ਆਉਣ ਵਾਲਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਕਿਸਾਨਾਂ ਲਈ ਹੋਵੇਗਾ ਘਾਤਕ : ਬੱਬੀ ਬਾਦਲ

ਆਉਣ ਵਾਲਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਕਿਸਾਨਾਂ ਲਈ ਹੋਵੇਗਾ ਘਾਤਕ  : ਬੱਬੀ ਬਾਦਲ
ਬਾਦਲਾਂ ਦੇ ਕੁਰਸੀ ਮੋਹ ਅਤੇ ਭਾਜਪਾ ਦੇ ਵਪਾਰੀ ਮੋਹ  ਵਿੱਚ ਪਿਸ ਰਹੇ ਹਨ ਕਿਸਾਨ
ਐਸ ਏ ਐਸ ਨਗਰ, 22 ਅਗਸਤ (ਸ.ਬ.) ਕਿਸਾਨਾਂ ਲਈ ਸਤੰਬਰ ਵਿੱਚ ਆਉਣ ਵਾਲਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਘਾਤਕ ਸਾਬਤ ਹੋਵਗਾ ਕਿਉਂਕਿ ਇਸ ਸੈਸ਼ਨ ਵਿੱਚ ਉਸ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਕਾਨੂੰਨ ਬਣਾ ਕੇ ਪੱਕੇ ਤੌਰ ਤੇ ਪਾਸ ਕੀਤਾ ਜਾਵੇਗਾ ਜਿਸ ਨੂੰ ਕਿ ਪਹਿਲਾਂ ਮੋਦੀ ਕੈਬਨਿਟ ਵੱਲੋਂ ਮਨਜੂਰੀ ਦਿੱਤੀ ਜਾ ਚੁੱਕੀ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਕਿਸਾਨਾਂ ਦੇ ਇੱਕ ਵਫਦ ਨਾਲ ਮੀਟਿੰਗ ਕਰਨ ਉਪਰੰਤ ਕੀਤਾ| ਉਹਨਾਂ ਕਿਹਾ ਕਿ ਜੇਕਰ ਇਹ ਬਿੱਲ ਸੰਸਦ ਵਿੱਚ ਕਾਨੂੰਨ ਬਣ ਗਿਆ ਤਾਂ ਇਸ ਨਾਲ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਵਰਗ ਦੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਅਪਣੀ ਮਨਮਰਜ਼ੀ ਨਾਲ ਲੁੱਟ ਕਰਨ ਵਾਸਤੇ ਖੁਲ ਮਿਲ ਜਾਵੇਗੀ ਅਤੇ ਕਿਸਾਨਾਂ ਨੂੰ ਅਪਣੀ ਫਸਲ ਅਤੇ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਪਾਵੇਗਾ ਜਿਸ ਕਾਰਨ ਪਹਿਲਾਂ ਹੀ ਕਰਜੇ ਦੀ ਮਾਰ ਝੱਲ ਰਿਹਾ ਅੰਨਦਾਤਾ ਹੋਰ ਕਰਜੇ ਦੀ ਮਾਰ ਹੇਠਾਂ ਆ                ਜਾਵੇਗਾ|
ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ  ਕਿਸਾਨਾਂ ਅਤੇ ਸੂਬੇ ਦੇ ਅਧਿਕਾਰਾਂ ਦੀ  ਲੜਾਈ ਲੜਨ ਵਾਲੇ ਅਕਾਲੀ ਦਲ ਨੂੰ ਬਾਦਲਾਂ ਨੇ ਹਾਈਜੈਕ ਕਰਕੇ  ਕੁਰਸੀ ਅਤੇ ਵਪਾਰੀ ਮੋਹ ਵਿੱਚ ਕਿਸਾਨ ਵਿਰੋਧੀ ਆਰਡੀਨੈਂਸ ਉਤੇ ਮੋਦੀ ਕੈਬਨਿਟ ਵਿੱਚ ਦਸਤਖਤ ਕਰ ਕੇ ਪਹਿਲਾਂ ਹੀ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ| ਬੱਬੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਬਚਾਉਣ ਲਈ ਸਿਆਸੀ ਪਾਰਟੀ ਅਤੇ ਕਿਸਾਨ ਯੂਨੀਅਨਾਂ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਲੜਾਈ ਲੜਨ ਤਾਂ ਜੋ ਇਸ ਕਿਸਾਨਾਂ ਵਿਰੋਧੀ ਬਿੱਲ ਨੂੰ ਸੰਸਦ ਵਿੱਚ ਪਾਸ ਨਾ ਕਰਵਾਇਆ ਜਾ ਸਕੇ|

Leave a Reply

Your email address will not be published. Required fields are marked *