ਆਈ. ਵੀ. ਵਾਈ ਹਸਪਤਾਲ ਵਿੱਚ ਦਾਖਿਲ ਮਰੀਜ ਨੇ ਤੀਜੀ ਮੰਜਿਲ ਦੀ ਖਿੜਕੀ ਤੋਂ ਛਲਾਂਗ ਮਾਰੀ, ਆਈ. ਸੀ. ਯੂ ਵਿੱਚ ਭਰਤੀ
ਐਸ. ਏ. ਐਸ ਨਗਰ, 13 ਫਰਵਰੀ (ਸ.ਬ.) ਸਥਾਨਕ ਸੈਕਟਰ 71 ਵਿੱਚ ਸਥਿਤ ਆਈ. ਵੀ. ਵਾਈ ਹਸਪਤਾਲ ਵਿੱਚ ਦਾਖਿਲ ਇੱਕ ਮਰੀਜ ਨੇ ਅੱਜ ਤੀਜੀ ਮੰਜਿਲ ਤੋਂ ਛਾਲ ਮਾਰ ਕੇ ਕਥਿਤ ਤੌਰ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਲਿਆ ਗਿਆ| ਪ੍ਰਦੀਪ ਨਾਮ ਦੇ ਇਸ ਮਰੀਜ ਨੂੰ ਬਾਅਦ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਆਈ. ਸੀ. ਯੂ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਛੱਜੂ ਮਾਜਰਾ ਦੇ ਵਸਨੀਕ 32 ਸਾਲਾ ਪ੍ਰਦੀਪ ਕੁਮਾਰ ਨਾਮ ਦੇ ਇੱਕ ਮਰੀਜ ਨੂੰ ਤਿੰਨ ਚਾਰ ਦਿਨ ਪਹਿਲਾਂ ਮਿਰਗੀ ਦੇ ਦੌਰਿਆਂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦੇ ਨਿਊਰੋਲਾਜਿਸਟ ਡਾ. ਸੁਸ਼ੀਲ ਕੁਮਾਰ ਰਾਹੀ ਵੱਲੋਂ ਇੱਥੇ ਦਾਖਿਲ ਕੀਤਾ ਗਿਆ ਸੀ| ਇਸ ਮਰੀਜ ਨੂੰ ਤੀਜੀ ਮੰਜਿਲ ਵਿੱਚ ਸਥਿਤ ਇੱਕ ਕਮਰੇ ਵਿੱਚ ਦਾਖਿਲ ਕੀਤਾ ਗਿਆ ਸੀ ਜਿੱਥੋਂ ਇਸ ਨੇ ਅੱਜ ਸਵੇਰੇ ਕਮਰੇ ਦੇ ਨਾਲ ਬਣੇ ਬਾਥਰੂਮ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ|
ਮਰੀਜ ਦਾ ਇਲਾਜ ਕਰਨ ਵਾਲੇ ਡਾਕਟਰ ਸ੍ਰੀ ਸੁਸ਼ੀਲ ਕੁਮਾਰ ਰਾਹੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਨਾਮ ਦਾ ਇਹ ਮਰੀਜ 3-4 ਦਿਨਾਂ ਪਹਿਲਾਂ ਉਹਨਾਂ ਕੋਲ ਆਇਆ ਸੀ| ਉਸਨੂੰ ਮਿਰਗੀ ਦੇ ਦੌਰੇ ਪੈਣ ਦੀ ਸ਼ਿਕਾਇਤ ਸੀ ਅਤੇ ਉਸਦਾ ਪਹਿਲਾਂ ਵੀ ਇਲਾਜ ਚਲਦਾ ਸੀ ਪਰੰਤੂ ਉਹ ਵਿੱਚ ਹੀ ਇਲਾਜ ਛੱਡ ਦਿੰਦਾ ਸੀ ਇਸ ਲਈ ਇਸ ਨੂੰ ਦਾਖਿਲ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਇਲਾਜ ਦੌਰਾਨ ਉਹ ਠੀਕ ਸੀ ਅਤੇ ਗੱਲਬਾਤ ਵੀ ਕਰ ਰਿਹਾ ਸੀ|
ਉਹਨਾਂ ਦੱਸਿਆ ਕਿ ਮਰੀਜ ਸਵੇਰੇ ਬਾਥਰੂਮ ਵਿੱਚ ਗਿਆ ਸੀ ਅਤੇ ਉੱਥੇ ਉਸਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਕਿ ਉਸਨੇ ਬਾਥਰੂਮ ਦੀ ਖਿੜਕੀ ਤੋਂ ਹੇਠਾ ਛਲਾਂਗ ਲਗਾ ਦਿੱਤੀ| ਉਹਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਨੂੰ ਹੁਣ ਆਈ. ਸੀ. ਯੂ ਵਿੱਚ ਭਰਤੀ ਕੀਤਾ ਗਿਆ ਹੈ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ|