ਆਈ.ਏ.ਐਸ ਅਧਿਕਾਰੀ ਵਲੋਂ ਰਾਜਨੀਤਿਕ ਪਾਰੀ ਦੀ ਸ਼ੁਰੂਆਤ

ਅਕਾਲੀ ਦਲ ਵਲੋਂ ਇਸ ਵਾਰ ਹਲਕਾ ਮੁਹਾਲੀ ਤੋਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਆਈ ਏ ਐਸ ਅਧਿਕਾਰੀ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਪਾਰਟੀ ਦੀ ਟਿਕਟ ਤੇ ਚੋਣ ਲੜਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ| ਸ੍ਰ. ਸਿੱਧੂ ਆਈ ਏ ਐਸ ਅਧਿਕਾਰੀ ਹੋਣ ਤੋਂ ਇਲਾਵਾ ਅਕਾਲੀ ਦਲ ਦੇ ਸੰਸਦ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਦੇ ਨਜਦੀਕੀ ਰਿਸ਼ਤੇਦਾਰ (ਜਵਾਈ) ਵੀ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ (ਜਦੋਂ ਤੋਂ ਪਾਰਟੀ ਵਲੋਂ ਬਣਾਏ ਗਏ ਹਲਕਾ ਇੰਚਾਰਜ ਸ੍ਰ. ਬਲਵੰਤ ਸਿੰਘ ਰਮੂਵਾਲੀਆ ਅਕਾਲੀ ਦਲ ਛੱਡ ਕੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਯੂ. ਪੀ. ਵਿੱਚ ਮੰਤਰੀ ਬਣੇ ਹਨ) ਇਹ ਚਰਚਾ ਚਲ ਰਹੀ ਸੀ ਕਿ ਅਕਾਲੀ ਦਲ ਵਲੋਂ ਅਗਲੀ ਵਾਰ ਹੋਣ ਵਾਲੀ ਚੋਣ ਮੌਕੇ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ| ਹਾਲਾਂਕਿ ਇਸ ਦੌਰਾਨ ਹਲਕੇ ਦੇ ਸੰਭਾਵੀ ਉਮੀਦਵਾਰਾਂ ਵਜੋਂ ਇੱਕ ਤੋਂ ਬਾਅਦ ਇੱਕ  ਨਾਮ ਸਾਮ੍ਹਣੇ ਆਉਂਦੇ ਰਹੇ ਹਨ ਪਰੰਤੂ ਅਖੀਰਕਾਰ ਅਕਾਲੀ ਦਲ ਵਲੋਂ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ|
ਸਰਕਾਰੀ ਅਧਿਕਾਰੀਆਂ ਵਲੋਂ ਆਪਣੀ ਨੌਕਰੀ ਤੋਂ ਬਾਅਦ ਰਾਜਨੀਤਿਕ ਜੀਵਨ ਵਿੱਚ ਦਾਖਿਲ ਹੋਣ ਦੀ ਰਵਾਇਤ ਕਾਫੀ ਪੁਰਾਣੀ ਹੈ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਅਜਿਹੇ ਕਈ ਰਾਜਨੀਤਿਕ ਆਗੂ ਮੌਜੂਦ ਹਨ ਜਿਹੜੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਨੌਕਰੀ ਵਿੱਚ ਕਿਸੇ ਉੱਚ ਅਹੁਦੇ ਤੇ ਕੰਮ ਕਰਦੇ ਸਨ| ਜਿੱਥੋਂ ਤਕ ਅਕਾਲੀ ਦਲ ਦੀ ਗੱਲ ਹੈ ਤਾਂ ਉਸ ਵਲੋਂ ਵੀ ਸੂਬੇ ਵਿੱਚ ਤੈਨਾਤ ਉੱਚ ਅਧਿਕਾਰੀਆਂ ਨੂੰ ਪਾਰਟੀ ਦੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਰਿਹਾ ਹੈ| ਪਿਛਲੀ ਵਾਰ ਵੀ ਅਕਾਲੀ ਦਲ ਵਲੋਂ ਸੂਬੇ ਦੇ ਪੁਲੀਸ ਮੁਖੀ ਦੇ ਅਹੁਦੇ ਤੇ ਕਾਬਜ ਰਹੇ ਸ੍ਰ ਪਰਮਦੀਪ ਸਿੰਘ ਗਿਲ ਅਤੇ ਮੁੱਖ ਮੰਤਰੀ ਦੇ ਪ੍ਰਿਸੀਪਲ ਸਕੱਤਰ ਦੇ ਅਹੁਦੇ ਤੇ ਤੈਨਾਤ ਰਹੇ ਸੀਨੀਅਰ ਆਈ ਏ ਐਸ ਅਧਿਕਾਰੀ ਸ੍ਰ ਦਰਬਾਰਾ ਸਿੰਘ ਗੁਰੂ ਨੂੰ ਕ੍ਰਮਵਾਰ ਮੋਗਾ ਅਤੇ ਭਦੌੜ ਤੋਂ ਆਪਣੀ ਪਾਰਟੀ ਦਾ ਅਧਿਕਾਰਤ ਉਮੀਦਵਾਰ ਐਲਾਣਿਆ ਗਿਆ ਸੀ| ਇਹ ਗੱਲ ਹੋਰ ਹੈ ਕਿ ਇਹ ਦੋਵੇਂ ਹੀ ਅਧਿਕਾਰੀ ਆਮ ਜਨਤਾ ਦਾ ਭਰੋਸਾ ਹਾਸਿਲ ਕਰਨ ਵਿੱਚ ਨਾਕਾਮ ਰਹੇ ਸਨ ਅਤੇ ਚੋਣ ਹਾਰ ਗਏ ਸਨ| ਸ੍ਰ. ਦਰਬਾਰਾ ਸਿੰਘ ਗੁਰੂ ਨੂੰ ਤਾਂ ਅਕਾਲੀ ਦਲ ਵਲੋਂ ਇਸ ਵਾਰ ਵੀ (ਬਸੀ ਪਠਾਣਾ ਤੋਂ ) ਆਪਣਾ ਉਮੀਦਵਾਰ ਬਣਾਇਆ ਗਿਆ ਹੈ|
ਕਾਨੂੰਨੀ ਤੌਰ ਤੇ ਭਾਵੇਂ ਸਾਬਕਾ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਵਿਧਾਨਸਭਾ ਚੋਣਾਂ ਲੜਣ ਤੇ ਕੋਈ ਰੁਕਾਵਟ ਨਹੀਂ ਹੈ ਪਰੰਤੂ ਇੱਕ ਸਵਾਲ ਜਰੂਰ ਖੜ੍ਹਾ ਹੁੰਦਾ ਹੈ ਕਿ ਕੀ ਅਜਿਹੇ ਉੱਚ ਅਧਿਕਾਰੀਆਂ ਦੇ ਕਾਰਜਕਾਲ ਦਾ ਉਹ ਸਮਾਂ, ਜਿਸ ਦੌਰਾਨ ਉਹਨਾਂ ਵਲੋਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਬਣਨ ਸੰਬੰਧੀ ਅੰਦਰਖਾਤੇ ਫੈਸਲਾ ਕੀਤਾ ਗਿਆ ਸੀ) ਨਿਰਪੱਖ ਰਿਹਾ ਹੋਵੇਗਾ| ਜਾਹਿਰ ਹੈ ਕਿ ਜਿਹੜੇ ਅਧਿਕਾਰੀ ਕਿਸੇ ਪਾਰਟੀ ਵਿਸ਼ੇਸ਼ ਦੀ ਟਿਕਟ ਤੇ ਚੋਣ ਲੜਣ ਲਈ ਮੈਦਾਨ ਵਿੱਚ ਉਤਰਦੇ ਹਨ, ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਸ ਪਾਰਟੀ ਵਿਸ਼ੇਸ਼ ਦੇ ਆਗੂਆਂ ਅਤੇ ਵਰਕਰਾਂ ਪ੍ਰਤੀ ਉਹਨਾਂ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਵੀ ਰਹਿੰਦੀ ਹੈ|
