ਆਈ.ਏ.ਐਸ. ਬਣਨ ਵਾਲੀ ਹਰਸਿਮਰਨਪ੍ਰੀਤ ਕੌਰ ਨੂੰ ਬੀਬੀ ਗਰਚਾ ਨੇ ਕੀਤਾ ਸਨਮਾਨਿਤ

ਖਰੜ, 6 ਅਗਸਤ (ਸ.ਬ.) ਯੂ.ਪੀ.ਐਸ.ਸੀ. ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ 182ਵਾਂ ਰੈਂਕ ਹਾਸਿਲ ਕਰਕੇ ਆਈ.ਏ.ਐਸ. ਬਣ ਕੇ ਜ਼ਿਲ੍ਹਾ ਮੁਹਾਲੀ ਦੇ ਮੁੰਡੀਖਰੜ ਦੀ ਵਸਨੀਕ ਲੜਕੀ ਹਰਸਿਮਰਨਪ੍ਰੀਤ ਕੌਰ ਨੇ ਦੇਸ਼ ਭਰ ਵਿੱਚ ਜ਼ਿਲ੍ਹਾ ਮੁਹਾਲੀ ਦਾ ਨਾਮ ਰੌਸ਼ਨ ਕੀਤਾ ਹੈ| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਹਰਸਿਮਰਨਪ੍ਰੀਤ ਕੌਰ ਦੀ ਰਿਹਾਇਸ਼ ਤੇ ਪਹੁੰਚ ਕੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਸ ਦੇ ਪਿਤਾ ਸ੍ਰ. ਗੁਰਮੁਖ ਸਿੰਘ ਲੋਹਟ ਅਤੇ ਮਾਤਾ ਸ੍ਰੀਮਤੀ ਪਰਮਜੀਤ ਕੌਰ ਨੂੰ ਵੀ ਵਧਾਈ ਦਿੱਤੀ|
ਇਸ ਮੌਕੇ ਬੀਬੀ ਗਰਚਾ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਹਰਸਿਮਰਨਪ੍ਰੀਤ ਕੌਰ ਦੇ ਮਾਪਿਆਂ ਨੇ ਆਪਣੀ ਇਕਲੌਤੀ ਬੇਟੀ ਨੂੰ ਇੰਨੀ ਉਚ ਦਰਜੇ ਦੀ ਪੜ੍ਹਾਈ ਕਰਵਾਈ ਕਿ ਅੱਜ ਮਾਪਿਆਂ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਰਿਹਾ ਹੈ| ਹਰਸਿਮਰਨਪ੍ਰੀਤ ਕੌਰ ਦੀ ਨਿਯੁਕਤੀ ਇਸ ਤੋਂ ਪਹਿਲਾਂ ਇੰਨਫੋਰਸਮੈਂਟ ਵਿਭਾਗ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ ਵੀ ਹੋ ਚੁੱਕੀ ਸੀ| ਪ੍ਰੀਖਿਆ ਪਾਸ ਕਰਨ ਵੇਲੇ ਉਹ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਮੁੰਬਈ ਬਰਾਂਚ ਵਿੱਚ ਮੈਨੈਜਰ ਦੇ ਅਹੁਦੇ ਤੇ ਤਾਇਨਾਤ ਸੀ ਪ੍ਰੰਤੂ ਉਸ ਦੇ ਮਨ ਵਿੱਚ ਆਈ.ਏ.ਐਸ. ਅਫ਼ਸਰ ਬਣਨ ਦਾ ਨਿਸ਼ਾਨਾ ਮਿਥਿਆ ਹੋਇਆ ਸੀ ਜੋ ਕਿ ਉਸ ਨੇ ਆਪਣੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਹਾਸਿਲ ਕੀਤਾ|
ਬੀਬੀ ਗਰਚਾ ਨੇ ਕਿਹਾ ਕਿ ਆਪਣੀ ਨਿਯੁਕਤੀ ਉਪਰੰਤ ਹਰਸਿਮਰਨਪ੍ਰੀਤ ਕੌਰ ਭਾਵੇਂ ਕਿਸੇ ਵੀ ਰਾਜ ਵਿੱਚ ਤਾਇਨਾਤ ਹੋਵੇ, ਪ੍ਰੰਤੂ ਜ਼ਿਲ੍ਹਾ ਮੁਹਾਲੀ (ਪੰਜਾਬ) ਦਾ ਸਿਰ ਫਖਰ ਨਾਲ ਉੱਚਾ ਹੁੰਦਾ ਰਹੇਗਾ|
ਇਸ ਮੌਕੇ ਸਾਬਕਾ ਕੌਂਸਲਰ ਗੁਰਦੀਪ ਕੌਰ, ਪਰਮਜੀਤ ਸਿੰਘ, ਜੈਪਾਲ ਸਿੰਘ, ਚਰਨ ਸਿੰਘ, ਮਹਿੰਦਰਪਾਲ, ਮਦਨ ਲਾਲ, ਨਛੱਤਰ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ ਘਈ, ਮਲਕੀਤ ਸਿੰਘ ਚੌਹਾਨ, ਕੇਸਰ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *