ਆਈ ਵੀ ਵਾਈ ਹਸਪਤਾਲ ਤੋਂ ਸੈਕਟਰ 32 ਦੇ ਸਰਕਾਰੀ ਹਸਪਤਾਲ ਲਿਜਾਣ ਦੌਰਾਨ ਮਰੀਜ ਦੀ ਮੌਤ

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਪ੍ਰਬੰਧਕਾਂ ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਦੋਸ਼ ਲਗਾਇਆ, ਮਰੀਜ ਦਾ ਆਕਸੀਜਨ ਸਲਿੰਡਰ ਉਤਾਰ ਕੇ ਲਗਾ ਦਿੱਤਾ ਐਂਬੂਲੈਂਸ ਵਿੱਚ ਪਿਆ ਖਾਲੀ ਸਲਿੰਡਰ 
ਐਸ.ਏ.ਐਸ.ਨਗਰ, 18 ਅਗਸਤ (ਸ.ਬ.) ਸਥਾਨਕ ਸੈਕਟਰ 71 ਵਿੱਚ ਸਥਿਤ ਆਈ ਵੀ ਵਾਈ ਹਸਪਤਾਲ ਵਿੱਚ ਬੀਤੀ 15 ਅਗਸਤ ਨੂੰ ਦਾਖਿਲ ਹੋਏ ਰੋਪੜ ਦੇ ਇੱਕ ਮਰੀਜ ਦੀ ਸੈਕਟਰ 32 ਦੇ ਹਸਪਤਾਲ ਲਿਜਾਉਣ ਦੌਰਾਨ ਐਂਬੂਲੈਂਸ ਵਿੱਚ ਹੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਮਰੀਜ ਦੇ ਬੇਟੇ ਦੀ ਸ਼ਿਕਾਇਤ ਤੇ ਆਈ ਪੀ ਸੀ ਦੀ ਧਾਰਾ 304 ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ| 
ਇਸ ਸੰਬੰਧੀ ਤਰਲੋਚਨ ਸਿੰਘ ਵਾਸੀ ਗਲੋਬਲ ਇੰਨਕਲੇਵ ਮੋਰਿੰਡਾ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੀ 12 ਅਗਸਤ ਨੂੰ ਉਸਦੇ ਪਿਤਾ            ਬਲਦੇਵ ਸਿੰਘ ਦੇ ਪੇਟ ਵਿੱਚ ਦਰਦ ਹੋਣ ਤੇ ਉਨ੍ਹਾਂ ਨੂੰ ਹੈਲਥ ਕੇਅਰ ਹਸਪਤਾਲ ਘੜੂੰਆ ਵਿਖੇ ਦਾਖਲ ਕਰਵਾਇਆ ਗਿਆ ਸੀ ਪਰੰਤੂ ਇਸ ਂਦੌਰਾਨ ਉਨ੍ਹਾਂ ਦੇ ਲਿਵਰ ਵਿੱਚ ਜਿਆਦਾ ਇੰਨਫੈਕਸ਼ਨ ਹੋਣ ਕਾਰਨ ਹਸਪਤਾਲ ਵਲੋਂ ਉਨ੍ਹਾਂ ਨੂੰ 15 ਅਗਸਤ ਨੂੰ ਆਈ.ਵੀ.ਵਾਈ. ਹਸਪਤਾਲ ਮੁਹਾਲੀ ਵਿਖੇ ਰੈਫਰ ਕਰ ਦਿੱਤਾ ਗਿਆ ਸੀ|
ਸ਼ਿਕਾਇਤਕਰਤਾ ਅਨੁਸਾਰ ਆਈ.ਵੀ.ਵਾਈ. ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਹਸਪਤਾਲ ਵਿੱਚ ਪਹਿਲਾਂ 30 ਹਜਾਰ ਅਤੇ ਫਿਰ 25 ਹਜਾਰ ਰੁਪਏ ਜਮ੍ਹਾਂ ਕਰਵਾਏ ਗਏ| ਇਸ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਜਿਸਦੀ ਰਿਪੋਰਟ ਨੈਗੇਟਿਵ ਆਈ ਸੀ| ਸ਼ਿਕਾਇਤਕਰਤਾ ਅਨੁਸਾਰ ਹਸਪਤਾਲ ਵਾਲਿਆਂ ਨੇ ਉਸ ਤੋਂ ਉਸਦੇ ਪਿਤਾ ਨੂੰ ਵੈਂਟੀਲੇਟਰ ਤੇ ਰੱਖਣ ਲਈ 80 ਹਜਾਰ ਰੁਪਏ ਜਮਾਂ ਕਰਵਾਉਣ ਲਈ ਕਿਹਾ ਜਿਸਤੇ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਇੰਨੇ ਪੈਸੇ ਜਮਾਂ ਕਰਵਾਉਣ ਦੀ ਹੈਸੀਅਤ ਨਹੀਂ ਹੈ ਇਸਲਈ ਉਸਦੇ ਪਿਤਾ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਵੇ| 
ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿਸਤੋਂ ਬਾਅਦ ਉਨ੍ਹਾਂ ਨੇ ਆਈ.ਵੀ.ਵਾਈ. ਹਸਪਤਾਲ ਦੀ ਐਬੂਲੈਂਸ ਬੁੱਕ ਕਰਵਾਈ ਅਤੇ ਆਪਣੇ ਪਿਤਾ ਨੂੰ ਉਸ ਵਿੱਚ ਪਾ ਲਿਆ| ਉਹਨਾਂ ਅਨੁਸਾਰ ਹਸਪਤਾਲ ਸਟਾਫ ਨੇ ਇਹ ਕਹਿ ਕੇ ਉਨ੍ਹਾਂ ਦੇ ਪਿਤਾ ਨੂੰ ਲਗਾਇਆ ਗਿਆ ਆਕਸੀਜਨ ਦਾ ਸਿਲੰਡਰ ਉਤਾਰ ਲਿਆ ਕਿ ਐਬੂਲੈਂਸ ਵਿੱਚ ਪਹਿਲਾ ਹੀ ਸਿਲੰਡਰ ਲੱਗਿਆ ਹੋਇਆ ਹੈ| ਇਸ ਤੋਂ ਬਾਅਦ ਸਟਾਫ ਵਲੋਂ ਉਹਨਾਂ ਦੇ ਪਿਤਾ ਨੂੰ ਐਬੂਲੈਂਸ ਵਿੱਚ ਲੱਗਿਆ ਸਿਲੰਡਰ ਲਗਾ ਦਿੱਤਾ ਗਿਆ| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਸਿਰਫ ਉਨ੍ਹਾਂ ਦੀ ਮਾਂ ਅਤੇ ਐਬੂਲੇਂਸ ਦਾ ਡ੍ਰਾਇਵਰ ਗੁਰਪ੍ਰੀਤ ਸਿੰਘ ਸੀ ਅਤੇ ਹਸਪਤਾਲ ਵਲੋਂ ਮਰੀਜ ਦੇ ਨਾਲ ਕੋਈ ਟੈਕਨੀਕਲ ਸਟਾਫ ਜਾਂ ਹੋਰ ਮੈਂਬਰ ਨਹੀਂ ਭੇਜਿਆ ਗਿਆ|  
ਉਹਨਾਂ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਆਪਣੇ ਪਿਤਾ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖਿਲ ਕਰਵਾਉਣ ਲਈ ਲਿਜਾ ਰਹੇ ਸਨ ਤਾਂ ਉਹਨਾਂ ਦੇ ਪਿਤਾ ਗੱਲਬਾਤ ਕਰ ਰਹੇ ਸਨ ਪਰ ਜਦੋਂ ਉਹ ਚੰਡੀਗੜ੍ਹ ਦਾਖਲ ਹੋਏ ਤਾਂ ਉਨ੍ਹਾਂ ਦੇ ਪਿਤਾ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ| ਇਸ ਦੌਰਾਨ ਜਦੋਂ ਉਹ ਆਪਣੇ ਪਿਤਾ ਨੂੰ ਹਸਪਤਾਲ ਅੰਦਰ ਲੈ ਕੇ ਗਏ ਤਾਂ ਉੱਥੇ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ|
ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਬਾਹਰ ਆ ਕੇ ਐਬੂਲੈਂਸ ਨੂੰ ਰੋਕਿਆ ਅਤੇ 112 ਨੰ ਤੇ ਫੋਨ ਕਰਕੇ ਪੁਲੀਸ ਨੂੰ ਬੁਲਾਇਆ| ਜਿਸ ਤੇ ਪੁਲੀਸ ਵਲੋਂ ਮੌਕੇ ਤੇ ਆ ਕੇ ਐਬੂਲੈਂਸ ਵਿੱਚ ਲੱਗੇ ਆਕਸੀਜਨ ਦੇ ਸਿਲੰਡਰ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਉਹ ਸਿਲੰਡਰ ਖਾਲੀ ਸਨ| ਉਨ੍ਹਾਂ ਇਲਜਾਮ ਲਗਾਇਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਆਈ.ਵੀ.ਵਾਈ. ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਹੋਈ ਹੈ ਅਤੇ ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| 