ਚਾਹੀਦਾ ਤਾਂ ਇਹ ਹੈ ਕਿ ਅਜਿਹੇ ਨੌਕਰਸ਼ਾਹ (ਜਿਹਨਾਂ ਨੇ ਰਾਜਨੀਤੀ ਦੇ ਮੈਦਾਨ ਵਿੱਚ ਆਪਣੀ ਕਿਸਮਤ ਅਜਮਾਉਣੀ ਹੁੰਦੀ ਹੈ) ਜਦੋਂ ਰਾਜਨੀਤੀ ਵਿੱਚ ਦਾਖਿਲ ਹੋਣ ਦਾ ਫੈਸਲਾ ਕਰਦੇ ਹਨ ਉਦੋਂ  ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਸਰਕਾਰੀ ਨੌਕਰੀ ਦਾ ਮੋਹ ਤਿਆਗ ਕੇ ਜਨਤਕ ਜੀਵਨ ਵਿੱਚ ਸਰਗਰਮ ਹੋ ਜਾਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਚੋਣਾਂ ਦੌਰਾਨ ਕਿਸੇ ਪਾਰਟੀ ਵਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੇ ਨੈਤਿਕਤਾ ਦਾ ਕੋਈ ਸਵਾਲ ਖੜ੍ਹਾ ਨਾ ਹੋਵੇ|  ਪਰੰਤੂ ਰਾਜਨੀਤੀ ਵਿਚ ਨੈਤਿਕਤਾ ਦੀ ਗੱਲ ਅੱਜ ਕੱਲ ਪੂਰੀ ਤਰ੍ਹਾਂ ਬੇਮਾਨੀ ਹੋ ਚੁੱਕੀ ਹੈ ਅਤੇ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਰਾਜਨੀਤੀ ਦੇ ਮੈਦਾਨ ਵਿੱਚ ਸਰਗਰਮ ਆਗੂਆਂ ਲਈ ਆਪਣੇ ਨਿੱਜੀ ਹਿੱਤ ਹੀ ਸਭ ਤੋਂ ਉੱਪਰ ਹੋ ਚੁੱਕੇ ਹਨ|
ਸਿਆਸੀ ਪਾਰਟੀਆਂ ਵਲੋਂ ਆਪਣੀ ਮਰਜੀ ਅਨੁਸਾਰ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਪਾਰਟੀ ਟਿਕਟਾਂ ਦੇ ਕੇ ਨਵਾਜਣ ਦੀ ਗੱਲ ਤਾਂ ਸਮਝ ਆਉਂਦੀ ਹੈ ਪਰੰਤੂ ਖੁਦ ਨੂੰ ਜਨਤਾ ਦੀ ਸੇਵਾ ਕਰਨ ਦਾ ਚਾਹਵਾਨ ਦੱਸਣ ਵਾਲੇ ਇਹਨਾਂ ਨੌਕਰਸ਼ਾਹਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਕਿਹੜੀ ਗੱਲ ਪ੍ਰੇਰਦੀ ਹੈ ਇਸ ਬਾਰੇ ਤਾਂ ਇਹ ਅਧਿਕਾਰੀ ਹੀ ਬਿਹਤਰ ਦਸ ਸਕਦੇ ਹਨ| ਸ੍ਰ. ਸਿੱਧੂ ਦਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਕਾਲ ਸਲਾਹੁਣਯੋਗ ਰਿਹਾ ਹੈ ਅਤੇ ਹੁਣ ਵੇਖਣਾ ਇਹ ਹੈ ਕਿ ਸ਼ਹਿਰ ਦੀ ਜਨਤਾ ਆਪਣੇ ਇਸ ਸਾਬਕਾ ਅਧਿਕਾਰੀ ਨੂੰ ਆਪਣਾ ਨੁਮਾਇੰਦਾ ਬਣਾਉਣ ਵਿੱਚ ਕਿੰਨਾ ਕੁ ਉਤਸ਼ਾਹ ਵਿਖਾਉਂਦੀ ਹੈ|

Leave a Reply

Your email address will not be published. Required fields are marked *