ਆਈ ਪੀ ਐਲ ਮਂੈਚਾਂ ਦੌਰਾਨ ਦੁਕਾਨਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ : ਵਿਨੀਤ ਵਰਮਾ

ਐਸ ਏ ਐਸ ਨਗਰ, 25 ਮਾਰਚ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਡੀ ਸੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਈ ਪੀ ਐਲ ਮੈਚਾਂ ਦੌਰਾਨ ਫੇਜ਼ 9 ਅਤੇ ਫੇਜ਼ 10 ਦੇ ਦੁਕਾਨਦਾਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਦਾ ਹਲ ਕੀਤਾ ਜਾਵੇ| ਡੀ ਸੀ ਮੁਹਾਲੀ ਨੂੰ ਲਿਖੇ ਪੱਤਰ ਵਿਚ ਉਹਨਾਂ ਕਿਹਾ ਹੈ ਕਿ ਫੇਜ਼ 9 ਅਤੇ ਫੇਜ਼ 10 ਦੀ ਮਾਰਕੀਟ ਨੂੰ ਸ਼ਹਿਰ ਦਾ ਦਿਲ ਕਿਹਾ ਜਾਂਦਾ ਹੈ| ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਹਰ ਵਾਰ ਆਈ ਪੀ ਐਲ ਮੈਚਾਂ ਦੌਰਾਨ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਉਹਨਾਂ ਲਿਖਿਆ ਹੈ ਕਿ ਇਸ ਵਾਰ ਫੇਜ਼ 9 ਦੇ ਪੀ ਸੀ ਏ ਸਟੇਡੀਅਮ ਵਿੱਚ 30 ਮਾਰਚ ਤੋਂ 5 ਮਈ ਤੱਕ ਆਈ ਪੀ ਐਲ ਮੈਚ ਹੋ ਰਹੇ ਹਨ| ਹਰ ਸਾਲ ਆਈ ਪੀ ਐਲ ਮੈਚਾਂ ਦੌਰਾਨ ਫੋਰਟਿਸ ਲਾਈਟਾਂ ਤੋਂ ਫੇਜ਼ 8 ਅਤੇ ਫੇਜ਼ 9 ਸਟੇਡੀਅਮ ਅਤੇ ਫੇਜ਼ 9 ਅਤੇ 10 ਨੂੰ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਂਦਾ ਹੈ| ਇਸ ਕਾਰਨ ਇਸ ਮਾਰਕੀਟ ਦੇ ਦੁਕਾਨਦਾਰਾਂ, ਗਾਹਕਾਂ ਅਤੇ ਹੋਰਨਾਂ ਲੋਕਾਂ ਨੂੰ ਆਉਣ ਜਾਣ ਲਈ ਕੋਈ ਰਸਤਾ ਨਹੀਂ ਮਿਲਦਾ| ਇਸ ਤੋਂ ਇਲਾਵਾ ਇਸ ਸਾਲ ਦੁਕਾਨਦਾਰਾਂ ਨੂੰ ਕੋਈ ਪਾਸ ਵੀ ਨਹੀਂ ਦਿੱਤੇ ਗਏ ਜਿਸ ਨਾਲ ਉਹ ਆਪਣੀਆਂ ਦੁਕਾਨਾਂ ਤੇ ਪਹੁੰਚ ਸਕਣ| ਇਸ ਨਾਲ ਇਹਨਾਂ ਦੁਕਾਨਦਾਰਾਂ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ|
ਉਹਨਾਂ ਲਿਖਿਆ ਹੈ ਕਿ ਇਹਨਾਂ ਮੈਚਾਂ ਦਾ ਸਮਾਂ ਸ਼ਾਮ ਤੋਂ ਦੇਰ ਰਾਤ ਤੱਕ ਹੁੰਦਾ ਹੈ ਜੋ ਕਿ ਇਨ੍ਹਾਂ ਦੁਕਾਨਦਾਰਾਂ ਦੀ ਕਮਾਈ ਦਾ ਮੁੱਖ ਸਮਾਂ ਹੁੰਦਾ ਹੈ, ਕਿਉਕਿ ਲੋਕ ਸ਼ਾਮ ਅਤੇ ਰਾਤ ਨੂੰ ਖਰੀਦਦਾਰੀ ਕਰਦੇ ਹਨ| ਇਹਨਾਂ ਮੈਚਾਂ ਦੌਰਾਨ ਹਰ ਸਰਕਾਰੀ ਵਿਭਾਗ ਦੀ ਕਮਾਈ ਹੁੰਦੀ ਹੈ, ਪਰ ਇਹਨਾ ਮੈਚਾਂ ਕਾਰਨ ਫੇਜ਼ 9 ਅਤੇ 10 ਦੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਜਾਂਦਾ ਹੈ, ਜਦੋਂਕਿ ਦੁਕਾਨਦਾਰ ਸਭ ਤੋਂ ਜਿਆਦਾ ਟੈਕਸ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਦਿੰਦੇ ਹਨ| ਉਹਨਾਂ ਮੰਗ ਕੀਤੀ ਹੈ ਕਿ ਆਈ ਪੀ ਐਲ ਦੇ ਮੈਚਾਂ ਦੌਰਾਨ ਫੇਜ਼ 9 ਅਤੇ ਫੇਜ 10 ਦੇ ਦੁਕਾਨਦਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ|

Leave a Reply

Your email address will not be published. Required fields are marked *