ਇਸ ਸੰਬੰਧੀ ਮੁਹਾਲੀ ਪੁਲੀਸ ਨੇ ਆਈ ਵੀ ਵਾਈ ਹਸਪਤਾਲ ਦੀ ਐਂਬੂਲੈਂਸ ਨੰਬਰ ਨੰ. ਪੀ ਬੀ 65 ਏ.ਐਨ.-2960ਦੇ ਡ੍ਰਾਈਵਰ ਦੇ ਵੀ ਬਿਆਨ ਹਾਸਿਲ ਕੀਤੇ ਹਨ ਜਿਹਨਾਂ ਵਿੱਚ ਐਂਬੂਲੈਂਸ ਦੇ ਡ੍ਰਾਈਵਰ ਗੁਰਪ੍ਰੀਤ ਵਲੋਂ ਦੱਸਿਆ ਗਿਆ ਹੈ ਕਿ 17 ਅਗਸਤ ਦੀ ਰਾਤ ਨੂੰ 11.30 ਵਜੇ ਉਸਨੂੰ ਐਮਰਜੈਂਸੀ ਦੇ ਅੱਗੇ ਐਂਬੂਲੈਂਸ ਲਿਆਉਣ ਲਈ ਕਿਹਾ ਗਿਆ ਸੀ| ਇਸ ਸੰਬੰਧੀ ਮਰੀਜ ਬਲਦੇਵ ਸਿੰਘ ਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਅਤੇ ਉਸਨੂੰ ਆਕਸੀਜਨ ਸਲਿੰਡਰ ਲੱਗਿਆ ਹੋਇਆ ਸੀ| ਗੁਰਪ੍ਰੀਤ ਅਨੁਸਾਰ ਉਸਨੇ ਹਸਪਤਾਲ ਦੇ ਸਟਾਫ ਨੂੰ ਕਿਹਾ ਕਿ ਜਿਹੜਾ ਸਲਿੰਡਰ ਲੱਗਾ ਹੈ ਉਹ ਲੱਗਾ ਰਹਿਣ ਦਿੱਤਾ ਜਾਵੇ ਅਤੇ ਉਸਦੇ ਨਾਲ ਕੋਈ ਟੈਕਨੀਕਲ ਸਟਾਫ ਜਾਂ ਕੋਈ ਹੋਰ ਮੈਂਬਰ ਵੀ ਭੇਜਿਆ ਜਾਵੇ| ਸਟਾਫ ਨੇ ਮਰੀਜ ਦਾ ਸਲਿੰਡਰ ਉਤਾਰ ਕੇ ਗੱਡੀ ਵਿੱਚ ਪਿਆ ਸਲਿੰਡਰ ਲਗਾ ਦਿੱਤਾ ਜਿਹੜੀ ਕਿ ਖਾਲੀ ਸੀ ਅਤੇ ਇਸ ਕਾਰਨ ਰਾਹ ਵਿੱਚ ਹੀ ਮਰੀਜ ਦਾ ਸਾਹ ਘੁਟਣ ਲੱਗ ਗਿਆ ਅਤੇ ਸੈਕਟਰ 32 ਦੇ ਹਸਪਤਾਲ ਪਹੁੰਚ ਕੇ ਮਰੀਜ ਦੀ ਮੌਤ ਹੋ ਗਈ| ਉਸਨੇ ਇਹ ਵੀ ਦੱਸਿਆ ਕਿ ਮਰੀਜ ਰਾਹ ਵਿੱਚ ਆਪਣੀ ਪਤਨੀ ਅਤੇ ਪੁੱਤਰ ਨਾਲ ਗੱਲ ਕਰ ਰਿਹਾ ਸੀ ਅਤੇ ਆਕਸੀਜਨ ਨਾਲ ਮਿਲਣ ਕਾਰਨ ਦਮ ਘੁਟਣ ਤੇ ਉਸਦੀ ਮੌਤ ਹੋ ਗਈ| 
ਇਸ ਸੰਬੰਧੀ ਮੁਹਾਲੀ ਪੁਲੀਸ ਨੇ  ਆਈ ਪੀ ਸੀ ਦੀ ਧਾਰਾ 304 ਏ ਤਹਿਤ ਮਾਮਲਾ ਦਰਜ ਕੀਤਾ ਹੈ| ਸੰਪਰਕ ਕਰਨ ਤੇ ਮੁਹਾਲੀ ਦੇ ਡੀ ਐਸ ਪੀ ਸਿਟੀ 1 ਸ੍ਰ. ਗੁਰਸ਼ੇਰ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਸਿਵਲ ਸਰਜਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੀ ਮੌਤ ਦਾ ਕਾਰਨ ਦੱਸਿਆ ਜਾਵੇ ਜਿਸਤੋਂ ਬਾਅਦ ਪੁਲੀਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ|
ਇਸ ਸੰਬੰਧੀ ਆਈ ਵੀ ਹਸਪਤਾਲ ਦੀ ਅਧਿਕਾਰੀ ਜਸਵੀਰ ਰਾਣੀ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਸੰਬੰਧਿਤ ਅਧਿਕਾਰੀ ਨਾਲ ਗੱਲ ਕਰਵਾ ਦਿੰਦੇ ਹਨ ਪਰੰਤੂ ਬਾਅਦ ਵਿੱਚ ਉਹਨਾਂ ਨੇ ਫੋਨ ਨਹੀਂ ਚੁੱਕਿਆ|

Leave a Reply

Your email address will not be published. Required fields are marked *