ਆਈ. ਐਸ. ਆਈ ਵਿਰੁੱਧ ਬੋਲਣ ਵਾਲਾ ਪਾਕਿ ਹਾਈ ਕੋਰਟ ਦਾ ਜੱਜ ਬਰਖਾਸਤ

ਇਸਲਾਮਾਬਾਦ, 12 ਅਕਤੂਬਰ (ਸ.ਬ.) ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਵਿਰੁੱਧ ਟਿੱਪਣੀ ਕਰਨ ਵਾਲੇ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸ਼ੌਕਤ ਅਜ਼ੀਜ਼ ਸਿੱਦੀਕੀ ਨੂੰ ਬਰਖਾਸਤ ਕਰ ਦਿੱਤਾ ਗਿਆ| ਉੱਚ ਪੱਧਰੀ ਸੁਪਰੀਮ ਕੋਰਟ ਨਿਆਂਇਕ ਪਰੀਸ਼ਦ (ਐਸ.ਜੇ.ਸੀ.) ਨੇ ਹੀ ਜੱਜ ਨੂੰ ਆਪਣੇ ਸੰਬੋਧਨ ਦੌਰਾਨ ਆਈ. ਐਸ. ਆਈ. ਤੇ ਵਿਵਾਦਮਈ ਟਿੱਪਣੀਆਂ ਕਰਨ ਲਈ ਹਟਾਉਣ ਦੀ ਸਿਫਾਰਿਸ਼ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੀਤੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ|
ਇੱਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਆਰਿਫ ਅਲਵੀ ਨੇ ਸੰਵਿਧਾਨ ਦੀ ਧਾਰਾ 209 (5) ਦੇ ਤਹਿਤ ਸ਼ੌਕਤ ਨੂੰ ਤੁਰੰਤ ਬਰਖਾਸਤ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ| ਪਾਕਿਸਤਾਨ ਵਿੱਚ ਸਾਲ 1970 ਦੇ ਬਾਅਦ ਐਸ.ਜੇ.ਸੀ. ਦੀ ਸਿਫਾਰਿਸ਼ ਤੇ ਕਿਸੇ ਹਾਈ ਕੋਰਟ ਦੇ ਜੱਜ ਨੂੰ ਹਟਾਉਣ ਦਾ ਇਹ ਪਹਿਲਾ ਮਾਮਲਾ ਹੈ| ਜਸਟਿਸ ਸਿੱਦੀਕੀ ਤੇ ਦੋਸ਼ ਸੀ ਕਿ ਉਨ੍ਹਾਂ ਨੇ ਰਾਵਲਪਿੰਡੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਇਕ ਪ੍ਰੋਗਰਾਮ ਵਿਚ 21 ਜੁਲਾਈ ਨੂੰ ਆਈ.ਐਸ.ਆਈ. ਤੇ ਨਿਆਂਇਕ ਪ੍ਰਕਿਰਿਆ ਵਿਚ ਘਪਲੇਬਾਜ਼ੀ ਕਰਨ ਦਾ ਦੋਸ਼ ਲਗਾਇਆ ਸੀ| ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਆਈ. ਐਸ. ਆਈ. ਆਪਣੀ ਪਸੰਦ ਦੇ ਫੈਸਲੇ ਕਰਾਉਣ ਲਈ ਜੱਜਾਂ ਦੇ ਪੈਨਲ ਗਠਨ ਵਿਚ ਵੀ ਦਖਲ ਅੰਦਾਜ਼ੀ ਕਰਦੀ ਹੈ|
ਇਸ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ| ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਨਵਰ ਕਾਂਸੀ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ| ਚੀਫ ਜਸਟਿਸ ਨਿਸਾਰ ਨੇ ਇਹ ਮਾਮਲਾ 5 ਮੈਂਬਰੀ ਐਸ.ਜੇ.ਸੀ. ਨੂੰ ਸੌਂਪ ਦਿੱਤਾ ਸੀ, ਜਿਸ ਦੇ ਪ੍ਰਧਾਨ ਉਹ ਖੁਦ ਹਨ|

Leave a Reply

Your email address will not be published. Required fields are marked *