਕੋਸਦੇ ਵੇਖੇ ਗਏ| ਆਵਾਜਾਈ ਠੱਪ ਹੋਣ ਤੋਂ ਕਰੀਬ 20 ਮਿੰਟਾਂ ਬਾਅਦ ਫੇਜ 1 ਥਾਣਾ ਦੀ ਪੁਲੀਸ ਮੌਕੇ ਉਪਰ ਪਹੁੰਚੀ ਅਤੇ ਪੁਲੀਸ ਅਧਿਕਾਰੀਆਂ ਨੇ ਭਰੋਸਾ ਦੇ ਕੇ ਜਾਮ ਖੁਲਵਾਇਆ|

Leave a Reply

Your email address will not be published. Required fields are marked *