ਆਉਣ ਵਾਲੀ ਭਿਆਨਕ ਤਬਾਹੀ ਦੇ ਸੰਕੇਤ ਦੇ ਰਿਹਾ ਹੈ ਆਬਾਦੀ ਵਿੱਚ ਹੁੰਦਾ ਲਗਾਤਾਰ ਵਾਧਾ

ਮਨੁੱਖੀ ਫਿਤਰਤ ਹੀ ਅਜਿਹੀ ਹੈ ਕਿ ਉਹ ਸਭ ਕੁੱਝ ਜਾਣਦੇ ਹੋਏ ਵੀ ਉਦੋਂ ਤਕ ਚੇਤੰਨ ਨਹੀਂ ਹੁੰਦਾ ਜਦੋਂ ਤਕ ਖਤਰਾ ਪੂਰੀ ਤਰ੍ਹਾਂ ਸਿਰ ਤੇ ਨਾ ਆ ਜਾਵੇ| ਮਨੁੱਖ ਦੀ ਇਸ ਫਿਤਰਤ ਦਾ ਹੀ ਨਤੀਜਾ ਹੈ ਕਿ ਦੁਨੀਆ ਦੀ ਆਬਾਦੀ 750 ਕਰੋੜ ਤੋਂ ਪਾਰ ਹੋ ਗਈ ਹੈ| ਧਰਤੀ ਤੇ ਆਬਾਦੀ ਲਗਾਤਾਰ ਵੱਧ ਰਹੀ ਹੈ ਅਤੇ ਆਬਾਦੀ ਵਿੱਚ ਹੋ ਰਿਹਾ ਇਹ ਵਾਧਾ ਹੁਣ ਇੰਨਾ ਜਿਆਦਾ ਵੱਧ ਗਿਆ ਹੈ ਕਿ ਇਸ ਵਿੱਚੋਂ ਆਉਣ ਵਾਲੀ ਭਿਆਨਕ ਤਬਾਹੀ ਦੇ ਸੰਕੇਤ ਵੀ ਮਿਲਣ ਲੱਗ ਪਏ ਹਨ| ਸਾਡੇ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਇਹ ਰਫਤਾਰ ਵਿਸ਼ਵ ਦੇ ਹੋਰਨਾਂ ਮੁਲਕਾਂ ਮੁਕਾਬਲੇ ਕਿਤੇ ਜਿਆਦਾ ਹੈ ਅਤੇ ਦੇਸ਼ ਦੀ ਆਬਾਦੀ ਦਾ ਅੰਕੜਾ 130 ਕਰੋੜ ਨੂੰ ਟੱਪ ਚੁੱਕਿਆ ਹੈ|
ਮਾਹਿਰ ਦੱਸਦੇ ਹਨ ਕਿ ਜਿਸ ਹਿਸਾਬ ਨਾਲ ਆਬਾਦੀ ਵਿੱਚ ਵਾਧਾ ਹੋ ਰਿਹਾ ਹੈ ਉਸ ਨਾਲ ਅਗਲੇ 20 ਸਾਲਾਂ ਵਿੱਚ ਦੁਨੀਆ ਦੀ ਆਬਾਦੀ ਵਿੱਚ 100 ਕਰੋੜ ਦਾ ਹੋਰ ਵਾਧਾ ਹੋ ਜਾਵੇਗਾ ਜਿਸ ਵਿੱਚੋਂ 40 ਕਰੋੜ ਦਾ ਵਾਧਾ ਸਿਰਫ ਭਾਰਤ ਵਿੱਚ ਹੀ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ| ਹਾਲਾਂਕਿ ਦੁਨੀਆ ਦੇ ਖੇਤਰਫਲ ਦੇ ਹਿਸਾਬ ਨਾਲ ਭਾਵੇਂ ਇਸ ਆਬਾਦੀ ਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਜਿਹਨਾਂ ਮੁਲਕਾਂ ਵਿੱਚ ਖੇਤਰਫਲ ਦੇ ਹਿਸਾਬ ਨਾਲ ਆਬਾਦੀ ਦੀ ਘਣਤਾ ਘੱਟ ਹੈ ਉੱਥੇ ਆਮ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਰਾਹ ਵਿੱਚ ਕੋਈ ਵੱਡੀ ਰੁਕਾਵਟ ਵੀ ਨਹੀਂ ਹੈ| ਪਰੰਤੂ ਏਸ਼ੀਆ ਮਹਾਦੀਪ (ਜਿੱਥੇ ਦੁਨੀਆ ਦੀ 50 ਫੀਸਦੀ ਤੋਂ ਵੀ ਵੱਧ ਆਬਾਦੀ ਵਸਦੀ ਹੈ) ਵਿੱਚ ਹਾਲਾਤ ਹੁਣੇ ਹੀ ਕਾਬੂ ਤੋਂ ਬਾਹਰ ਹੁੰਦੇ ਦਿਖ ਰਹੇ ਹਨ ਅਤੇ 20 ਸਾਲਾਂ ਬਾਅਦ ਜਦੋਂ ਇਸ ਖਿੱਤੇ ਦੀ ਆਬਾਦੀ ਵਿੱਚ 20 ਫੀਸਦੀ ਹੋਰ ਵਾਧਾ ਹੋ ਜਾਵੇਗਾ ਉਦੋਂ ਹਾਲਾਤ ਕਿਸ ਕਦਰ ਬਦਤਰ ਹੋਣਗੇ ਇਸਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ|
ਵਿਸ਼ਵ ਭਰ ਵਿੱਚ ਲਗਾਤਾਰ ਵੱਧਦੀ ਆਬਾਦੀ ਦਾ ਇਹ ਅੰਕੜਾ ਆਉਣ ਵਾਲੇ ਸਮੇਂ ਦੀ ਜਿਹੜੀ ਤਸਵੀਰ ਪੇਸ਼ ਕਰ ਰਿਹਾ ਹੈ ਉਹ ਬਹੁਤ ਹੀ ਭਿਆਨਕ ਹੈ| ਹਾਲਾਤ ਇਹ ਹਨ ਕਿ ਅੱਜ ਜੰਮਣ ਵਾਲੇ ਬੱਚੇ ਜਦੋਂ ਜਵਾਨ ਹੋਣਗੇ ਤਾਂ ਉਸ ਸਮੇਂ ਤਕ ਦੁਨੀਆ ਦੀ ਆਬਾਦੀ ਦਾ ਅੰਕੜਾ 8 ਅਰਬ ਦੇ ਪਾਰ ਹੋ ਚੁੱਕਿਆ ਹੋਵੇਗਾ ਅਤੇ ਉਸ ਵੇਲੇ ਸਾਡੇ ਦੇਸ਼ ਦੀ ਆਬਾਦੀ ਪੌਣੇ ਦੋ ਅਰਬ ਦੇ ਪਾਰ ਹੋ ਚੁੱਕੀ ਹੋਵੇਗੀ| ਇੰਨੀ ਵੱਡੀ ਆਬਾਦੀ ਲਈ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮਿਲਣੀਆਂ ਬਹੁਤ ਔਖੀਆਂ ਹੋਣਗੀਆਂ ਅਤੇ ਇਸ ਕਾਰਨ ਜਿੱਥੇ ਹਰ ਪਾਸੇ ਭੀੜ ਭੜੱਕਾ, ਧੱਕੇ, ਭੁਖਮਰੀ, ਲੁੱਟਮਾਰ ਅਤੇ ਅਵਿਵਸਥਾ ਨਜਰ ਆਵੇਗੀ ਉੱਥੇ ਹਰ ਪਾਸੇ ਲੁੱਟ ਖਸੁੱਟ ਹੁੰਦੀ ਵੀ ਵਿਖੇਗੀ|
ਦੇਸ਼ ਦੀ ਇੰਨੀ ਵੱਡੀ ਆਬਾਦੀ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨਾ ਸ਼ਾਇਦ ਸਾਡੀ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਵੇਗੀ| ਇਸ ਸੰਬੰਧੀ ਮਾਹਿਰਾਂ ਵਲੋਂ ਵਾਰ ਵਾਰ ਦੁਨੀਆ ਵਿੱਚ ਲਗਾਤਾਰ ਵੱਧਦੀ ਆਬਾਦੀ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਅਤੇ ਲਗਾਤਾਰ ਵੱਧਦੀ ਆਬਾਦੀ ਦਾ ਇਹ ਦਬਾਅ ਇੱਕ ਦਿਨ ਕਿਸੇ ਭਿਆਨਕ ਜਵਾਲਾਮੁਖੀ ਵਾਂਗ ਫਟਣ ਲਈ ਤਿਆਰ ਹੋ ਚੁੱਕਿਆ ਹੈ| ਸਾਡੀ ਇਹ ਧਰਤੀ ਲਗਾਤਾਰ ਵੱਧਦੀ ਆਬਾਦੀ ਦੇ ਇਸ ਬੋਝ ਨੂੰ ਕਦੋਂ ਤਕ ਬਰਦਾਸ਼ਤ ਕਰ ਪਾਏਗੀ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਇਹ ਵੀ ਤੈਅ ਹੈ ਕਿ ਜਿਹਨਾਂ ਹਾਲਾਤਾਂ ਵਿੱਚ ਅਸੀਂ ਖੁਦ ਨੂੰ ਪਹੁੰਚਾ ਚੁੱਕੇ ਹਾਂ ਉਹਨਾਂ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਾ ਹੋਣ ਕਾਰਨ ਇਸ ਭਿਅੰਕਰ ਤਬਾਹੀ ਨੂੰ ਪੂਰੀ ਤਰ੍ਹਾਂ ਰੋਕਿਆ ਵੀ ਨਹੀਂ ਜਾ ਸਕਦਾ ਪਰੰਤੂ ਆਬਾਦੀ ਵਿੱਚ ਵਾਧੇ ਦੀ ਰਫਤਾਰ ਨੂੰ ਘੱਟ ਕਰਕੇ ਇਸਨੂੰ ਕੁੱਝ ਦਹਾਕਿਆਂ ਤਕ ਟਾਲਿਆ ਜਰੂਰ ਜਾ ਸਕਦਾ ਹੈ|
ਸਮੱਸਿਆ ਇਹ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰੀ ਤੰਤਰ ਦੀ ਢਿੱਲੜ ਨੀਤੀ ਕਾਰਨ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਦਿਖਦੀ| ਨਾ ਤਾਂ ਇਸ ਪੱਖੋਂ ਸਰਕਾਰ ਹੀ ਗੰਭੀਰ ਦਿਖਦੀ ਹੈ ਅਤੇ ਨਾ ਹੀ ਸਾਡੇ ਰਾਜਨੇਤਾ ਇਸ ਪਾਸੇ ਧਿਆਨ ਦਿੰਦੇ ਦਿਖਦੇ ਹਨ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਅਗਲੇ ਕੁੱਝ ਸਾਲਾਂ ਵਿੱਚ ਭਾਰਤ ਦੀ ਆਬਾਦੀ ਦਾ ਅੰਕੜਾ ਚੀਨ ਦੀ ਆਬਾਦੀ ਤੋਂ ਵੀ ਵੱਧ ਜਾਣਾ ਹੈ| ਜਾਹਿਰ ਤੌਰ ਤੇ ਆਬਾਦੀ ਦੇ ਇਸ ਧਮਾਕੇ ਦਾ ਸਭ ਤੋਂ ਵੱਧ ਖਤਰਾ ਸਾਡੇ ਸਿਰ ਤੇ ਹੀ ਮੰਡਰਾ ਰਿਹਾ ਹੈ ਅਤੇ ਸੱਤਾਧਾਰੀਆਂ ਵਲੋਂ ਇਸ ਸੰਬੰਧੀ ਅਪਣਾਈ ਗਈ ਬੇਰੁਖੀ ਦੀ ਮਾਰ ਸਾਨੂੰ ਹੀ ਸਹਿਣੀ ਪੈਣੀ ਹੈ|

Leave a Reply

Your email address will not be published. Required fields are marked *