ਆਈ ਟੀ ਸਿਟੀ ਪਲਾਟਾਂ ਲਈ ਅਰਜੀਆਂ ਦੇਣ ਵਾਲੇ ਲੋਕਾਂ ਦੇ ਪੈਸੇ ਵਿਆਜ ਸਮੇਂ ਮੋੜੇ ਗਮਾਡਾ : ਮਰਵਾਹਾ

ਐਸ. ਏ. ਐਸ. ਨਗਰ, 1 ਜੂਨ (ਸ.ਬ.) ਨਗਰ ਕੌਂਸਲ ਮੁਹਾਲੀ ਦੇ ਸਾਬਕਾ ਸ੍ਰੀ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਨੇ ਪੰਜਾਬ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਗਮਾਡਾ ਵਲੋਂ ਆਈ ਟੀ ਸਿਟੀ ਲਈ ਜਾਰੀ ਕੀਤੀ ਗਈ 753 ਰਿਹਾਇਸ਼ੀ ਪਲਾਟਾਂ ਦੀ ਸਕੀਮ ਵਿੱਚ ਜਨਰਲ ਕੈਟਾਗਿਰੀ ਦੇ ਅਰਜੀ ਦਾਤਾਵਾਂ ਨਾਲ ਕੀਤੀ ਗਈ ਕਥਿਤ ਧੋਖੇਬਾਜੀ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਕਤ ਅਰਜੀਦਾਤਾਵਾਂ ਨਾਲ ਇਨਸਾਫ ਕੀਤਾ ਜਾਵੇ|
ਆਪਣੇ ਪੱਤਰ ਵਿੱਚ ਸ੍ਰੀ ਮਰਵਾਹਾ ਨੇ ਲਿਖਿਆ ਹੈ ਕਿ ਗਮਾਡਾ ਵਲੋਂ ਆਈ ਟੀ ਸਿਟੀ ਲਈ ਜਾਰੀ ਕੀਤੀ ਗਈ 753 ਪਲਾਟਾਂ ਦੀ ਅਲਾਟਮੈਂਟ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ ਪਰੰਤੂ ਗਮਾਡਾ ਵਲੋਂ ਜਨਰਲ ਕੈਟਾਗਿਰੀ ਦੀਆਂ ਅਰਜੀਆਂ ਤੇ ਸੀਨੀਅਰ ਸਿਟੀਜਨ (60 ਸਾਲ ਤੋਂ ਵੱਧ) ਅਰਜੀਦਾਤਾਵਾਂ ਨੂੰ ਪਹਿਲ ਦੇ ਆਧਾਰ ਤੇ ਪਲਾਟ ਅਲਾਟ ਕਰਨ ਦੀ ਨੀਤੀ ਦੇ ਤਹਿਤ 16274 ਵਿਅਕਤੀਆਂ ਦੀਆਂ ਅਰਜੀਆਂ ਨੂੰ ਡ੍ਰਾ ਵਿੱਚ ਸ਼ਾਮਿਲ ਨਾ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਇਹਨਾਂ ਅਰਜੀਦਾਤਾਵਾਂ ਨਾਲ ਸਰਸਰ ਧੱਕਾ ਹੈ| ਉਹਨਾਂ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਵਲੋਂ ਪਲਾਟਾਂ ਲਈ ਅਰਜੀਆਂ ਦਿੱਤੀਆਂ ਗਈਆਂ ਅਤੇ ਲੋਕਾਂ ਨੇ ਬੈਕਾਂ ਤੋਂ ਕਰਜਾ ਲੈ ਕੇ ਗਮਾਡਾ ਕੋਲ ਰਕਮ ਜਮ੍ਹਾਂ ਕਰਵਾਈ ਜਿਸਦਾ ਉਹਨਾਂ ਨੂੰ ਭਾਰੀ ਵਿਆਜ ਦੇਣਾ ਪੈਂਦਾ ਹੈ| ਇਸ ਦੇ ਨਾਲ ਹੀ ਜਿਹਨਾਂ ਵਿਅਕਤੀਆਂ ਨੇ ਆਪਣੇ ਕੋਲੋ ਪੈਸੇ ਜਮ੍ਹਾਂ ਕਰਵਾਏ ਹਨ ਉਹਨਾਂ ਦੀ ਰਕਮ ਵੀ ਗਮਾਡਾ ਵਲੋਂ ਅਗਲੇ ਕਈ ਮਹੀਨਿਆਂ ਤਕ (ਬਿਨਾਂ ਵਿਆਜ ਦੇ) ਵਰਤੀ ਜਾਣੀ ਹੈ ਅਤੇ ਇਸ ਨਾਲ ਗਮਾਡਾ ਨੂੰ ਮੋਟੀ ਕਮਾਈ ਹੋਣੀ ਹੈ|
ਉਹਨਾਂ ਮੰਗ ਕੀਤੀ ਹੈ ਕਿ ਜਨਰਲ ਕੈਟਾਗਿਰੀ ਵਿੱਚ ਅਰਜੀ ਦੇਣ ਵਾਲੇ ਇਹਨਾਂ ਲੋਕਾਂ ਲਈ ਗਮਾਡਾ ਨਵੀਂ ਸਕੀਮ ਲਾਂਚ ਕਰੇ ਅਤੇ ਉਹਨਾਂ ਨੂੰ ਡ੍ਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਦੇਵੇ| ਜੇਕਰ ਗਮਾਡਾ ਅਜਿਹਾ ਨਹੀਂ ਕਰਦਾ ਤਾਂ ਉਹ ਅਰਜੀਦਾਤਾਵਾਂ ਨੂੰ ਵਿਆਜ ਅਤੇ ਜੁਰਮਾਨੇ ਸਮੇਤ ਪੈਸੇ ਵਾਪਸ ਕਰੇ ਤਾਂ ਜੋ ਅਰਜੀਦਾਤਾਵਾਂ ਦੀ ਲੁਕਵੇਂ ਢੰਗ ਨਾਲ ਕੀਤੀ ਗਈ ਲੁੱਟ ਦੀ ਇਸ ਕਾਰਵਾਈ ਤੇ ਰੋਕ ਲੱਗੇ|

Leave a Reply

Your email address will not be published. Required fields are marked *